ਅਸਾਂਜੇ ਦੇ ਹਵਾਲਗੀ ਮਾਮਲੇ ਦੀ ਲੰਡਨ 'ਚ ਸੁਣਵਾਈ ਸ਼ੁਰੂ

ਏਜੰਸੀ

ਖ਼ਬਰਾਂ, ਕੌਮਾਂਤਰੀ

ਅਸਾਂਜੇ ਦੇ ਹਵਾਲਗੀ ਮਾਮਲੇ ਦੀ ਲੰਡਨ 'ਚ ਸੁਣਵਾਈ ਸ਼ੁਰੂ

image

ਲੰਡਨ, 7 ਸਤੰਬਰ : ਵਿਕੀਲੀਕਸ ਦੇ ਸੰਸਥਾਪਕ ਜੂਲੀਅਨ ਅਸਾਂਜੇ ਦੇ ਹਵਾਲਗੀ ਮਾਮਲੇ ਦੀ ਸੁਣਵਾਈ ਲੰਡਨ ਦੀ ਅਦਾਲਤ ਵਿਚ ਸੋਮਵਾਰ ਤੋਂ ਸ਼ੁਰੂ ਹੋ ਗਈ। ਅਮਰੀਕਾ ਨੇ ਜਾਸੂਸੀ ਮਾਮਲੇ ਵਿਚ ਉਨ੍ਹਾਂ ਦੀ ਹਵਾਲਗੀ ਮੰਗੀ ਹੈ। ਅਮਰੀਕੀ ਵਕੀਲਾਂ ਨੇ ਉਨ੍ਹਾਂ 'ਤੇ ਇਹ ਦੋਸ਼ ਲਗਾਏ ਹਨ ਕਿ ਉਨ੍ਹਾਂ ਨੇ ਸਰਕਾਰੀ ਕੰਪਿਊਟਰਾਂ ਨੂੰ ਹੈਕ ਕਰਨ ਦੀ ਸਾਜ਼ਿਸ਼ ਰਚੀ ਅਤੇ ਗੁਪਤ ਦਸਤਾਵੇਜ਼ ਜਾਰੀ ਕਰਨ ਸਬੰਧੀ ਜਾਸੂਸੀ ਕਾਨੂੰਨ ਦੀ ਉਲੰਘਣਾ ਕੀਤੀ। ਅਮਰੀਕਾ ਚਾਹੁੰਦਾ ਹੈ ਕਿ ਦੇਸ਼ ਵਿਚ ਲਿਆ ਕੇ ਉਨ੍ਹਾਂ 'ਤੇ ਇਨ੍ਹਾਂ ਅਪਰਾਧਿਕ ਦੋਸ਼ਾਂ 'ਤੇ ਮੁਕੱਦਮਾ ਚਲਾਇਆ ਜਾਵੇ। ਇਨ੍ਹਾਂ ਦੋਸ਼ਾਂ ਦੇ ਸਾਬਤ ਹੋਣ 'ਤੇ ਵੱਧ ਤੋਂ ਵੱਧ 175 ਸਾਲ ਤਕ ਜੇਲ੍ਹ ਦੀ ਸਜ਼ਾ ਹੋ ਸਕਦੀ ਹੈ।

image

ਆਸਟ੍ਰੇਲੀਆ 'ਚ ਜਨਮੇ 49 ਸਾਲਾਂ ਦੇ ਅਸਾਂਜੇ ਸੋਮਵਾਰ ਦੀ ਸੁਣਵਾਈ ਵਿਚ ਪੁੱਜੇ ਅਤੇ ਅਮਰੀਕਾ ਨੂੰ ਹਵਾਲਗੀ ਤੋਂ ਇਨਕਾਰ ਕੀਤੇ ਜਾਣ ਦੀ ਮੰਗ ਕੀਤੀ। ਉਨ੍ਹਾਂ ਇਹ ਵੀ ਕਿਹਾ ਕਿ ਉਨ੍ਹਾਂ ਵਿਰੁਧ ਦੋਸ਼ ਰਾਜਨੀਤੀ ਤੋਂ ਪ੍ਰਰੇਰਿਤ ਹਨ। ਉਨ੍ਹਾਂ ਦੇ ਵਕੀਲਾਂ ਨੇ ਇਹ ਦਲੀਲ ਦਿਤੀ ਕਿ ਅਮਰੀਕਾ ਵਿਚ ਨਿਰਪੱਖ ਸੁਣਵਾਈ ਦੀ ਉਮੀਦ ਨਹੀਂ ਹੈ। ਅਸਾਂਜੇ ਨੂੰ ਜੇਕਰ ਅਮਰੀਕਾ ਭੇਜਿਆ ਗਿਆ ਤਾਂ ਉਨ੍ਹਾਂ ਦੀ ਆਤਮ ਹੱਤਿਆ ਦਾ ਖ਼ਤਰਾ ਹੋਵੇਗਾ। ਅਸਾਂਜੇ ਦੀ ਹਵਾਲਗੀ ਦੇ ਇਸ ਮਾਮਲੇ ਦੀ ਸੁਣਵਾਈ ਇਸ ਸਾਲ ਫ਼ਰਵਰੀ ਵਿਚ ਸ਼ੁਰੂ ਹੋਣੀ ਸੀ ਪ੍ਰੰਤੂ ਕੋਰੋਨਾ ਮਹਾਂਮਾਰੀ ਕਾਰਨ ਇਸ ਨੂੰ ਟਾਲ ਦਿਤਾ ਗਿਆ ਸੀ। ਉਹ ਇਸ ਸਮੇਂ ਲੰਡਨ ਦੀ ਇਕ ਜੇਲ੍ਹ ਵਿਚ ਹੈ। ਅਸਾਂਜੇ ਸਾਲ 2010 ਵਿਚ ਉਸ ਸਮੇਂ ਸੁਰਖੀਆਂ ਵਿਚ ਆ ਗਏ ਸਨ ਜਦੋਂ ਵਿਕੀਲੀਕਸ ਨੇ ਅਮਰੀਕੀ ਫ਼ੌਜ ਦੇ ਕਈ ਗੁਪਤ ਦਸਤਾਵੇਜ਼ ਜਾਰੀ ਕੀਤੇ ਸਨ।