ਪ੍ਰਕਾਸ਼ ਪੁਰਬ ਮੌਕੇ ਸਿੱਖ ਸ਼ਰਧਾਲੂਆਂ ਦੀ ਸੁਰੱਖਿਆ ’ਚ ਕੋਈ ਕੁਤਾਹੀ ਨਹੀਂ ਹੋਵੇਗੀ: ਪਾਕਿਸਤਾਨੀ ਅਧਿਕਾਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਅਗਲੇ ਮਹੀਨੇ ਨਨਕਾਣਾ ਸਾਹਿਬ ਜਾਣਗੇ ਸਿੱਖ ਸ਼ਰਧਾਲੂ

There will be no lapse in security of Sikh pilgrims during Parkash Purb: Pakistani official

ਲਾਹੌਰ: ਪਾਕਿਸਤਾਨੀ ਅਧਿਕਾਰੀਆਂ ਨੇ ਅਗਲੇ ਮਹੀਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 556ਵੇਂ ਪ੍ਰਕਾਸ਼ ਪੁਰਬ ਨੂੰ ਮਨਾਉਣ ਲਈ ਪਾਕਿਸਤਾਨ ਆਉਣ ਵਾਲੇ ਸਿੱਖ ਸ਼ਰਧਾਲੂਆਂ ਲਈ ਸੁਰੱਖਿਆ ਪ੍ਰਬੰਧ ਕਰ ਦਿਤੇ ਹਨ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਮੰਗਲਵਾਰ ਨੂੰ ਪੰਜਾਬ ਸਰਕਾਰ ਦੇ ਗ੍ਰਹਿ ਵਿਭਾਗ ਵਿਖੇ ਮੀਟਿੰਗ ਕੀਤੀ ਗਈ।

ਮੀਟਿੰਗ ਵਿਚ ਪੰਜਾਬ ਦੇ ਪਹਿਲੇ ਸਿੱਖ ਮੰਤਰੀ ਅਤੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਰਮੇਸ਼ ਸਿੰਘ ਅਰੋੜਾ, ਇਵੈਕੂਈ ਟਰੱਸਟ ਪ੍ਰਾਪਰਟੀ ਬੋਰਡ (ਈ.ਟੀ.ਪੀ.ਬੀ.) ਦੇ ਚੇਅਰਮੈਨ ਸਾਜਿਦ ਮਹਿਮੂਦ ਚੌਹਾਨ, ਪੰਜਾਬ ਦੇ ਗ੍ਰਹਿ ਵਿਭਾਗ ਦੇ ਸਕੱਤਰ ਅਹਿਮਦ ਜਾਵੇਦ ਕਾਜ਼ੀ ਅਤੇ ਸੀਨੀਅਰ ਪੁਲਿਸ ਅਧਿਕਾਰੀ ਹਾਜ਼ਰ ਸਨ।

ਮੀਟਿੰਗ ਤੋਂ ਬਾਅਦ ਈਟੀਪੀਬੀ ਦੇ ਬੁਲਾਰੇ ਗੁਲਾਮ ਮੋਹੀਉਦੀਨ ਨੇ ਦਸਿਆ, ‘‘ਮੀਟਿੰਗ ਨੂੰ ਦਸਿਆ ਗਿਆ ਕਿ ਮੁਸਾਫ਼ਰਾਂ ਲਈ ਮੁਕੰਮਲ ਸੁਰੱਖਿਆ, ਡਾਕਟਰੀ ਸਹੂਲਤਾਂ, ਆਵਾਜਾਈ ਅਤੇ ਮਿਆਰੀ ਰਿਹਾਇਸ਼ ਨੂੰ ਯਕੀਨੀ ਬਣਾਇਆ ਜਾਵੇਗਾ। ਗੁਰਦੁਆਰਾ ਜਨਮ ਅਸਥਾਨ, ਨਨਕਾਣਾ ਸਾਹਿਬ ਅਤੇ ਹੋਰ ਸਾਰੇ ਗੁਰਦੁਆਰਿਆਂ ਵਿਚ ਵੀ ਗੈਸ ਅਤੇ ਬਿਜਲੀ ਦੀ ਨਿਰੰਤਰ ਸਪਲਾਈ ਨੂੰ ਯਕੀਨੀ ਬਣਾਇਆ ਜਾਵੇਗਾ।’’

ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਸਮਾਗਮ 4 ਤੋਂ 14 ਨਵੰਬਰ ਤਕ ਹੋਣਗੇ। ਮੁੱਖ ਸਮਾਗਮ 5 ਨਵੰਬਰ ਨੂੰ ਲਾਹੌਰ ਤੋਂ 80 ਕਿਲੋਮੀਟਰ ਦੂਰ ਨਨਕਾਣਾ ਸਾਹਿਬ ਦੇ ਗੁਰਦੁਆਰਾ ਜਨਮ ਅਸਥਾਨ ਵਿਖੇ ਹੋਵੇਗਾ।

