ਇੰਗਲੈਂਡ ਵਿਚ ਨਫ਼ਰਤੀ ਹਿੰਸਾ ਗੁਰਦਵਾਰੇ ਤੇ ਮਸਜਿਦ 'ਚ ਲਗਾਈ ਅੱਗ

ਏਜੰਸੀ

ਖ਼ਬਰਾਂ, ਕੌਮਾਂਤਰੀ

ਇੰਗਲੈਂਡ ਵਿਚ ਅੱਜ ਨਫ਼ਰਤੀ ਹਿੰਸਾ ਦੀਆਂ ਦੋ ਵੱਖ-ਵੱਖ ਘਟਨਾਵਾਂ ਵਾਪਰੀਆਂ। ਕੁੱਝ ਸ਼ਰਾਰਤੀ ਲੋਕਾਂ ਨੇ ਗੁਰਦਵਾਰੇ ਅਤੇ ਮਸਜਿਦ ਦੇ ਦਰਵਾਜ਼ਿਆਂ ਨੂੰ ਅੱਗ ਦੇ ...

Police inspecting at fire Scene

ਲੰਦਨ, ਇੰਗਲੈਂਡ ਵਿਚ ਅੱਜ ਨਫ਼ਰਤੀ ਹਿੰਸਾ ਦੀਆਂ ਦੋ ਵੱਖ-ਵੱਖ ਘਟਨਾਵਾਂ ਵਾਪਰੀਆਂ। ਕੁੱਝ ਸ਼ਰਾਰਤੀ ਲੋਕਾਂ ਨੇ ਗੁਰਦਵਾਰੇ ਅਤੇ ਮਸਜਿਦ ਦੇ ਦਰਵਾਜ਼ਿਆਂ ਨੂੰ ਅੱਗ ਦੇ ਹਵਾਲੇ ਕਰ ਦਿਤਾ ਜਿਸ ਕਾਰਨ ਸਿੱਖਾਂ ਅਤੇ ਮੁਸਲਮਾਨਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਅਤੇ ਪੁਲਿਸ ਇਨ੍ਹਾਂ ਘਟਨਾਵਾਂ ਨੂੰ ਨਫ਼ਰਤੀ ਹਿੰਸਾ ਵਜੋਂ ਵੇਖ ਰਹੀ ਹੈ। 

ਪਹਿਲੀ ਘਟਨਾ ਬੀਸਟਨ ਦੀ ਹਾਰਡੀ ਸਟ੍ਰੀਟ ਵਿਖੇ ਵਾਪਰੀ ਜਿਥੇ ਸਵੇਰੇ ਲਗਭਗ ਪੌਣੇ ਚਾਰ ਵਜੇ ਕੁੱਝ ਸ਼ਰਾਰਤੀ ਲੋਕਾਂ ਨੇ 'ਜਾਮਾ ਮਸਜਿਦ ਅਬੂ ਹੁਰੈਰਾ ਮਾਸਕਿਊ' ਦੇ ਇਕ ਦਰਵਾਜ਼ੇ ਨੂੰ ਅੱਗ ਲਗਾ ਦਿਤੀ। ਇਸ ਘਟਨਾ ਤੋਂ ਕੁੱਝ ਸਮੇਂ ਬਾਅਦ ਹੀ ਲੈਡੀ ਪਿਟ ਲੇਨ ਵਿਚ ਸਥਿਤ ਗੁਰੂ ਨਾਨਕ ਨਿਸ਼ਕਾਮ ਸੇਵਕ ਜੱਥਾ ਗੁਰਦਵਾਰੇ ਦੇ ਵੀ ਇਕ ਦਰਵਾਜ਼ੇ ਨੂੰ ਅੱਗ ਲਗਾ ਦਿਤੀ। 

