Mexico ਦੇ ਮਿਚੋਆਕਾਨ ਸੂਬੇ ’ਚ ਪੁਲਿਸ ਥਾਣੇ ਦੇ ਬਾਹਰ ਹੋਇਆ ਧਮਾਕਾ
2 ਪੁਲਿਸ ਅਧਿਕਾਰੀਆਂ ਦੀ ਹੋਈ ਮੌਤ, 7 ਹੋਏ ਜ਼ਖਮੀ
ਮੈਕਸੀਕੋ : ਮੈਕਸੀਕੋ ਦੇ ਮਿਚੋਆਕਾਨ ਰਾਜ ਵਿੱਚ ਇੱਕ ਸਥਾਨਕ ਪੁਲੀਸ ਥਾਣੇ ਦੇ ਬਾਹਰ ਧਮਾਕਾ ਹੋਣ ਕਾਰਨ ਘੱਟੋ-ਘੱਟ ਦੋ ਲੋਕਾਂ ਦੀ ਮੌਤ ਹੋ ਗਈ, ਜਦਕਿ ਸੱਤ ਲੋਕ ਜ਼ਖਮੀ ਹੋ ਗਏ। ਸਥਾਨਕ ਅਤੇ ਸੰਘੀ ਸੁਰੱਖਿਆ ਅਧਿਕਾਰੀਆਂ ਵੱਲੋਂ ਇਸ ਘਟਨਾ ਸਬੰਧੀ ਜਾਣਕਾਰੀ ਦਿੱਤੀ ਗਈ।
ਕੋਆਹੁਆਯਾਨਾ ਪੁਲੀਸ ਦੇ ਕਮਾਂਡਰ ਹੈਕਟਰ ਜੇਪੇਦਾ ਨੇ ਦੱਸਿਆ ਕਿ ਧਮਾਕੇ ਵਿੱਚ ਦੋ ਪੁਲੀਸ ਅਧਿਕਾਰੀਆਂ ਦੀ ਮੌਤ ਹੋ ਗਈ, ਜਦੋਂ ਕਿ ਜ਼ਖਮੀਆਂ ਵਿੱਚ ਆਮ ਲੋਕ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਕੁਝ ਲੋਕ ਧਮਾਕੇ ਵਾਲੀ ਥਾਂ ਤੋਂ ਕਾਫੀ ਦੂਰ ਪਏ ਮਿਲੇ। ਇਸ ਦੋਰਾਨ ਕਾਰਨ ਆਸ-ਪਾਸ ਦੀਆਂ ਇਮਾਰਤਾਂ ਨੂੰ ਵੀ ਨੁਕਸਾਨ ਪਹੁੰਚਿਆ ਹੈ।
ਇਹ ਧਮਾਕਾ ਸ਼ਨਿਚਰਵਾਰ ਨੂੰ ਉਸ ਸਮੇਂ ਹੋਇਆ ਜਦੋਂ ਮਿਚੋਆਕਾਨ ਦੇ ਗਵਰਨਰ ਅਲਫ੍ਰੇਡੋ ਰਾਮੀਰੇਜ਼ ਬੇਡੋਲਾ ਆਪਣੀ ਪਾਰਟੀ ਮੋਰੇਨਾ ਦੀ ਸਰਕਾਰ ਦੇ ਕਾਰਜਕਾਲ ਦੇ ਸੱਤ ਸਾਲ ਪੂਰੇ ਹੋਣ ਦੇ ਮੌਕੇ 'ਤੇ ਮੈਕਸੀਕੋ ਸਿਟੀ ਵਿੱਚ ਰਾਸ਼ਟਰਪਤੀ ਕਲਾਉਡੀਆ ਸ਼ਿਨਬਾਮ ਦੇ ਨਾਲ ਜਸ਼ਨ ਮਨਾ ਰਹੇ ਸਨ।
ਮਿਚੋਆਕਾਨ ਵਿੱਚ ਸੁਰੱਖਿਆ ਵਿਵਸਥਾ ਵਿਗੜਨ ਨੂੰ ਲੈ ਕੇ ਰਾਮੀਰੇਜ਼ ਬੇਡੋਲਾ ਅਤੇ ਸ਼ਿਨਬਾਮ ਦੀ ਆਲੋਚਨਾ ਹੋਈ ਹੈ, ਜਿੱਥੇ ਕਈ ਨਸ਼ੀਲੇ ਪਦਾਰਥਾਂ ਦੇ ਗਿਰੋਹ ਇਲਾਕੇ 'ਤੇ ਕਬਜ਼ਾ ਕਰਨ ਲਈ ਆਪਸ ਵਿੱਚ ਲੜ ਰਹੇ ਹਨ ਅਤੇ ਸਥਾਨਕ ਲੋਕਾਂ ਨੂੰ ਡਰਾ ਰਹੇ ਹਨ। ਸਰਕਾਰ ਨੇ ਇੱਕ ਬਿਆਨ ਵਿੱਚ ਕਿਹਾ ਕਿ ਇਹ ਧਮਾਕੇ 'ਧਮਾਕਾਖੇਜ਼ ਸਮੱਗਰੀ' ਨਾਲ ਹੋਇਆ, ਪਰ ਉਸ ਨੇ ਵਿਸਥਾਰਪੂਰਵਕ ਜਾਣਕਾਰੀ ਨਹੀਂ ਦਿੱਤੀ।