ਓਮਾਨ-ਦੁਬਈ ਬੱਸ ਹਾਦਸੇ ਵਿਚ ਅੱਠ ਭਾਰਤੀਆਂ ਸਮੇਤ 17 ਲੋਕਾਂ ਦੀ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਯੂਏਈ ਵਿਚ ਓਮਾਨ ਤੋਂ ਆ ਰਹੀ ਬੱਸ ਦੇ ਹਾਸਦਾਗ੍ਰਸਤ ਹੋਣ ਦੇ ਨਾਲ ਘੱਟੋ ਘੱਟ 17 ਲੋਕਾਂ ਦੀ ਮੌਤ ਹੋ ਗਈ ਹੈ।

Oman-Dubai bus accident

ਦੁਬਈ: ਯੂਏਈ ਵਿਚ ਓਮਾਨ ਤੋਂ ਆ ਰਹੀ ਬੱਸ ਦੇ ਹਾਸਦਾਗ੍ਰਸਤ ਹੋਣ ਦੇ ਨਾਲ ਘੱਟੋ ਘੱਟ 17 ਲੋਕਾਂ ਦੀ ਮੌਤ ਹੋ ਗਈ ਹੈ। ਮਰਨ ਵਾਲਿਆਂ ਵਿਚ ਕਰੀਬ ਅੱਠ ਲੋਕ ਭਾਰਤੀ ਹਨ। ਇਸ ਗੱਲ ਦੀ ਜਾਣਕਾਰੀ ਸ਼ੁੱਕਰਵਾਰ ਨੂੰ ਭਾਰਤੀ ਅੰਬੈਸੀ ਨੇ ਦਿੱਤੀ। ਭਾਰਤੀ ਅੰਬੈਸੀ ਨੇ ਕਿਹਾ ਕਿ, ‘ਦੁੱਖ ਦੇ ਨਾਲ ਇਹ ਸੂਚਿਤ ਕਰ ਰਿਹਾ ਹਾਂ ਕਿ ਸਥਾਨਕ ਅਧਿਕਾਰੀਆਂ ਮੁਤਾਬਕ ਹੁਣ ਤੱਕ ਦੁਬਈ ਬੱਸ ਹਾਦਸੇ ਵਿਚ ਅੱਠ ਭਾਰਤੀਆਂ ਦੀ ਮੌਤ ਹੋ ਗਈ ਹੈ’।

 


 

ਅੰਬੈਸੀ ਨੇ ਕੁਝ ਮ੍ਰਿਤਕਾਂ ਦੇ ਪਰਿਵਾਰਾਂ ਨਾਲ ਸੰਪਰਕ ਕਰ ਲਿਆ ਹੈ। ਇਸ ਦੇ ਨਾਲ ਹੀ ਅੰਬੈਸੀ ਕੁਝ ਮ੍ਰਿਤਕਾਂ ਬਾਰੇ ਜਾਣਕਾਰੀ ਹਾਸਿਲ ਕਰ ਰਹੀ ਹੈ। ਓਮਨ ਦੀ ਸਰਕਾਰੀ ਬੱਸ ਕੰਪਨੀ ਵਾਸਾਲਾਤ ਨੇ ਕਿਹਾ ਕਿ ਇਹ ਹਾਦਸਾ ਮਸਕਟ ਤੋਂ ਦੁਬਈ ਦੇ ਰਾਸਤੇ ਵਿਚ ਵੀਰਵਾਰ ਨੂੰ ਸ਼ਾਮ ਛੇ ਵਜੇ ਹੋਇਆ ਹੈ। ਨਿਊਜ਼ ਏਜੰਸੀ ਨੇ ਇਕ ਅਧਿਕਾਰੀ ਦਾ ਹਵਾਲਾ ਦਿੰਦਿਆਂ ਦੱਸਿਆ ਹੈ ਕਿ ਮਰਨ ਵਾਲਿਆਂ ਦੀ ਗਿਣਤੀ ਹੋਰ ਵਧ ਸਕਦੀ ਹੈ ਕਿਉਂਕਿ ਅੱਠ ਲਾਸ਼ਾਂ ਦੀ ਪਹਿਚਾਣ ਨਹੀਂ ਹੋ ਸਕੀ ਹੈ।

ਇਸ ਦੇ ਨਾਲ ਹੀ ਚਾਰ ਭਾਰਤੀਆਂ ਨੂੰ ਇਲਾਜ ਤੋਂ ਬਾਅਦ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ ਜਦਕਿ ਤਿੰਨ ਦਾ ਰਾਸ਼ਿਦ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ। ਦੁਬਈ ਵਿਚ ਪੁਲਿਸ ਨੇ ਸ਼ੁੱਕਰਵਾਰ ਨੂੰ ਇਹ ਐਲਾਨਿਆ ਹੈ ਕਿ ਮਰਨ ਵਾਲਿਆਂ ਦੀ ਗਿਣਤੀ ਹੋਰ ਜ਼ਿਆਦਾ ਹੋ ਸਕਦੀ ਹੈ। ਉਹਨਾਂ ਦੱਸਿਆ ਕਿ ਇਹ ਬੱਸ ਸ਼ੇਖ ਮੁਹੰਮਦ ਬਿਨ ਜਾਇਦ ਰੋਡ ਦੇ ਸਾਈਨ ਬੋਰਡ ਨਾਲ ਟਕਰਾ ਗਈ ਸੀ।