ਅਮਰੀਕਾ ਹੁਣ ਕੋਵਿਡ-19 ਵਿਰੁਧ ਅਗਲੇ ਪੜਾਅ 'ਚ ਹੈ : ਟਰੰਪ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਕਿਹਾ, ਅਸੀਂ ਖ਼ਤਰੇ ਨੂੰ ਪਾਰ ਕਰ ਲਿਐ ਤੇ ਅਣਗਿਣਤ ਅਮਰੀਕੀਆਂ ਦੀ ਜਾਨ ਬਚਾ ਲਈ

File Photo

ਵਾਸ਼ਿੰਗਟਨ, 6 ਮਈ : ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮੰਗਲਵਾਰ ਨੂੰ ਕਿਹਾ ਕਿ ਦੇਸ਼ ਵਿਚ ਕੋਰੋਨਾ ਵਾਇਰਸ ਦਾ ਪ੍ਰਕੋਪ ਘੱਟ ਹੋ ਰਿਹਾ ਹੈ। ਇਹ ਯੁੱਧ ਹੁਣ ਅਗਲੇ ਪੜਾਅ ਵਿਚ ਪਹੁੰਚ ਗਿਆ ਹੈ ਜੋ ਦੇਸ਼ ਨੂੰ ਬਹੁਤ ਹੀ ਸੁਰੱਖਿਅਤ, ਲੜੀਬੱਧ ਤਰੀਕੇ ਨਾਲ ਅਤੇ ਹੌਲੀ-ਹੌਲੀ ਫਿਰ ਤੋਂ ਖੋਲ੍ਹੇਗਾ। ਟਰੰਪ ਨੇ ਫੋਨਿਕਸ ਵਿਚ ਹਨੀਵੇਲ ਇੰਟਰਨੈਸ਼ਨਲ ਵਿਚ ਅਪਣੀ ਟਿੱਪਣੀ ਵਿਚ ਕਿਹਾ,''ਸਾਡੇ ਨਾਗਰਿਕਾਂ ਦੀ ਵਚਨਬੱਧਤਾ ਦੇ ਲਈ ਉਹਨਾਂ ਦਾ ਸ਼ੁਕਰੀਆ। ਅਸੀਂ ਖਤਰੇ ਨੂੰ ਪਾਰ ਕਰ ਲਿਆ ਹੈ ਅਤੇ ਅਣਗਿਣਤ ਅਮਰੀਕੀਆਂ ਦੀ ਜਾਨ ਬਚਾ ਲਈ ਗਈ ਹੈ। ਸਾਡਾ ਦੇਸ਼ ਲੜਾਈ ਦੇ ਅਗਲੇ ਪੜਾਅ ਵਿਚ ਹੈ। ਦੇਸ਼ ਨੂੰ ਬਹੁਤ ਹੀ ਸੁਰੱਖਿਅਤ ਨਾਲ ਅਤੇ ਹੌਲੀ-ਹੌਲੀ ਖੋਲ੍ਹਿਆ ਜਾ ਰਿਹਾ ਹੈ।''