ਸਿੱਖ ਪ੍ਰੈੱਸ ਐਸੋਸ਼ੀਏਸ਼ਨ ਨੇ ਕਿਹਾ ਕਿ ਕੁੱਝ ਲੋਕਾਂ ਨੇ ਗੁਰਦਵਾਰੇ ਦੇ ਦਰਵਾਜ਼ੇ ਕੋਲ ਪਟਰੌਲ ਦੀ ਭਰੀ ਹੋਈ ਬੋਤਲ ਸੁੱਟੀ ਅਤੇ ਦਰਵਾਜ਼ੇ ਨੂੰ ਅੱਗ ਲੱਗਣ ਕਾਰਨ ਧੂੰਆਂ ਫੈਲ ਗਿਆ। ਇਸ ਤੋਂ ਬਾਅਦ ਸਥਾਨਕ ਲੋਕਾਂ ਨੇ ਫ਼ਾÂਰਿ ਬ੍ਰਿਗੇਡ ਅਤੇ ਪੁਲਿਸ ਨੂੰ ਫੋਨ 'ਤੇ ਇਸ ਘਟਨਾ ਦੀ ਜਾਣਕਾਰੀ ਦਿਤੀ ਜਿਸ ਤੋਂ ਬਾਅਦ ਫ਼ਾਇਰ ਬਿਗ੍ਰੇਡ ਨੇ ਮੌਕੇ 'ਤੇ ਪੁੱਜ ਕੇ ਅੱਗ 'ਤੇ ਕਾਬੂ ਪਾ ਲਿਆ। ਪੁਲਿਸ ਅਧਿਕਾਰੀ ਨੇ ਕਿਹਾ ਕਿ ਉਹ ਇਨ੍ਹਾਂ ਦੋਹਾਂ ਘਟਨਾਵਾਂ ਨੂੰ ਨਫ਼ਰਤੀ ਹਿੰਸਾ ਵਜੋਂ ਵੇਖ ਰਹੇ ਹਨ ਅਤੇ ਇਨ੍ਹਾਂ ਦੋਹਾਂ ਘਟਨਾਵਾਂ ਵਿਚ ਸਿਰਫ਼ ਕੁੱਝ ਮਿੰਟਾਂ ਦਾ ਹੀ ਫ਼ਰਕ ਸੀ।

ਉਨ੍ਹਾਂ ਕਿਹਾ ਕਿ ਪੁਲਿਸ ਦੀ ਜਾਂਚ ਹਾਲੇ ਸ਼ੁਰੂਆਤੀ ਗੇੜ ਵਿਚ ਹੈ ਅਤੇ ਉਮੀਦ ਹੈ ਕਿ ਛੇਤੀ ਹੀ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਪੁਲਿਸ ਅਜਿਹੀਆਂ ਘਟਨਾਵਾਂ ਨੂੰ ਕਾਫ਼ੀ ਗੰਭੀਰਤਾ ਨਾਲ ਲੈਂਦੀ ਹੈ।  ਅਤੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਕੇ ਸਖ਼ਤ ਤੋਂ ਸਖ਼ਤ ਸਜ਼ਾ ਦਿਵਾਉਣ ਦੀ ਪੂਰੀ ਕੋਸ਼ਿਸ਼ ਕੀਤੀ ਜਾਵੇਗੀ।  ਗੁਰਦਵਾਰੇ ਦੇ ਪ੍ਰਬੰਧਕਾਂ ਨੇ ਕਿਹਾ ਕਿ ਇਸ ਮੁੱਦੇ ਨੂੰ ਲੈ ਕੇ ਉਨ੍ਹਾਂ ਪੁਲਿਸ ਨਾਲ ਹੰਗਾਮੀ ਮੀਟਿੰਗ ਕੀਤੀ ਹੈ ਅਤੇ ਪੁਲਿਸ ਨੇ ਉਨ੍ਹਾਂ ਨੂੰ ਭਰੋਸਾ ਦਿਤਾ ਹੈ ਕਿ ਇਨ੍ਹਾਂ ਖੇਤਰਾਂ ਵਿਚ ਪੁਲਿਸ ਦੀ ਗਸ਼ਤ ਨੂੰ ਹੋਰ ਵਧਾ ਦਿਤਾ ਜਾਵੇਗਾ ਤਾਕਿ ਅਜਿਹੀਆਂ ਮੰਦਭਾਗੀਆਂ ਘਟਨਾਵਾਂ ਨਾ ਵਾਪਰ ਸਕਣ।   (ਪੀ.ਟੀ.ਆਈ.)