ਅਮਰੀਕਾ ਨੇ ਐਚ-ਵਨ-ਬੀ ਵੀਜ਼ਾ ਉਤੇ ਸਖ਼ਤ ਪਾਬੰਦੀ ਲਾਈ, ਪੰਜਾਬੀਆਂ ਨੂੰ ਜ਼ਿਆਦਾ ਸੱਟ ਵੱਜੇਗੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

 ਮੌਜੁੂਦਾ 85,000 ਸਾਲਾਨਾ ਵੀਜ਼ੇ ਘੱਟ ਕੇ ਤੀਜਾ ਹਿੱਸੇ ਰਹਿ ਜਾਣਗੇ,  ਨਵੇਂ ਨਿਯਮ 27 ਫ਼ਰਵਰੀ ਤੋਂ ਲਾਗੂ ਹੋਣਗੇ

US imposes strict restrictions on H-1B visas

ਚੰਡੀਗੜ੍ਹ, (ਜੀ.ਸੀ. ਭਾਰਦਵਾਜ) : ਸਵਾ ਸਾਲ ਪਹਿਲਾਂ ਨਵੰਬਰ 2024 ਵਿਚ ਰਾਸ਼ਟਰਪਤੀ ਟਰੰਪ ਨੇ ਜਦੋਂ ਜਨਵਰੀ 20,2025 ਵਿਚ ਅਮਰੀਕਾ ਦੀ ਵਾਗਡੋਰ ਸੰਭਾਲੀ ਤਾਂ ਉਸ ਨੇ ਚੋਣਾਂ ਸਮੇਂ ਜੋ ‘ਮੇਕ ਅਮਰੀਕਾ ਗ੍ਰੇਟ ਅਗੇਨ’ ਯਾਨੀ ਅਪਣੇ ਦੇਸ਼ ਨੂੰ ਫਿਰ ਮਹਾਨ ਬਣਾਉਣ ਦਾ ਵਾਅਦਾ ਕੀਤਾ ਸੀ, ਉਸ ਨੂੰ ਇੰਨ-ਬਿੰਨ ਲਾਗੂ ਕਰਦਿਆਂ ਵਿਦੇਸ਼ਾਂ ਤੋਂ ਆਉਣ ਵਾਲੇ ਕਾਮੇ, ਟੈਕਨੋਕ੍ਰੈਨ, ਇੰਜੀਨੀਅਰ, ਵਿਗਿਆਨੀਆਂ ਤੇ ਹੋਰ ਕਈ ਕਿਸਮਾਂ ਦੇ ਹੁਨਰਮੰਦ ਵਿਅਕਤੀਆਂ, ਲੜਕੇ-ਲੜਕੀਆਂ ਦਾ ਅਮਰੀਕਾ ਆਉਣ ਲਈ ਵੀਜ਼ਾ ਪਾਬੰਦੀਆਂ ਲਗਾ ਦਿਤੀਆਂ।

ਇਨ੍ਹਾਂ ਵੀਜ਼ਾ ਲਈ ਜਾਰੀ ਕੀਤੀਆਂ ਅੜਚਣਾਂ ਦਾ ਸੱਭ ਤੋਂ ਵੱਧ ਮਾੜਾ ਅਸਰ ਭਾਰਤੀਆਂ ਤੇ ਵਿਸ਼ੇਸ਼ ਕਰ ਪੰਜਾਬੀਆਂ ਨੂੰ ਪੈਣਾ ਸ਼ੁਰੂ ਹੋ ਚੁੱਕਾ ਹੈ। ਨਿਊਯਾਰਕ ਤੇ ਵਾਸ਼ਿੰਗਟਨ ਤੋਂ ਛਪੀਆਂ ਖ਼ਬਰਾਂ ਤੇ ਮਿਲੀ ਜਾਣਕਾਰੀ ਅਨੁਸਾਰ ਉਂਜ ਤਾਂ ਹਾਹਾਕਾਰ 6 ਮਹੀਨੇ ਪਹਿਲਾਂ ਯਾਨੀ ਸਤੰਬਰ ਮਹੀਨੇ ਵਿਚ ਮਚ ਗਈ ਸੀ ਜਦੋਂ ਰਾਸ਼ਟਰਪਤੀ ਡੋਨਾਲਡ ਟਰੰਪ ਵਲੋਂ ਜਾਰੀ ਕੀਤੇ ਹੁਕਮਾਂ ਵਿਚ ਐਚ-ਵਨ-ਬੀ ਵੀਜ਼ਾ ਵਾਸਤੇ ਅਰਜ਼ੀਕਰਤਾਵਾਂ ਨੂੰ ਜਮ੍ਹਾਂ ਕਰਵਾਉਣ ਦੀ ਫ਼ੀਸ, ਇਕਦਮ 1 ਲੱਖ ਡਾਲਰ ਕਰ ਦਿਤੀ ਸੀ।

