ਹਮਾਸ ਨੂੰ ਟਰੰਪ ਦੀ ਚਿਤਾਵਨੀ : ਬੰਧਕ ਬਣਾਏ ਲੋਕਾਂ ਨੂੰ ਰਿਹਾਅ ਨਾ ਕੀਤਾ ਤਾਂ ਪਛਮੀ ਏਸ਼ੀਆ ’ਚ ਮਚੇਗੀ ਤਬਾਹੀ
20 ਜਨਵਰੀ ਤਕ ਦਾ ਦਿਤਾ ਸਮਾਂ, ਉਸ ਤੋਂ ਬਾਅਦ ਹੋਵੇਗੀ ਕਾਰਵਾਈ
ਵਾਸ਼ਿੰਗਟਨ : ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਚਿਤਾਵਨੀ ਦਿਤੀ ਹੈ ਕਿ ਜੇਕਰ ਹਮਾਸ ਵਲੋਂ ਬੰਧਕ ਬਣਾਏ ਗਏ ਲੋਕਾਂ ਨੂੰ 20 ਜਨਵਰੀ ਤਕ ਰਿਹਾਅ ਨਾ ਕੀਤਾ ਗਿਆ ਤਾਂ ਪਛਮੀ ਏਸ਼ੀਆ ਵਿਚ ਤਬਾਹੀ ਮਚ ਜਾਵੇਗੀ। ਟਰੰਪ ਨੇ ਹਾਲਾਂਕਿ ਇਹ ਸਪੱਸ਼ਟ ਨਹੀਂ ਕੀਤਾ ਕਿ ਜੇਕਰ ਬੰਧਕਾਂ ਨੂੰ ਰਿਹਾਅ ਨਹੀਂ ਕੀਤਾ ਗਿਆ ਤਾਂ ਉਹ ਕੀ ਕਾਰਵਾਈ ਕਰਨਗੇ।
ਹਮਾਸ ਨੇ 7 ਅਕਤੂਬਰ 2023 ਨੂੰ ਇਜ਼ਰਾਈਲ ’ਤੇ ਹਮਲਾ ਕੀਤਾ ਅਤੇ ਵੱਡੀ ਗਿਣਤੀ ’ਚ ਲੋਕਾਂ ਨੂੰ ਬੰਧਕ ਬਣਾ ਲਿਆ। ਅਧਿਕਾਰੀਆਂ ਦਾ ਕਹਿਣਾ ਹੈ ਕਿ ਲਗਭਗ 100 ਲੋਕ ਅਜੇ ਵੀ ਹਮਾਸ ਦੇ ਕਬਜ਼ੇ ਵਿਚ ਹਨ, ਜਿਨ੍ਹਾਂ ਵਿਚ ਕੁਝ ਅਮਰੀਕੀ ਨਾਗਰਿਕ ਵੀ ਸ਼ਾਮਲ ਹਨ। ਅਧਿਕਾਰੀਆਂ ਦਾ ਇਹ ਵੀ ਮੰਨਣਾ ਹੈ ਕਿ ਹੁਣ ਤਕ ਕਈ ਬੰਧਕਾਂ ਦੀ ਮੌਤ ਹੋ ਚੁਕੀ ਹੈ।
ਟਰੰਪ ਨੇ ਫ਼ਲੋਰੀਡਾ ਦੇ ਮਾਰ-ਏ-ਲਾਗੋ ਵਿਖੇ ਪੱਤਰਕਾਰਾਂ ਨੂੰ ਕਿਹਾ, ‘ਜੇਕਰ ਬੰਧਕਾਂ ਨੂੰ ਵਾਪਸ ਨਹੀਂ ਕੀਤਾ ਗਿਆ, ਤਾਂ ਸਭ ਕੁਝ ਤਬਾਹ ਹੋ ਜਾਵੇਗਾ। ਮੈਂ ਤੁਹਾਡੀਆਂ ਗੱਲਾਂ ਨੂੰ ਨੁਕਸਾਨ ਨਹੀਂ ਪਹੁੰਚਾਉਣਾ ਚਾਹੁੰਦਾ, ਜੇਕਰ ਉਹ ਮੇਰੇ ਅਹੁਦਾ ਸੰਭਾਲਣ ਤਕ ਵਾਪਸ ਨਹੀਂ ਆਉਂਦੇ ਤਾਂ ਪਛਮੀ ਏਸ਼ੀਆ ਵਿਚ ਸਭ ਕੁਝ ਤਬਾਹ ਹੋ ਜਾਵੇਗਾ। ਉਹ ਅਮਰੀਕੀ ਬੰਧਕਾਂ ਦੀ ਰਿਹਾਈ ’ਤੇ ਹਮਾਸ ਨਾਲ ਗੱਲਬਾਤ ਦੀ ਸਥਿਤੀ ’ਤੇ ਪੁੱਛੇ ਗਏ ਸਵਾਲ ਦਾ ਜਵਾਬ ਦੇ ਰਹੇ ਸਨ।
ਉਨ੍ਹਾਂ ਕਿਹਾ, ‘ਇਹ ਹਮਾਸ ਲਈ ਚੰਗਾ ਨਹੀਂ ਹੋਵੇਗਾ ਅਤੇ ਸੰਚ ਕਹਾਂ ਤਾਂ ਇਹ ਕਿਸੇ ਲਈ ਵੀ ਚੰਗਾ ਨਹੀਂ ਹੋਵੇਗਾ। ਸਭ ਕੁਝ ਬਰਬਾਦ ਹੋ ਜਾਵੇਗਾ। ਮੈਨੂੰ ਹੋਰ ਕੱੁਝ ਕਹਿਣ ਦੀ ਲੋੜ ਨਹੀਂ ਹੈ ਪਰ ਅਜਿਹਾ ਹੀ ਹੈ। ਉਨ੍ਹਾਂ ਨੂੰ ਬੰਧਕਾਂ ਨੂੰ ਬਹੁਤ ਪਹਿਲਾਂ ਛੱਡ ਦੇਣਾ ਚਾਹੀਦਾ ਸੀ। 7 ਅਕਤੂਬਰ ਵਰਗਾ ਹਮਲਾ ਕਦੇ ਨਹੀਂ ਹੋਣਾ ਚਾਹੀਦਾ ਸੀ।’’