ਮੀਟਿੰਗ ਵਿਚ ਕਿਹਾ ਗਿਆ ਕਿ ਦੁਵਲੇ ਸਮਝੌਤੇ ਦੇ ਤਹਿਤ ਭਾਰਤ ਦੇ 3,000 ਸ਼ਰਧਾਲੂਆਂ ਸਮੇਤ ਦੁਨੀਆਂ ਭਰ ਤੋਂ ਹਜ਼ਾਰਾਂ ਸਿੱਖ ਸ਼ਰਧਾਲੂ ਇਸ ਧਾਰਮਕ ਤਿਉਹਾਰ ਵਿਚ ਹਿੱਸਾ ਲੈਣਗੇ। ਹਾਲਾਂਕਿ, ਪਹਿਲਗਾਮ ਅਤਿਵਾਦੀ ਹਮਲੇ ਤੋਂ ਬਾਅਦ ਪਿਛਲੇ ਮਈ ਵਿਚ ਭਾਰਤ ਅਤੇ ਪਾਕਿਸਤਾਨ ਵਿਚਾਲੇ ਹਥਿਆਰਬੰਦ ਸੰਘਰਸ਼ ਤੋਂ ਬਾਅਦ, ਯਾਤਰਾ ਪਾਬੰਦੀਆਂ ਕਾਰਨ ਕੋਈ ਵੀ ਭਾਰਤੀ ਸ਼ਰਧਾਲੂ ਪਾਕਿਸਤਾਨ ਨਹੀਂ ਗਿਆ।

ਇਸ ਤੋਂ ਪਹਿਲਾਂ ਅਰੋੜਾ ਅਤੇ ਸਥਾਨਕ ਸਿੱਖ ਸੰਸਥਾ ਨੇ ਭਾਰਤ ਸਰਕਾਰ ਨੂੰ ਅਪੀਲ ਕੀਤੀ ਸੀ ਕਿ ਉਹ ਸ਼ਰਧਾਲੂਆਂ ਨੂੰ ਧਾਰਮਕ ਸਮਾਗਮਾਂ ਵਿਚ ਹਿੱਸਾ ਲੈਣ ਲਈ ਪਾਕਿਸਤਾਨ ਜਾਣ ਦੀ ਇਜਾਜ਼ਤ ਦੇਵੇ। ਅਰੋੜਾ ਨੇ ਸਾਰੇ ਵਿਭਾਗਾਂ ਨੂੰ ਹਦਾਇਤ ਕੀਤੀ ਕਿ ਉਹ ਸ਼ਰਧਾਲੂਆਂ ਲਈ ਵਧੀਆ ਸਹੂਲਤਾਂ ਨੂੰ ਯਕੀਨੀ ਬਣਾਉਣ ਲਈ ਸਮੇਂ ਸਿਰ ਪ੍ਰਬੰਧ ਮੁਕੰਮਲ ਕਰਨ।

ਉਨ੍ਹਾਂ ਨੇ ਕੇਂਦਰੀ ਜਾਂਚ ਏਜੰਸੀ ਨੂੰ ਆਵਾਸ ਪ੍ਰਕਿਰਿਆ ਨੂੰ ਤੇਜ਼ ਕਰਨ ਲਈ ਵਾਹਗਾ ਸਰਹੱਦ ਉਤੇ ਵਾਧੂ ਕਾਊਂਟਰ ਸਥਾਪਤ ਕਰਨ ਦੇ ਹੁਕਮ ਵੀ ਦਿਤੇ। ਉਨ੍ਹਾਂ ਕਿਹਾ ਕਿ ਗੁਰਦੁਆਰਿਆਂ ਦੇ ਆਲੇ-ਦੁਆਲੇ ਸਿੱਖ ਧਰਮ ਵਿਚ ਵਰਜਿਤ ਚੀਜ਼ਾਂ ਦੀ ਵਿਕਰੀ ਉਤੇ ਪਾਬੰਦੀ ਲਗਾਈ ਜਾਵੇਗੀ।

ਈ.ਟੀ.ਪੀ.ਬੀ. ਦੇ ਮੁਖੀ ਸਾਜਿਦ ਮਹਿਮੂਦ ਚੌਹਾਨ ਨੇ ਕਿਹਾ ਕਿ ਪਾਕਿਸਤਾਨ ਅਤੇ ਭਾਰਤ ਵਿਚਾਲੇ ਤਣਾਅ ਦੇ ਬਾਵਜੂਦ ਬੋਰਡ ਸਿੱਖ ਮਹਿਮਾਨਾਂ ਨੂੰ ਸਤਿਕਾਰ, ਪਿਆਰ ਅਤੇ ਪ੍ਰਾਹੁਣਚਾਰੀ ਦੇਵੇਗਾ। ਉਨ੍ਹਾਂ ਇਹ ਵੀ ਪ੍ਰਸਤਾਵ ਦਿਤਾ ਕਿ ਪਾਕਿਸਤਾਨੀ ਸਿੱਖ ਡਾਕਟਰਾਂ ਨੂੰ ਸਮਾਗਮਾਂ ਦੌਰਾਨ ਸ਼ਰਧਾਲੂਆਂ ਨੂੰ ਡਾਕਟਰੀ ਸਹੂਲਤਾਂ ਮੁਹੱਈਆ ਕਰਵਾਉਣ ਲਈ ਅਪਣੀਆਂ ਸੇਵਾਵਾਂ ਸਵੈ-ਇੱਛਾ ਨਾਲ ਦੇਣ।

ਈ.ਟੀ.ਪੀ.ਬੀ. ਪਾਕਿਸਤਾਨ ਵਿਚ ਘੱਟ ਗਿਣਤੀਆਂ ਦੇ ਪਵਿੱਤਰ ਸਥਾਨਾਂ ਦੀ ਦੇਖਭਾਲ ਕਰਦਾ ਹੈ। ਇਹ ਸ਼ਰਧਾਲੂ ਕਰਤਾਰਪੁਰ ਸਾਹਿਬ ਅਤੇ ਪੰਜਾਬ ਦੇ ਹੋਰ ਗੁਰਦੁਆਰਿਆਂ ਦੇ ਦਰਸ਼ਨ ਵੀ ਕਰਨਗੇ।