ਦੂਜਾ ਝਟਕਾ ਉਦੋਂ ਲੱਗਾ ਜਿਸ ਵੇਲੇ ਅਮਰੀਕਨ ਦੂਤਘਰਾਂ ਅਤੇ ਉਥੋਂ ਦੇ ਸਲਾਹਕਾਰ ਮਹਿਕਮਿਆਂ, ਏਜੰਸੀਆਂ ਅਤੇ ਯੂੂਨੀਵਰਸਿਟੀਆਂ ਕਾਲਜਾਂ ਤੇ ਕੰਪਨੀਆਂ ਨੇ ਅਰਜ਼ੀਆਂ ਤੇ ਪਟੀਸ਼ਨਰਾਂ ਦੀ ਪੜਤਾਲ ਮੌਕੇ ਸਖ਼ਤੀਆਂ ਤੇ ਰੁਕਾਵਟਾਂ ਕਰਨ ਵਰਗੇ ਬਹਾਨੇ ਲਗਾਉਣੇ ਸ਼ੁਰੂ ਕਰ ਦਿਤੇ। ਵਾਸ਼ਿੰਗਟਨ ਤੋਂ ਸਮਾਜਕ ਕਾਰਜਕਰਤਾ ਤੇ ਮਾਹਰ ਫ਼ਰੈਂਕ ਐਫ਼ ਇਸਲਾਮ ਨੇ ਅਪਣੇ ਲੇਖ ਵਿਚ ਛਾਪਿਆ ਹੈ ਕਿ ਅਮਰੀਕਾ ਵਿਚ ਵੀਜ਼ਾ ਸਬੰਧਤ ਵਿਭਾਗਾਂ ਦੇ ਇੰਚਾਰਜਾਂ ਨੇ ਵੀਜ਼ਾ ਚਾਹਵਾਨਾਂ ਨੂੰ ਇੰਟਰਵਿਊ ਲਈ ਬੁਲਾਉਣ ਦੀਆਂ ਤਰਕਾਂ ਵਿਚ ਦੇਰੀ ਕਰਨੀ ਸ਼ੁਰੂ ਕਰ ਦਿਤੀ, ਕੰਪਨੀਆਂ ਦੀ ਫ਼ੀਸ ਤੇ ਹੋਰ ਖ਼ਰਚੇ ਵਾਧੂ ਕਰ ਦਿਤੇ ਅਤੇ ਹਜ਼ਾਰਾਂ ਅਰਜ਼ੀਕਰਤਾਵਾਂ ਨੂੰ ਤੰਗ ਕਰਨਾ ਸ਼ੁਰੂ ਕਰ ਦਿਤਾ।

