Sweden News : ਸਵੀਡਨ ਨੇ 2 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਸਕ੍ਰੀਨ ਦੀ ਵਰਤੋਂ ’ਤੇ ਲਗਾਈ ਪਾਬੰਦੀ
2 ਤੋਂ 5 ਸਾਲ ਦੀ ਉਮਰ ਦੇ ਬੱਚੇ ਦਿਨ ਵਿਚ ਵੱਧ ਤੋਂ ਵੱਧ ਇਕ ਘੰਟੇ ਲਈ ਸਕ੍ਰੀਨ ਦੀ ਵਰਤੋਂ ਕਰ ਸਕਦੇ ਹਨ
Sweden News : ਸਵੀਡਨ ਨੇ ਦੋ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੇ ਸਕ੍ਰੀਨ ਦੀ ਵਰਤੋਂ ਕਰਨ ’ਤੇ ਪਾਬੰਦੀ ਲਗਾ ਦਿਤੀ ਗਈ ਹੈ। ਸਰਕਾਰ ਵਲੋਂ ਜਾਰੀ ਸਲਾਹ ’ਚ ਸਪੱਸ਼ਟ ਕੀਤਾ ਗਿਆ ਹੈ ਕਿ ਬੱਚਿਆਂ ਨੂੰ ਟੀ.ਵੀ. ਅਤੇ ਮੋਬਾਈਲ ਫੋਨ ਸਮੇਤ ਕਿਸੇ ਵੀ ਸਕ੍ਰੀਨ ਦੀ ਵਰਤੋਂ ਕਰਨ ਦੀ ਇਜਾਜ਼ਤ ਨਹੀਂ ਦਿਤੀ ਜਾਣੀ ਚਾਹੀਦੀ।
ਸਲਾਹ ਵਿਚ ਕਿਹਾ ਗਿਆ ਹੈ ਕਿ 2 ਤੋਂ 5 ਸਾਲ ਦੀ ਉਮਰ ਦੇ ਬੱਚੇ ਦਿਨ ਵਿਚ ਵੱਧ ਤੋਂ ਵੱਧ ਇਕ ਘੰਟੇ ਲਈ ਸਕ੍ਰੀਨ ਦੀ ਵਰਤੋਂ ਕਰ ਸਕਦੇ ਹਨ, ਜਦਕਿ 6 ਤੋਂ 12 ਸਾਲ ਦੀ ਉਮਰ ਦੇ ਬੱਚੇ ਦੋ ਘੰਟੇ ਸਕ੍ਰੀਨ ਦੀ ਵਰਤੋਂ ਕਰ ਸਕਦੇ ਹਨ। ਇਸ ਵਿਚ ਕਿਹਾ ਗਿਆ ਹੈ ਕਿ ਕਿਸ਼ੋਰਾਂ ਨੂੰ ਦਿਨ ਵਿਚ ਵੱਧ ਤੋਂ ਵੱਧ ਤਿੰਨ ਘੰਟੇ ਸਕ੍ਰੀਨ ਦੀ ਵਰਤੋਂ ਕਰਨ ਦੀ ਇਜਾਜ਼ਤ ਦਿਤੀ ਜਾਣੀ ਚਾਹੀਦੀ ਹੈ।
ਸਵੀਡਨ ਸਰਕਾਰ ਦੀ ਇਹ ਐਡਵਾਇਜ਼ਰੀ ਇਕ ਵਧ ਰਹੀ ਖੋਜ ਦੇ ਪਿਛੋਕੜ ਵਿਚ ਆਈ ਹੈ, ਜਿਸ ਵਿਚ ਸਕ੍ਰੀਨ ਦੀ ਜ਼ਿਆਦਾ ਵਰਤੋਂ ਵਿਖਾਈ ਗਈ ਹੈ ਜੋ ਨੀਂਦ ਦੀ ਗੁਣਵੱਤਾ ਨੂੰ ਪ੍ਰਭਾਵਤ ਕਰ ਰਹੀ ਹੈ, ਡਿਪਰੈਸ਼ਨ ਦੀਆਂ ਵਧਦੀਆਂ ਘਟਨਾਵਾਂ ਅਤੇ ਬੱਚਿਆਂ ਅਤੇ ਕਿਸ਼ੋਰਾਂ ਵਿਚ ਸਰੀਰਕ ਗਤੀਵਿਧੀਆਂ ਦੇ ਪੱਧਰ ਵਿਚ ਗਿਰਾਵਟ ਆ ਰਹੀ ਹੈ।
ਅਮਰੀਕਾ, ਆਇਰਲੈਂਡ, ਕੈਨੇਡਾ, ਆਸਟਰੇਲੀਆ ਅਤੇ ਫਰਾਂਸ ਵਰਗੇ ਦੇਸ਼ਾਂ ਵਲੋਂ ਪਹਿਲਾਂ ਹੀ ਅਜਿਹੀਆਂ ਸਲਾਹਾਂ ਜਾਰੀ ਕੀਤੀਆਂ ਜਾ ਚੁਕੀਆਂ ਹਨ। ਇਨ੍ਹਾਂ ’ਚੋਂ ਫਰਾਂਸ ਨੇ ਸਖਤ ਐਡਵਾਇਜ਼ਰੀ ਜਾਰੀ ਕੀਤੀ ਹੈ ਕਿ ਤਿੰਨ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਸਕ੍ਰੀਨ ਦੀ ਵਰਤੋਂ ਕਰਨ ਦੀ ਇਜਾਜ਼ਤ ਬਿਲਕੁਲ ਨਹੀਂ ਦਿਤੀ ਜਾਣੀ ਚਾਹੀਦੀ।