ਅਟਲਾਂਟਾ : ਗੋਲੀਬਾਰੀ ਵਿਚ 8 ਸਾਲ ਦੀ ਬੱਚੀ ਦੀ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਅਟਲਾਂਟਾ ਵਿਚ ਹਾਲ ਹੀ ਦੇ ਵਿਰੋਧ ਪ੍ਰਦਰਸ਼ਨਾਂ ਦੀ ਸ਼ੁਰੂਆਤ ਦਾ ਕੇਂਦਰ ਰਹੇ ਇਕ ਸਥਾਨ ਦੇ ਨੇੜਿਉ ਲੰਘ ਰਹੀ ਕਾਰ 'ਤੇ ਹੋਈ ਗੋਲੀਬਾਰੀ

File Photo

ਅਟਲਾਂਟਾ, 6 ਜੁਲਾਈ : ਅਟਲਾਂਟਾ ਵਿਚ ਹਾਲ ਹੀ ਦੇ ਵਿਰੋਧ ਪ੍ਰਦਰਸ਼ਨਾਂ ਦੀ ਸ਼ੁਰੂਆਤ ਦਾ ਕੇਂਦਰ ਰਹੇ ਇਕ ਸਥਾਨ ਦੇ ਨੇੜਿਉ ਲੰਘ ਰਹੀ ਕਾਰ 'ਤੇ ਹੋਈ ਗੋਲੀਬਾਰੀ ਵਿਚ 8 ਸਾਲ ਦੀ ਬੱਚੀ ਦੀ ਮੌਤ ਬੀਤੀ 4 ਜੁਲਾਈ ਨੂੰ ਹੋ ਗਈ। ਹਥਿਆਰਾਂ ਨਾਲ ਲੈਸ ਘੱਟੋ-ਘਟ 2 ਲੋਕਾਂ ਨੇ ਕਾਰ 'ਤੇ ਗੋਲੀ ਚਲਾਈ ਸੀ। ਪੁਲਿਸ ਨੇ ਬੱਚੀ ਦੀ ਪਛਾਣ ਸਿਕੋਰੀਆ ਟਰਨਰ ਦੇ ਰੂਪ ਵਿਚ ਕੀਤੀ ਹੈ।  

ਅਟਲਾਂਟਾ ਦੀ ਮੇਅਰ ਕਿਸ਼ਾ ਲਾਂਸ ਬਾਟਮਸ ਨੇ ਐਤਵਾਰ ਨੂੰ ਇਕ ਭਾਵਨਾਤਮਕ ਪੱਤਰਕਾਰ ਸੰਮੇਲਨ ਵਿਚ ਸੋਗ ਵਿਚ ਬੈਠੀ ਬੱਚੀ ਦੀ ਮਾਂ ਦੇ ਨੇੜੇ ਬੈਠ ਕੇ ਪੀੜਤਾ ਲਈ ਨਿਆਂ ਦੀ ਮੰਗ ਕੀਤੀ। ਇਹ ਘਟਨਾ ਵੇਂਡੀ ਰੈਸਰੋਰੈਂਟ ਦੇ ਨੇੜੇ ਵਾਪਰੀ। ਇਹ ਉਹੀ ਸਥਾਨ ਹੈ ਜਿਥੇ 12 ਜੂਨ ਨੂੰ ਅਫ਼ਰੀਕੀ-ਅਮਰੀਕੀ ਵਿਅਕਤੀ ਰੇਸ਼ਾਰਡ ਬਰੁਕਸ ਦੀ ਹਤਿਆ ਅਟਲਾਂਟਾ ਦੇ ਇਕ ਪੁਲਿਸ ਅਧਿਕਾਰੀ ਨੇ ਕਰ ਦਿਤੀ ਸੀ।

ਇਸ ਤੋਂ ਬਾਅਦ ਇਸ ਰੈਸਟੋਰੈਟ ਨੂੰ ਸਾੜ ਦਿਤਾ ਗਿਆ ਅਤੇ ਇਲਾਕਾ ਪੁਲਿਸ ਬੇਰਹਿਮੀ ਵਿਰੁਧ ਲਗਾਤਾਰ ਵਿਰੋਧ ਪ੍ਰਦਰਸ਼ਨ ਦਾ ਕੇਂਦਰ ਬਣ ਗਿਆ।   ਅਧਿਕਾਰੀਆਂ ਨੇ ਕਿਹਾ ਕਿ ਇਸ ਖੇਤਰ ਵਿਚ ਗੈਰ ਕਾਨੂੰਨੀ ਤੌਰ 'ਤੇ ਰਖੀਆਂ ਗਈਆਂ ਰੁਕਾਵਟਾਂ ਵਿਚੋਂ ਬੱਚੀ ਦੀ ਮਾਂ ਨੇ ਲੰਘਣ ਦੀ ਕੋਸ਼ਿਸ਼ ਕੀਤੀ ਅਤੇ ਉਸੇ ਸਮੇਂ ਸਨਿਚਰਵਾਰ ਰਾਤ ਨੂੰ ਗੱਡੀ 'ਤੇ ਗੋਲੀਆਂ ਚਲਾਈਆਂ ਗਈਆਂ।

ਅਟਲਾਂਟਾ ਜਰਨਲ ਕੰਸਟੀਟਿਊਸ਼ਨ ਮੁਤਾਬਕ ਮੇਅਰ ਨੇ ਕਿਹਾ,''ਤੁਸੀਂ ਗੋਲੀਆਂ ਚਲਾਈਆਂ ਅਤੇ 8 ਸਾਲ ਦੀ ਬੱਚੀ ਨੂੰ ਮਾਰ ਦਿਤਾ। ਇਥੇ ਸਿਰਫ ਇਕ ਗੋਲੀ ਚਲਾਉਣ ਵਾਲਾ ਨਹੀਂ ਸੀ ਸਗੋਂ ਘੱਟੋ-ਘਟ 2 ਲੋਕ ਸਨ।'' ਪੁਲਿਸ ਨੇ ਕਿਹਾ ਹੈ ਕਿ ਲੋਕਾਂ 'ਤੇ ਗੋਲੀਬਾਰੀ ਕਰਨ ਵਾਲਿਆਂ ਦੀ ਪਛਾਣ ਲਈ ਮਦਦ ਲਈ ਜਾ ਰਹੀ ਹੈ। (ਪੀਟੀਆਈ)