ਹੋਰ ਤਾਂ ਹੋਰ ਪਿਛਲੇ ਹਫ਼ਤੇ ਵੀਜ਼ਾ ਛਾਂਟੀ ਵੇਲੇ ਜੋ ਲਾਟਰੀ ਵਾਲਾ ਢੰਗ ਕਈ ਸਾਲਾਂ ਤੋਂ ਜਾਰੀ ਸੀ ਉਸ ਨੂੰ ਬੰਦ ਕਰ ਕੇ ਮੈਰਿਟ, ਯੋਗਤਾ, ਡਿਗਰੀ, ਸਰਟੀਫ਼ੀਕੇਟ ਤੇ ਹੋਰ ਢੰਗਾਂ ਨੂੰ ਪਹਿਲ ਦੇਣ ਦਾ ਐਲਾਨ ਕਰ ਦਿਤਾ ਗਿਆ ਹੈ। ਮਾਹਰਾਂ ਦਾ ਕਹਿਣਾ ਹੈ ਕਿ ਅਮਰੀਕਾ ਵਾਸਤੇ ਉਚੀ ਯੋਗਤਾ ਵਾਲੇ ਟੈਕਨੋਕ੍ਰੈਟ, ਵਿਗਿਆਨੀਆਂ ਅਤੇ ਹੁਨਰਮੰਦ ਭਾਰਤੀਆਂ ਦੀ ਹਮੇਸ਼ਾ ਲੋੜ ਰਹੀ ਹੈ ਜੋ ਘੱਟ ਤਨਖ਼ਾਹ ’ਤੇ ਵੀ ਕੰਮ ਕਰ ਲੈਂਦੇ ਹਨ ਅਤੇ ਅਮਰੀਕਾ ਤੇ ਅਰਥਚਾਰੇ ਨੂੰ ਮਜ਼ਬੂਤ ਵੀ ਕਰਦੇ ਰਹੇ ਹਨ। ਪਰ ਦੁੱਖ ਦੀ ਗੱਲ ਇਹ ਹੈ ਕਿ ਕਈ ਗ਼ੈਰ ਕਾਨੂੰਨੀ ਏਜੰਟਾਂ ਤੇ ਬੇਈਮਾਨ ਸੰਸਥਾਵਾਂ ਦੇ ਕੰਟਰੋਲਰਾਂ ਨੇ ਸਿਸਟਮ ਵਿਚ ਲਿਆਂਦੀਆਂ ਬੇਤਰਤੀਬੀਆਂ ਰਾਹੀਂ ਦੋਵੇਂ ਪਾਸੇ ਨੁਕਸਾਨ ਕੀਤਾ ਹੈ।

ਵੀਜ਼ਾ ਜਾਰੀ ਹੋਣ ਵਾਲੇ ਨਵੇਂ ਨਿਯਮ ਇਸ ਮਹੀਨੇ ਦੀ 27 ਤਰੀਕ ਤੋਂ ਲਾਗੂ ਹੋਣਗੇ ਅਤੇ ਖਦਸ਼ਾ ਇਸ ਮਾੜੇ ਅਸਰ ਦਾ ਇਹ ਹੈ ਕਿ ਜੋ ਪਹਿਲਾਂ 85000 ਵੀਜ਼ੇ ਇਕ ਸਾਲ ਵਿਚ ਜਾਰੀ ਹੁੰਦੇ ਸਨ, ਉਹ ਘੱਟ ਕੇ ਸਿਰਫ਼ ਤੀਜਾ ਹਿੱਸਾ ਯਾਨੀ 28 ਤੋਂ 30,000 ਤਕ ਰਹਿ ਜਾਣਗੇ। ਅਮਰੀਕਾ ਬੈਠੇ ਆਰਥਕ ਮਾਹਰਾਂ ਦਾ ਇਹ ਵੀ ਵਿਚਾਰ ਹੈ ਕਿ ਜੋ ਵਿਦੇਸ਼ੀ ਤਕਨੀਕੀ ਵਿਗਿਆਨੀਆਂ ਤੇ ਹੁਨਰਮੰਦਚ ਭਾਰਤੀ ਨੌਜਵਾਨ, ਲੜਕੇ ਲੜਕੀਆਂ ਦੀ ਮਿਹਨਤ ਅਤੇ ਲਗਨ ਸਦਕਾ ਅਰਥਚਾਰਾ ਮਜ਼ਬੂਤੀ ਵਲ ਵਧਿਆ ਸੀ। ਉਹ ਆਉਣ ਵਾਲੇ ਭਵਿੱਖ ਵਿਚ ਅਮਰੀਕਾ ਲਈ ਪਛਤਾਵੇ ਦਾ ਕਾਰਨ ਬਣੇਗਾ।