ਸਾਬਕਾ ਪਤੀ ਨੂੰ ਕਿਹਾ ਗੁੱਡਬਾਏ , ਪਹਿਲਾਂ ਬੇਟੇ ਦੇ ਸਿਰ 'ਚ ਮਾਰੀ ਗੋਲੀ ,ਮਗਰੋਂ ਖੁਦ ਵੀ ਕੀਤੀ ਆਤਮ ਹੱਤਿਆ

ਏਜੰਸੀ

ਖ਼ਬਰਾਂ, ਕੌਮਾਂਤਰੀ

32 ਸਾਲਾ ਔਰਤ ਨੇ ਪਹਿਲਾਂ ਆਪਣੇ ਤਿੰਨ ਸਾਲ ਦੇ ਬੇਟੇ ਨੂੰ ਗੋਲੀ ਮਾਰੀ ਅਤੇ ਫਿਰ ਖੁਦਕੁਸ਼ੀ ਕਰ ਲਈ

Woman killed

Texas News : ਅਮਰੀਕਾ ਦੇ ਟੈਕਸਾਸ ਵਿੱਚ ਇੱਕ ਮਹਿਲਾ ਅਤੇ ਉਸਦੇ ਤਿੰਨ ਸਾਲ ਦੇ ਬੇਟੇ ਦੀ ਮੌਤ ਦੀ ਘਟਨਾ ਦਾ ਖੁਲਾਸਾ ਹੋਇਆ ਹੈ। ਪੁਲਿਸ ਅਧਿਕਾਰੀਆਂ ਨੇ ਖੁਲਾਸਾ ਕੀਤਾ ਕਿ 32 ਸਾਲਾ ਔਰਤ ਨੇ ਪਹਿਲਾਂ ਆਪਣੇ ਤਿੰਨ ਸਾਲ ਦੇ ਬੇਟੇ ਨੂੰ ਗੋਲੀ ਮਾਰੀ ਅਤੇ ਫਿਰ ਖੁਦਕੁਸ਼ੀ ਕਰ ਲਈ। ਮਹਿਲਾ ਅਤੇ ਉਸ ਦੇ ਬੇਟੇ ਦੀ ਮੌਤ ਦਾ ਭੇਤ ਉਸ ਦੀ 21 ਸੈਕਿੰਡ ਦੀ ਵੀਡੀਓ ਨੇ ਖੋਲ੍ਹਿਆ ਹੈ। 

ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਔਰਤ ਪਿਛਲੇ ਕੁਝ ਦਿਨਾਂ ਤੋਂ ਮਾਨਸਿਕ ਤਣਾਅ ਤੋਂ ਗੁਜਰ ਰਹੀ ਸੀ ਅਤੇ ਉਸ ਦਾ ਆਪਣੇ ਸਾਬਕਾ ਪਤੀ ਨਾਲ ਤਕਰਾਰ ਚੱਲ ਰਿਹਾ ਸੀ। ਮਰਨ ਤੋਂ ਪਹਿਲਾਂ ਉਸਨੇ ਆਪਣੇ ਪੁੱਤਰ ਤੋਂ ਉਸ ਦੇ ਪਿਤਾ ਨੂੰ ਅਲਵਿਦਾ ਕਹਿਲਾਇਆ ਸੀ। ਫਿਰ ਮੈਸੇਜ ਭੇਜਦੇ ਹੋਏ ਕਿਹਾ ਕਿ ਆਪਣੇ ਪੁੱਤਰ ਨੂੰ ਅਲਵਿਦਾ ਕਹੋ।

'ਦਿ ਨਿਊਯਾਰਕ ਪੋਸਟ' 'ਚ ਛਪੀ ਖਬਰ ਮੁਤਾਬਕ ਔਰਤ ਦਾ ਨਾਂ ਸਵਾਨਾ ਕ੍ਰੀਗਰ ਸੀ। ਉਸ ਨੇ ਪਹਿਲਾਂ ਆਪਣੇ ਤਿੰਨ ਸਾਲ ਦੇ ਬੇਟੇ ਨੂੰ ਗੋਲੀ ਮਾਰ ਕੇ ਮਾਰ ਦਿੱਤਾ ਅਤੇ ਫਿਰ ਪਿਸਤੌਲ ਨਾਲ ਖੁਦ ਨੂੰ ਗੋਲੀ ਮਾਰ ਲਈ। ਇਹ ਦੁਖਦਾਈ ਘਟਨਾ 19 ਮਾਰਚ ਨੂੰ ਸੈਨ ਐਂਟੋਨੀਓ ਦੇ ਇੱਕ ਪਾਰਕ ਵਿੱਚ ਵਾਪਰੀ ਸੀ। ਕ੍ਰੀਗਰ ਅਤੇ ਉਸਦਾ ਪੁੱਤਰ ਕੈਡੇਨ ਸਿਰ 'ਤੇ ਗੋਲੀ ਲੱਗਣ ਕਾਰਨ ਮ੍ਰਿਤਕ ਪਾਏ ਗਏ ਹਨ।

