ਪਾਕਿ : ਇਕ ਦਿਨ 'ਚ ਰੀਕਾਰਡ 40 ਮੌਤਾਂ, ਪੀੜਤਾਂ ਦੀ ਗਿਣਤੀ 22 ਹਜ਼ਾਰ ਦੇ ਪਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਪਾਕਿਸਤਾਨ ਵਿਚ ਕੋਰੋਨਾ ਵਾਇਰਸ ਨਾਲ ਪਿਛਲੇ 24 ਘੰਟਿਆਂ ਦੌਰਾਨ ਰੀਕਾਰਡ 40 ਲੋਕਾਂ ਦੀ ਜਾਨ ਚਲੀ ਗਈ। ਇਸ ਦੇ ਇਲਾਵਾ 1,049 ਨਵੇਂ ਮਾਮਲੇ ਸਾਹਮਣੇ ਆਏ।

File Photo

ਇਸਲਾਮਾਬਾਦ, 6 ਮਈ : ਪਾਕਿਸਤਾਨ ਵਿਚ ਕੋਰੋਨਾ ਵਾਇਰਸ ਨਾਲ ਪਿਛਲੇ 24 ਘੰਟਿਆਂ ਦੌਰਾਨ ਰੀਕਾਰਡ 40 ਲੋਕਾਂ ਦੀ ਜਾਨ ਚਲੀ ਗਈ। ਇਸ ਦੇ ਇਲਾਵਾ 1,049 ਨਵੇਂ ਮਾਮਲੇ ਸਾਹਮਣੇ ਆਏ। ਰਾਸ਼ਟਰੀ ਸਿਹਤ ਸੇਵਾ ਮੰਤਰਾਲੇ ਨੇ ਦਸਿਆ ਕਿ ਪੰਜਾਬ ਸੂਬੇ ਵਿਚ ਕੋਰੋਨਾ ਵਾਇਰਸ ਦੇ 8,420 ਮਾਮਲੇ ਹਨ। ਇਸਦੇ ਬਾਅਦ ਸਿੰਧ ਵਿਚ ਕੋਵਿਡ-19 ਦੇ 8,189, ਖੈਬਰ-ਪਖਤੂਨਖਵਾ ਵਿਚ 3,499, ਬਲੋਚਿਸਤਾਨ ਵਿਚ 1,495, ਇਸਲਾਮਾਬਾਦ ਵਿਚ 485, ਗਿਲਗਿਤ-ਬਾਲਟੀਸਤਾਨ ਵਿਚ 386 ਅਤੇ ਮਕਬੂਜ਼ਾ ਕਸ਼ਮੀਰ ਵਿਚ 76 ਮਾਮਲੇ ਹਨ।

ਮੰਤਰਾਲੇ ਨੇ ਦਸਿਆ ਕਿ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਵਾਇਰਸ ਨਾਲ ਰੀਕਾਰਡ 40 ਲੋਕਾਂ ਦੀ ਮੌਤ ਹੋਈ ਹੈ। ਦੇਸ਼ ਵਿਚ ਕੋਵਿਡ-19 ਨਾਲ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 526 ਹੋ ਗਈ ਹੈ। ਬੀਤੇ 24 ਘੰਟਿਆਂ ਵਿਚ ਦੇਸ਼ ਵਿਚ 1,049 ਨਵੇਂ ਮਾਮਲੇ ਸਾਹਮਣੇ ਆਏ ਹਨ ਜਿਸ ਮਗਰੋਂ ਪੀੜਤਾਂ ਦੀ ਗਿਣਤੀ ਵੱਧ ਕੇ 22,413 ਹੋ ਗਈ ਹੈ।

ਦੇਸ਼ ਵਿਚ ਇਸ ਵਾਇਰਸ ਨਾਲ ਬੀਮਾਰ ਹੁਣ ਤਕ 6,217 ਲੋਕ ਠੀਕ ਹੋ ਚੁੱਕੇ ਹਨ। ਪਾਕਿਸਤਾਨ ਵਿਚ ਹੁਣ ਤਕ 232,582 ਨਮੂਨਿਆਂ ਦੀ ਜਾਂਚ ਕੀਤੀ ਗਈ ਹੈ ਜਿਹਨਾਂ ਵਿਚੋਂ ਪਿਛਲੇ 24 ਘੰਟਿਆਂ ਵਿਚ 10,178 ਨਮੂਨਿਆਂ ਦਾ ਪਰੀਖਣ ਕੀਤਾ ਗਿਆ ਹੈ। ਮ੍ਰਿਤਕਾਂ ਦੀ ਗਿਣਤੀ ਵਿਚ ਵਾਧੇ ਦੇ ਬਾਵਜੂਦ ਸੰਘੀ ਸਰਕਾਰ ਲਾਕਡਾਊਨ ਵਿਚ ਰਿਆਇਤ ਦੇਣ 'ਤੇ ਵਿਚਾਰ ਕਰ ਰਹੀ ਹੈ।

ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਸੋਮਵਾਰ ਨੂੰ ਕਿਹਾ ਕਿ ਰਾਸ਼ਟਰ ਪੱਧਰੀ ਲਾਕਡਾਊਨ ਨੂੰ ਹੌਲੀ-ਹੌਲੀ ਹਟਾਇਆ ਜਾਵੇਗਾ ਕਿਉਂਕਿ ਪਾਕਿਸਤਾਨ ਅਣਮਿਥੇ ਸਮੇਂ ਲਈ ਬੰਦ ਬਰਦਾਸ਼ਤ ਨਹੀਂ ਕਰ ਸਕਦਾ। ਇਸ ਵਿਚ ਰੇਲ ਮੰਤਰੀ ਰਾਸ਼ਿਦ ਅਹਿਮਦ ਨੇ ਕਿਹਾ ਕਿ ਟਰੇਨ ਸੇਵਾ 10 ਮਈ ਤੋਂ ਅੰਸ਼ਕ ਰੂਪ ਨਾਲ ਸ਼ੁਰੂ ਕੀਤੀ ਜਾ ਸਕਦੀ ਹੈ ਅਤੇ ਸ਼ੁਰੂਆਤ ਵਿਚ ਕਰੀਬ 40 ਟਰੇਨਾਂ ਦਾ ਸੰਚਾਲਣ ਕੀਤਾ ਜਾ ਸਕਦਾ ਹੈ।
(ਪੀਟੀਆਈ)