ਅਮਰੀਕਾ ਦੀ ਜਾਨਸ ਹਾਪਕਿਨਜ਼ ਯੂਨੀਵਰਸਿਟੀ ਦੇ ਮੁਤਾਬਕ ਮੰਗਲਵਾਰ ਤਕ ਇਸ ਜਾਨਲੇਵਾ ਵਾਇਰਸ ਨਾਲ 71,000 ਤੋਂ ਵਧੇਰੇ ਅਮਰੀਕੀ ਜਾਨ ਗਵਾ ਚੁੱਕੇ ਹਨ ਅਤੇ 12 ਲੱਖ ਤੋਂ ਵਧੇਰੇ ਲੋਕ ਪ੍ਰਭਾਵਤ ਪਾਏ ਗਏ ਹਨ। ਦੇਸ ਵਿਚ ਪਿਛਲੇ ਇਕ ਹਫ਼ਤੇ ਵਿਚ ਨਵੇਂ ਮਾਮਲੇ ਅਤੇ ਮਰਨ ਵਾਲਿਆਂ ਦੀ ਗਿਣਤੀ ਵਿਚ ਗਿਰਾਵਟ ਆਈ ਹੈ ਜਿਸ ਕਾਰਨ ਟਰੰਪ ਇਹ ਕਹਿ ਪਾਏ ਹਨ ਕਿ ਦੇਸ ਖਤਰੇ ਦੀ ਸਥਿਤੀ ਵਿਚੋਂ ਬਾਹਰ ਨਿਕਲ ਆਇਆ ਹੈ। ਉਹਨਾਂ ਨੇ ਕਿਹਾ ਕਿ ਇਸ ਗਲੋਬਲ ਮਹਾਮਾਰੀ ਨੇ ਅਮਰੀਕਾ ਵਿਚ ਸਪਲਾਈ ਲੜੀ ਬਣਾਈ ਰੱਖਣ ਦੇ ਮਹੱਤਵ ਅਤੇ ਦੇਸ਼ ਵਿਚ ਇਕ ਮਜ਼ਬੂਤ ਘਰੇਲੂ ਨਿਰਮਾਣ ਦਾ ਅਧਾਰ ਬਣਾਉਣ ਦੀ ਮਹੱਤਤਾ ਸਮਝਾ ਦਿਤੀ ਹੈ।

ਟਰੰਪ ਨੇ ਕਿਹਾ,''ਮੈਂ ਲੰਬੇ ਸਮੇਂ ਤੋਂ ਇਸ ਦੇ ਬਾਰੇ ਵਿਚ ਗਲ ਕਰਦਾ ਰਿਹਾ ਹਾਂ। ਅਕਸਰ ਤੁਸੀਂ ਦੇਖੋਗੇ ਕਿ ਕਿਸੇ ਦੂਜੇ ਦੇਸ਼ ਵਿਚ ਅਜਿਹਾ ਪਲਾਂਟ ਕੰਮ ਕਰ ਰਿਹਾ ਹੈ ਜੋ ਤੁਹਾਡੇ ਇਥੇ ਵੀ ਚੱਲ ਸਕਦਾ ਹੈ ਅਤੇ ਤੁਸੀਂ ਇਸ ਨੂੰ ਬਿਹਤਰ ਕਰੋਗੇ।'' ਟਰੰਪ ਨੇ ਕਿਹਾ ਕਿ ਉਹਨਾਂ ਦਾ ਪ੍ਰਸ਼ਾਸਨ ਸਧਾਰਨ ਨਿਯਮਾਂ 'ਤੇ ਭਰੋਸਾ ਰੱਖਦਾ ਹੈ ਮਤਲਬ ਅਮਰੀਕਾ ਵਿਚ ਬਣੀਆਂ ਵਸਤਾਂ ਖਰੀਦੋ ਅਤੇ ਅਮਰੀਕੀਆਂ ਨੂੰ ਭਰਤੀ ਕਰੋ। ਉਹਨਾਂ ਨੇ ਕਿਹਾ,''ਸਾਡੇ ਦੇਸ਼ ਦੇ ਲੋਕ ਯੋਧਾ ਹਨ। ਤੁਹਾਡੀ ਮਦਦ ਨਾਲ ਅਸੀਂ ਵਾਇਰਸ ਨੂੰ ਹਰਾ ਦੇਵਾਂਗੇ ਅਤੇ ਅਮਰੀਕੀ ਦਿਲ, ਅਮਰੀਕੀ ਹੱਥਾਂ, ਅਮਰੀਕੀ ਮਾਣ ਅਤੇ ਅਮਰੀਕੀ ਆਤਮਾ ਦੇ ਨਾਲ ਮਹਾਨ ਅਤੇ ਸਫਲ ਭਵਿੱਖ ਦਾ ਨਿਰਮਾਣ ਕਰਾਂਗੇ।''