ਪੁਲਿਸ ਅਧਿਕਾਰੀ ਕਈ ਹਫ਼ਤਿਆਂ ਤੋਂ ਕਤਲ-ਆਤਮਹੱਤਿਆ ਦੇ ਆਲੇ-ਦੁਆਲੇ ਦੇ ਹਾਲਾਤਾਂ ਦੀ ਜਾਂਚ ਕਰ ਰਹੇ ਸਨ। ਹਾਲਾਂਕਿ ਮਹਿਲਾ ਦੇ ਆਪਣੇ ਸਾਬਕਾ ਪਤੀ ਨੂੰ ਭੇਜੇ ਗਏ ਆਖਰੀ ਮੈਸੇਜ ਨੇ ਇਸ ਗੱਲ ਦਾ ਖੁਲਾਸਾ ਕੀਤਾ ਹੈ। ਪੁਲਿਸ ਅਨੁਸਾਰ ਕ੍ਰੀਗਰ ਆਪਣੀ ਮੌਤ ਤੋਂ ਪਹਿਲਾਂ ਪਰੇਸ਼ਾਨ ਕਰਨ ਵਾਲੇ ਵਿਵਹਾਰ ਕਰ ਰਹੀ ਸੀ। ਉਸਨੇ ਆਪਣੇ ਸਾਬਕਾ ਪਤੀ ਨੂੰ ਧਮਕੀ ਭਰੇ ਵੀਡੀਓ ਅਤੇ ਟੈਕਸਟ ਭੇਜੇ।

ਰਿਪੋਰਟ ਮੁਤਾਬਕ ਕ੍ਰੀਗਰ ਨੇ 18 ਮਾਰਚ ਦੀ ਦੁਪਹਿਰ ਨੂੰ ਆਪਣੀ ਨੌਕਰੀ ਤੋਂ ਅਸਤੀਫਾ ਦੇ ਦਿੱਤਾ ਅਤੇ ਸਿੱਧਾ ਆਪਣੇ ਸਾਬਕਾ ਪਤੀ ਦੇ ਘਰ ਚਲੀ ਗਈ। ਹਾਲਾਂਕਿ ਇਸ ਦੌਰਾਨ ਉਹ ਆਪਣੇ ਕੰਮ 'ਤੇ ਗਿਆ ਹੋਇਆ ਸੀ। ਕ੍ਰੀਗਰ ਆਪਣੇ ਸਾਬਕਾ ਪਤੀ ਦੀ ਰਿਹਾਇਸ਼ ਦੀ ਭੰਨਤੋੜ ਕਰਨ ਤੋਂ ਬਾਅਦ ਆਪਣੇ ਘਰ ਪਰਤ ਆਈ। ਘਰ ਦੀ ਤਲਾਸ਼ੀ ਦੌਰਾਨ ਜਾਂਚਕਰਤਾਵਾਂ ਨੂੰ ਕ੍ਰੀਗਰ ਦੇ ਵਿਆਹ ਦੀ ਪੋਸ਼ਾਕ ਅਤੇ  ਬਿਸਤਰੇ 'ਤੇ ਰੱਖੀਆਂ ਤਸਵੀਰਾਂ ਮਿਲੀਆਂ।

ਕ੍ਰੀਗਰ ਨੇ ਮਰਨ ਤੋਂ ਪਹਿਲਾਂ ਕਿਹਾ, "ਹੁਣ ਮੇਰੇ ਕੋਲ ਘਰ ਵਿੱਚ ਰਹਿਣ ਲਈ ਕੁਝ ਨਹੀਂ ਹੈ।" ਇਸ ਤੋਂ ਬਾਅਦ ਉਸ ਦੇ ਸਾਬਕਾ ਪਤੀ ਨੂੰ  ਆਖਰੀ ਮੈਸੇਜ 'ਚ ਲਿਖਿਆ ਸੀ , "ਆਪਣੇ ਬੇਟੇ ਨੂੰ ਅਲਵਿਦਾ ਕਹੋ।" 21 ਸੈਕਿੰਡ ਦੇ ਵੀਡੀਓ ਵਿੱਚ ਕ੍ਰੀਗਰ ਅਤੇ ਉਸਦਾ ਪੁੱਤਰ ਪਾਰਕ ਵਿੱਚ ਇੱਕ ਖਾਈ ਵਿੱਚ ਬੈਠੇ ਦਿਖਾਈ ਦਿੰਦੇ ਹਨ, ਜਿੱਥੇ ਬਾਅਦ ਵਿੱਚ ਉਨ੍ਹਾਂ ਦੀਆਂ ਲਾਸ਼ਾਂ ਮਿਲੀਆਂ।