100 ਸਾਲ ਪੁਰਾਣੀ ਦਖਣੀ ਅਫ਼ਰੀਕਾ ਦੀ 'ਫ਼ਾਰਮਰਜ਼ ਵੀਕਲੀ' ਮੈਗਜ਼ੀਨ ਬੰਦ ਹੋਣ ਕੰਢੇ
ਕੋਰੋਨਾ ਮਹਾਂਮਾਰੀ ਦਾ ਅਸਰ
ਜੋਹਨਸਨਬਰਗ, 6 ਮਈ: ਦਖਣੀ ਅਫ਼ਰੀਕਾ ਦੀ 100 ਸਾਲ ਤੋਂ ਵੀ ਜ਼ਿਆਦਾ ਪੁਰਾਣੀ 'ਫ਼ਾਰਮਰਜ਼ ਵੀਕਲੀ' ਰਸਾਲੇ ਦੇ ਵੀ ਕੋਰੋਨਾ ਵਾਇਰਸ ਸੰਕਟ 'ਚ ਡੁੱਬ ਜਾਣ ਦਾ ਖ਼ਤਰਾ ਹੈ। ਰਸਾਲਾ ਚਲਾਉਣ ਵਾਲੀ ਕੰਪਨੀ ਇਸ ਨੂੰ ਬਚਾਉਣ ਲਈ ਅਪਣੇ ਕਈ ਹੋਰ ਰਸਾਲਿਆਂ ਦਾ ਪ੍ਰਕਾਸ਼ਨ ਬੰਦ ਕਰਨ ਦਾ ਐਲਾਨ ਕਰ ਚੁੱਕੀ ਹੈ।
ਕੋਰੋਨਾ ਵਾਇਰਸ ਮਹਾਂਮਾਰੀ ਤੋਂ ਦੁਨੀਆਂ ਭਰ 'ਚ ਆਰਥਕ ਤੰਗੀ ਦੇ ਹਾਲਾਤ ਹਨ। ਇਸ਼ਤਿਹਾਰ ਅਤੇ ਪ੍ਰਸਾਰ 'ਚ ਆਈ ਕਮੀ ਨਾਲ ਮੀਡੀਆ ਕੰਪਨੀਆਂ ਦੀ ਆਮਦਨ ਘਟੀ ਹੈ ਅਤੇ ਅਪਣੀ ਮਾਲੀ ਹਾਲਤ ਸੰਭਾਲਣ ਲਈ ਕਈ ਮੀਡੀਆ ਕੰਪਨੀਆਂ ਅਪਣਾ ਪ੍ਰਕਾਸ਼ਨ ਬੰਦ ਕਰ ਰਹੀਆਂ ਹਨ।
ਕੈਕਸਟਨ ਦਖਣੀ ਅਫ਼ਰੀਕਾ ਦੀ ਦੂਜੀ ਅਜਿਹੀ ਕੰਪਨੀ ਹੈ ਜਿਸ ਨੇ ਅਪਣੇ ਕਈ ਪ੍ਰਕਾਸ਼ਨ ਬੰਦ ਕੀਤੇ ਹਨ। ਪਿਛਲੇ ਹਫ਼ਤੇ ਐਸੋਸੀਏਟ ਮੀਡੀਆ ਪਬਲੀਸ਼ਿੰਗ ਨੇ ਵੀ ਅਪਣਾ ਪ੍ਰਕਾਸ਼ਨ ਬੰਦ ਕਰ ਦਿਤਾ ਸੀ। ਕੰਪਨੀ ਦਾ ਕਹਿਣਾ ਹੈ ਕਿ ਉਹ 100 ਸਾਲ ਤੋਂ ਜ਼ਿਆਦਾ ਪੁਰਾਣੀ 'ਫ਼ਾਰਮਰਜ਼ ਵੀਕਲੀ' ਅਤੇ ਹੋਰ ਮਸ਼ਹੂਰ ਰਸਾਲੇ 'ਲਿਵਿੰਗ ਐਂਡ ਲਵਿੰਗ' ਨੂੰ ਬਚਾਉਣ ਦੀ ਕੋਸ਼ਿਸ਼ ਕਰੇਗੀ। ਇਸ ਨੂੰ ਉਹ ਹੋਰ ਪ੍ਰਕਾਸ਼ਕਾਂ ਕੋਲ ਲੈ ਕੇ ਜਾਣ 'ਤੇ ਵਿਚਾਰ ਕਰ ਰਹੀ ਹੈ।
ਕੈਕਸਟਨ ਨੇ ਇਕ ਬਿਆਨ 'ਚ ਕਿਹਾ, ''ਆਮਦਨ 'ਚ ਕਮੀ ਦੀ ਸਥਿਤੀ ਕੋਰੋਨਾ ਦੇ ਲੰਮੇ ਸਮੇਂ 'ਚ ਸੰਭਾਵਤ ਅਸਰਾਂ ਨਾਲ ਹੋਰ ਖ਼ਰਾਬ ਹੋਈ ਹੈ। ਨਾਲ ਹੀ ਵਿਕਰੀ 'ਚ ਗਿਣਤੀ ਦੀ ਕਮੀ ਕਾਰੋਬਾਰ ਨੂੰ ਲਘੂ ਅਤੇ ਲੰਮੇ ਸਮੇਂ 'ਚ ਚਲਾਈ ਰੰਖਣ ਲਈ ਕਾਫ਼ੀ ਨਹੀਂ ਹਨ।'' (ਪੀਟੀਆਈ)