ਆਈ. ਐੱਸ. ਦਾ ਕਰ ਦਿਤਾ ਹੈ ਖ਼ਾਤਮਾ : ਟਰੰਪ
ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਖਤਰਨਾਕ ਅਤਿਵਾਦੀ ਸੰਗਠਨ ਆਈ. ਐੱਸ. ਦਾ ਖਾਤਮਾ ਕਰ ਦਿਤਾ ਗਿਆ ਹੈ.........
ਵਾਸ਼ਿੰਗਟਨ : ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਖਤਰਨਾਕ ਅਤਿਵਾਦੀ ਸੰਗਠਨ ਆਈ. ਐੱਸ. ਦਾ ਖਾਤਮਾ ਕਰ ਦਿਤਾ ਗਿਆ ਹੈ। ਇਥੇ ਇਕ ਪ੍ਰੋਗਰਾਮ ਵਿਚ ਰਾਸ਼ਟਰਪਤੀ ਨੇ ਕਿਹਾ ਕਿ ਉਹ ਸ਼ਾਇਦ ਅਗਲੇ ਹਫ਼ਤੇ ਕਿਸੇ ਸਮੇਂ ਆਈ. ਐੱਸ. ਨੂੰ ਉਸ ਦੇ ਕਬਜ਼ੇ ਵਾਲੇ ਖੇਤਰਾਂ ਵਿਚੋਂ 100 ਫ਼ੀ ਸਦੀ ਖਿਦੇੜਨ ਸਬੰਧੀ ਰਸਮੀ ਐਲਾਨ ਕਰਨਗੇ। ਟਰੰਪ ਨੇ ਕਿਹਾ ਕਿ ਅਮਰੀਕੀ ਫ਼ੌਜ, ਉਸ ਦੇ ਗਠਜੋੜ ਸਹਿਯੋਗੀਆਂ ਅਤੇ ਸੀਰੀਅਨ ਡੈਮੋਕ੍ਰੇਟਿਕ ਫੋਰਸਿਜ਼ ਨੇ ਸੀਰੀਆ ਅਤੇ ਇਰਾਕ ਵਿਚ ਆਈ. ਐੱਸ. ਦੇ ਕਬਜ਼ੇ ਨੂੰ ਬਿਲਕੁਲ ਖਤਮ ਕਰ ਦਿਤਾ ਹੈ।
ਟਰੰਪ ਵਾਸ਼ਿੰਗਟਨ ਵਿਚ ਆਈ.ਐਸ.ਆਈ.ਐਸ. ਨੂੰ ਹਰਾਉਣ ਵਾਲੇ ਗਲੋਬਲ ਕੁਲਿਸ਼ਨ ਦੇ ਮੰਤਰੀਆਂ ਨੂੰ ਸੰਬੋਧਿਤ ਕਰ ਰਹੇ ਸਨ। ਉਨ੍ਹਾਂ ਨੇ ਕਿਹਾ ਕਿ ਅਗਲੇ ਹਫਤੇ ਕਿਸੇ ਵੀ ਸਮੇਂ ਅਸੀਂ ਰਸਮੀ ਤੌਰ 'ਤੇ ਇਹ ਐਲਾਨ ਕਰ ਦਿਆਂਗੇ ਕਿ ਆਈ.ਐਸ.ਆਈ.ਐਸ. ਦਾ 100 ਫ਼ੀ ਸਦੀ ਖਾਤਮਾ ਹੋ ਗਿਆ ਹੈ ਪਰ ਅਜਿਹਾ ਕਰਨ ਲਈ ਮੈਂ ਕੁਝ ਇੰਤਜ਼ਾਰ ਕਰਨਾ ਚਾਹੁੰਦਾ ਹਾਂ। ਮੈਂ ਕਾਹਲੀ ਵਿਚ ਕੁਝ ਨਹੀਂ ਕਹਿਣਾ ਚਾਹੁੰਦਾ। ਟਰੰਪ ਨੇ ਇਹ ਵੀ ਕਿਹਾ ਕਿ ਉਨ੍ਹਾਂ ਦੇ ਪ੍ਰਸ਼ਾਸਨ ਨੇ ਇਕ ਪਹੁੰਚ ਵਿਕਸਿਤ ਕੀਤੀ ਹੈ। ਇਸ ਨਾਲ ਜੰਗ ਦੇ ਮੈਦਾਨ ਵਿਚ ਅਮਰੀਕੀ ਕਮਾਂਡਰਾਂ ਅਤੇ ਸਾਡੇ ਸਹਿਯੋਗੀਆਂ ਨੂੰ ਇਕ ਨਵੀਂ ਤਾਕਤ ਮਿਲੀ
ਅਤੇ ਉਨ੍ਹਾਂ ਨੇ ਅੱਤਵਾਦੀ ਸੰਗਠਨ ਨਾਲ ਸਿੱਧੀ ਟੱਕਰ ਲਈ। ਬੀਤੇ 2 ਸਾਲ ਵਿਚ ਅਸੀਂ 20 ਹਜ਼ਾਰ ਵਰਗਮੀਲ ਇਲਾਕਾ ਆਈ.ਐਸ. ਆਈ.ਐਸ. ਤੋਂ ਖੋਹ ਕੇ ਆਪਣੇ ਕਬਜ਼ੇ ਵਿਚ ਲੈ ਚੁੱਕੇ ਹਨ। ਅਮਰੀਕੀ ਰਾਸ਼ਟਰਪਤੀ ਮੁਤਾਬਕ ਅਸੀਂ ਜੰਗ ਦਾ ਮੈਦਾਨ ਸੁਰੱਖਿਅਤ ਕਰ ਲਿਆ ਹੈ। ਮੋਸੁਲ ਅਤੇ ਰੱਕਾ 'ਤੇ ਮੁੜ ਕਬਜ਼ਾ ਕੀਤਾ। ਅਸੀਂ 60 ਮੀਲ ਤੋਂ ਜ਼ਿਆਦਾ ਇਲਾਕੇ ਵਿਚ ਰਹਿ ਰਹੇ ਆਈ.ਐਸ.ਆਈ.ਐਸ. ਨੇਤਾਵਾਂ ਨੂੰ ਖਤਮ ਕਰ ਦਿਤਾ। ਉਹ ਫਿਰ ਤੋਂ ਸੰਗਠਿਤ ਹੋਣ ਦੀ ਕੋਸ਼ਿਸ਼ ਕਰ ਰਹੇ ਹਨ ਪਰ ਇਹ ਉਨ੍ਹਾਂ ਲਈ ਮੁਸ਼ਕਲ ਹੋਵੇਗਾ। ਮੈਂ ਇਹ ਨਹੀਂ ਕਹਿਣਾ ਚਾਹੁੰਦਾ ਕਿ ਸਾਡੀ ਵਜ੍ਹਾ ਨਾਲ ਬਿਹਤਰ ਕੰਮ ਹੋਇਆ। (ਪੀਟੀਆਈ)