ਅਮਰੀਕੀ ਆਲੋਚਨਾ ਦੇ ਬਾਵਜੂਦ ਈਰਾਨ ਨੇ ਲਾਂਚ ਕੀਤਾ ਉਪਗ੍ਰਹਿ

ਏਜੰਸੀ

ਖ਼ਬਰਾਂ, ਕੌਮਾਂਤਰੀ

ਈਰਾਨ ਨੇ ਅਮਰੀਕਾ ਵਲੋਂ ਆਲੋਚਨਾ ਕੀਤੇ ਜਾਣ ਦੇ ਬਾਵਜੂਦ ਦੂਜੇ ਉਪਗ੍ਰਹਿ ਦੇ ਲਾਂਚ ਦੀ ਕੋਸ਼ਿਸ਼ ਕੀਤੀ ਹੈ.....

Iran launches satellite despite US criticism

ਤੇਹਰਾਨ : ਈਰਾਨ ਨੇ ਅਮਰੀਕਾ ਵਲੋਂ ਆਲੋਚਨਾ ਕੀਤੇ ਜਾਣ ਦੇ ਬਾਵਜੂਦ ਦੂਜੇ ਉਪਗ੍ਰਹਿ ਦੇ ਲਾਂਚ ਦੀ ਕੋਸ਼ਿਸ਼ ਕੀਤੀ ਹੈ। ਵੀਰਵਾਰ ਨੂੰ ਜਾਰੀ ਉਪਗ੍ਰਹਿ ਤਸਵੀਰਾਂ ਨਾਲ ਅਜਿਹੀ ਜਾਣਕਾਰੀ ਪ੍ਰਾਪਤ ਹੁੰਦੀ ਹੈ। ਈਰਾਨ ਨੇ ਅਜਿਹਾ ਕੁਝ ਲਾਂਚ ਕਰਨ ਸਬੰਧੀ ਤੁਰੰਤ ਕੋਈ ਪ੍ਰਤੀਕਿਰਿਆ ਨਹੀਂ ਦਿਤੀ ਹੈ। ਅਮਰੀਕਾ ਨੇ ਈਰਾਨ ਦੀ ਇਹ ਕਹਿੰਦੇ ਹੋਏ ਆਲੋਚਨਾ ਕੀਤੀ ਹੈ ਕਿ ਉਸ ਦੇ ਪੁਲਾੜ ਪ੍ਰੋਗਰਾਮ ਦੇਸ਼ ਨੂੰ ਬੈਲਿਸਟਿਕ ਮਿਜ਼ਾਈਲ ਵਿਕਸਿਤ ਕਰਨ ਵਿਚ ਮਦਦ ਕਰਦੇ ਹਨ। ਕੋਲੋਰਾਡੋ ਦੀ ਕੰਪਨੀ ਡਿਜ਼ੀਟਲ ਗਲੋਬ ਵਲੋਂ ਮੰਗਲਵਾਰ ਨੂੰ ਜਾਰੀ ਤਸਵੀਰਾਂ ਵਿਚ ਈਰਾਨ ਦੇ ਸੇਮਨਾਨ ਸੂਬੇ ਦੇ ਇਮਾਮ ਖੋਮੀਨੀ ਪੁਲਾੜ ਕੇਂਦਰ 'ਤੇ ਇਕ ਰਾਕੇਟ ਦੀ ਮੌਜੂਦਗੀ ਦਿਖਾਈ।

ਇਸ ਦੇ ਬਾਅਦ ਬੁਧਵਾਰ ਨੂੰ ਜਾਰੀ ਤਸਵੀਰਾਂ ਵਿਚ ਦਿਖਾਇਆ ਗਿਆ ਕਿ ਰਾਕੇਟ ਉੱਥੇ ਮੌਜੂਦ ਨਹੀਂ ਸੀ ਅਤੇ ਉਸ ਦੇ ਲਾਂਚ ਪੈਡ 'ਤੇ ਸੜਨ ਦੇ ਨਿਸ਼ਾਨ ਦਿਖਾਈ ਦਿਤੇ। ਤੁਰੰਤ ਇਹ ਸਾਫ ਨਹੀਂ ਹੋ ਸਕਿਆ ਕਿ ਜੇਕਰ ਉਪਗ੍ਰਹਿ ਲਾਂਚ ਹੋਇਆ ਹੈ ਤਾਂ ਉਹ ਟਿਕਾਣੇ 'ਤੇ ਪਹੁੰਚਿਆ ਸੀ ਜਾਂ ਨਹੀਂ। ਅਮਰੀਕਾ ਦੋਸ਼ ਲਗਾਉਂਦਾ ਰਿਹਾ ਹੈ ਕਿ ਇਸ ਤਰ੍ਹਾਂ ਦੇ ਲਾਂਚ ਈਰਾਨ 'ਤੇ ਸੰਯੁਕਤ ਰਾਸ਼ਟਰ ਸੁਰੱਖਿਆ ਪਰੀਸ਼ਦ ਦੀ ਅਪੀਲ ਦੀ ਉਲੰਘਣਾ ਕਰਦੇ ਹਨ ਜਿਸ ਵਿਚ ਈਰਾਨ ਨੂੰ ਪਰਮਾਣੂ ਹਥਿਆਰ ਲਿਜਾਣ ਵਿਚ ਸਮਰੱਥ ਬੈਲਿਸਟਿਕ ਮਿਜ਼ਾਈਲਾਂ ਨਾਲ ਜੁੜੀ ਕੋਈ ਗਤੀਵਿਧੀ ਨਾ ਕਰਨ ਲਈ ਕਿਹਾ ਗਿਆ ਹੈ। (ਪੀਟੀਆਈ)