ਇਸ ਤੋਂ ਪਹਿਲਾਂ ਅਮਰੀਕਾ ਦੇ ਮੂਲ ਵਸਨੀਕਾਂ ਦੇ ਨਾਲ ਗੱਲਬਾਤ ਵਿਚ ਟਰੰਪ ਨੇ ਕੋਰੋਨਾਵਾਇਰਸ ਨੂੰ ਸਖ਼ਤ ਦੁਸ਼ਮਣ ਦਸਿਆ। ਉਹਨਾਂ ਨੇ ਕਿਹਾ,''ਪਰ ਅਸੀਂ ਜਿੱਤ ਰਹੇ ਹਾਂ ਅਤੇ ਅਪਣੇ ਦੇਸ਼ ਨੂੰ ਫਿਰ ਤੋਂ ਪਟਰੀ 'ਤੇ ਆਉਂਦੇ ਹੋਏ ਦੇਖ ਰਹੇ ਹਾਂ।''  
(ਪੀਟੀਆਈ

ਵ੍ਹਾਈਟ ਹਾਊਸ ਅਰਥ ਵਿਵਸਥਾ ਖੋਲ੍ਹਣ ਵਾਲੇ ਸਮੂਹ ਬਣਾਏਗਾ : ਟਰੰਪ
ਵਾਸ਼ਿੰਗਟਨ, 6 ਮਈ : ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਵ੍ਹਾਈਟ ਹਾਊਸ ਕੋਰੋਨਾ ਵਾਇਰਸ ਟਾਸਕ ਫੋਰਸ ਦੀ ਥਾਂ ਅਰਥ ਵਿਵਸਥਾ ਨੂੰ ਖੋਲ੍ਹਣ ਵਾਲੇ ਸਮੂਹ ਬਣਾਵੇਗਾ। ਟਰੰਪ ਨੇ ਮੰਗਲਵਾਰ ਨੂੰ ਕਿਹਾ, “ਜਿਥੋਂ ਤਕ ਟਾਸਕ ਫੋਰਸ ਦਾ ਸਵਾਲ ਹੈ, ਉਪ ਰਾਸ਼ਟਰਪਤੀ ਮਾਈਕ ਪੇਂਸ ਅਤੇ ਟਾਸਕ ਫੋਰਸ ਨੇ ਬਹੁਤ ਵਧੀਆ ਕੰਮ ਕੀਤਾ ਹੈ ਪਰ ਹੁਣ ਅਸੀਂ ਕੁਝ ਵੱਖਰੇ ਤਰੀਕੇ ਨਾਲ ਇਸ ਨੂੰ ਦੇਖ ਰਹੇ ਹਾਂ।'' ਸੁਰੱਖਿਅਤ ਓਪਨਿੰਗ ਲਈ ਸਾਨੂੰ ਇਕ ਵੱਖਰਾ ਸਮੂਹ ਸਥਾਪਤ ਕਰਨ ਦੀ ਜ਼ਰੂਰਤ ਹੈ।  ਟਰੰਪ ਨੇ ਕਿਹਾ ਕਿ ਪੇਂਸ ਦੀ ਅਗਵਾਈ ਵਾਲੀ ਟਾਸਕ ਫੋਰਸ ਨੇ ਕੋਰੋਨਾ ਵਾਇਰਸ ਦੀ ਸ਼ੁਰੂਆਤ ਤੋਂ ਸਿਹਤ ਦੇ ਮੁੱਦਿਆਂ ਉੱਤੇ ਦੇਸ਼ ਦਾ ਪ੍ਰਭਾਵਸ਼ਾਲੀ ਢੰਗ ਨਾਲ ਮਾਰਗ ਦਰਸ਼ਨ ਕੀਤਾ। ਸੰਭਾਵਨਾ ਹੈ ਕਿ ਅਰਥ ਵਿਵਸਥਾ ਦੇ ਮੁੜ ਖੁੱਲ੍ਹਣ ਦੇ ਨਤੀਜੇ ਵਜੋਂ ਕੁਝ ਮੌਤਾਂ ਹੋਣਗੀਆਂ। ਲੋਕ ਆਪਣੀਆਂ ਨੌਕਰੀਆਂ ਗੁਆ ਰਹੇ ਹਨ। ਅਸੀਂ ਇਨ੍ਹਾਂ ਨੂੰ ਵਾਪਸ ਲਿਆਉਣਾ ਹੈ, ਅਤੇ ਇਹ ਹੀ ਅਸੀਂ ਕਰ ਰਹੇ ਹਾਂ।''(ਏਜੰਸੀਆਂ)