ਹਮਾਸ ਨੇ 3 ਹੋਰ ਇਜ਼ਰਾਇਲੀ ਬੰਧਕਾਂ ਨੂੰ ਕੀਤਾ ਰਿਹਾਅ
ਗਾਜ਼ਾ ਜੰਗਬੰਦੀ ਦੇ ਸਮਝੌਤੇ ਤਹਿਤ ਬਦਲੇ ’ਚ ਇਜ਼ਰਾਈਲ ਨੇ ਰਿਹਾਅ ਕੀਤੇ 183 ਫਲਸਤੀਨੀ ਕੈਦੀ
ਦੀਰ ਅਲ-ਬਲਾਹ: ਹਮਾਸ ਦੀ ਅਗਵਾਈ ਵਾਲੇ ਅਤਿਵਾਦੀਆਂ ਨੇ ਤਿੰਨ ਹੋਰ ਇਜ਼ਰਾਇਲੀ ਬੰਧਕਾਂ ਏਲੀ ਸ਼ਾਰਾਬੀ, ਓਹਾਦ ਬੇਨ ਅਮੀ ਅਤੇ ਓਰ ਲੇਵੀ ਨੂੰ ਰਿਹਾਅ ਕਰ ਦਿਤਾ। ਇਹ ਬੰਧਕ ਉਨ੍ਹਾਂ 250 ਲੋਕਾਂ ’ਚ ਸ਼ਾਮਲ ਸਨ, ਜਿਨ੍ਹਾਂ ਨੂੰ 7 ਅਕਤੂਬਰ 2023 ਨੂੰ ਇਜ਼ਰਾਈਲ ’ਤੇ ਹਮਾਸ ਦੀ ਅਗਵਾਈ ਵਾਲੇ ਹਮਲੇ ਦੌਰਾਨ ਅਗਵਾ ਕਰ ਲਿਆ ਗਿਆ ਸੀ। ਉਨ੍ਹਾਂ ਦੀ ਰਿਹਾਈ ਦੇ ਬਦਲੇ ਦੋਹਾਂ ਧਿਰਾਂ ਵਿਚਕਾਰ ਜੰਗਬੰਦੀ ਦੇ ਸਮਝੌਤੇ ਤਹਿਤ, ਇਜ਼ਰਾਈਲ ਨੇ 183 ਫਲਸਤੀਨੀ ਕੈਦੀਆਂ ਨੂੰ ਰਿਹਾਅ ਕੀਤਾ, ਜਿਨ੍ਹਾਂ ਵਿਚੋਂ 18 ਇਜ਼ਰਾਈਲੀਆਂ ’ਤੇ ਘਾਤਕ ਹਮਲਿਆਂ ਲਈ ਉਮਰ ਕੈਦ ਦੀ ਸਜ਼ਾ ਕੱਟ ਰਹੇ ਸਨ।
ਰਿਹਾਈ ਸਮਾਰੋਹ ’ਚ ਬੰਧਕਾਂ ਨੇ ਜਨਤਕ ਬਿਆਨ ਦਿਤੇ ਜਿਸ ਨੇ ਇਜ਼ਰਾਈਲ ’ਚ ਗੁੱਸਾ ਪੈਦਾ ਕਰ ਦਿਤਾ। ਇਜ਼ਰਾਈਲ ਸਰਕਾਰ ਨੇ ਬੰਧਕਾਂ ਨਾਲ ਹਮਾਸ ਦੇ ਵਿਵਹਾਰ ਦੀ ਨਿੰਦਾ ਕੀਤੀ ਅਤੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦੇ ਬੰਧਕਾਂ ਲਈ ਕੋਆਰਡੀਨੇਟਰ ਗਲ ਹਰਸ਼ ਨੇ ਕਿਹਾ ਕਿ ਇਜ਼ਰਾਈਲ ਹਮਾਸ ਦੀਆਂ ਵਾਰ-ਵਾਰ ਉਲੰਘਣਾਵਾਂ ਨੂੰ ਬਹੁਤ ਗੰਭੀਰਤਾ ਨਾਲ ਦੇਖਦਾ ਹੈ। ਰਿਹਾਅ ਕੀਤੇ ਗਏ ਬੰਧਕਾਂ ਦੀ ਸਥਿਤੀ ਨੇ ਨੇਤਨਯਾਹੂ ’ਤੇ ਚਿੰਤਾਵਾਂ ਵਧਾ ਦਿਤੀਆਂ ਹਨ ਅਤੇ ਜੰਗਬੰਦੀ ਨੂੰ ਮੌਜੂਦਾ ਛੇ ਹਫਤਿਆਂ ਦੇ ਪੜਾਅ ਤੋਂ ਅੱਗੇ ਵਧਾਉਣ ਲਈ ਦਬਾਅ ਵਧਾ ਦਿਤਾ ਹੈ।
ਅਮਰੀਕਾ, ਮਿਸਰ ਅਤੇ ਕਤਰ ਦੀ ਵਿਚੋਲਗੀ ਨਾਲ ਜੰਗਬੰਦੀ 19 ਜਨਵਰੀ ਨੂੰ ਲਾਗੂ ਹੋਣ ਤੋਂ ਬਾਅਦ ਤੋਂ ਹੀ ਜਾਰੀ ਹੈ। ਹਾਲਾਂਕਿ, ਜੰਗਬੰਦੀ ਦਾ ਅਗਲਾ ਪੜਾਅ ਅਨਿਸ਼ਚਿਤ ਹੈ, ਇਜ਼ਰਾਈਲ ਅਤੇ ਹਮਾਸ ਨੇ ਅਜੇ ਬਾਕੀ ਬੰਧਕਾਂ ਨੂੰ ਰਿਹਾਅ ਕਰਨ ਅਤੇ ਜੰਗਬੰਦੀ ਨੂੰ ਅਣਮਿੱਥੇ ਸਮੇਂ ਲਈ ਵਧਾਉਣ ਬਾਰੇ ਗੱਲਬਾਤ ਸ਼ੁਰੂ ਨਹੀਂ ਕੀਤੀ ਹੈ। ਜੇ ਕੋਈ ਸਮਝੌਤਾ ਨਹੀਂ ਹੋਇਆ ਤਾਂ ਜੰਗ ਮਾਰਚ ਦੇ ਸ਼ੁਰੂ ’ਚ ਮੁੜ ਭੜਕ ਸਕਦੀ ਹੈ। ਹਮਾਸ ਨੇ ਕਿਹਾ ਹੈ ਕਿ ਉਹ ਜੰਗ ਖਤਮ ਹੋਣ ਅਤੇ ਗਾਜ਼ਾ ਤੋਂ ਇਜ਼ਰਾਈਲ ਦੀ ਪੂਰੀ ਵਾਪਸੀ ਤੋਂ ਬਿਨਾਂ ਬਾਕੀ ਬੰਧਕਾਂ ਨੂੰ ਰਿਹਾਅ ਨਹੀਂ ਕਰੇਗਾ।