Russia-Ukraine War : ਯੂਕਰੇਨ ਦੇ ਨੀਮ ਫ਼ੌਜੀ ਬਲ 'ਚ ਭਰਤੀ ਹੋਇਆ ਭਾਰਤ ਦਾ ਵਿਦਿਆਰਥੀ ਸੈਨਿਕੇਸ਼ ਰਵੀਚੰਦਰਨ

ਏਜੰਸੀ

ਖ਼ਬਰਾਂ, ਕੌਮਾਂਤਰੀ

ਤਾਮਿਲਨਾਡੂ ਦੇ ਕੋਇੰਬਟੂਰ ਜ਼ਿਲ੍ਹੇ ਦਾ ਰਹਿਣ ਵਾਲਾ ਹੈ 21 ਸਾਲਾ ਸੈਨਿਕੇਸ਼ ਰਵੀਚੰਦਰਨ

Indian student Sainikesh Ravichandran

ਕੀਵ : ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਨਸਕੀ ਵੱਲੋਂ ਰੂਸ ਦੀ ਫ਼ੌਜ ਵਿਰੁੱਧ ਲੜਣ ਲਈ ਵਿਦੇਸ਼ੀ ਨਾਗਰਿਕਾਂ ਲਈ ਵੀਜ਼ਾ ਮੁਆਫੀ ਦਾ ਐਲਾਨ ਕੀਤਾ ਗਿਆ ਸੀ ਜਿਸ ਤੋਂ ਬਾਅਦ ਉਨ੍ਹਾਂ ਦੇ ਇਸ ਸੱਦੇ ਨੂੰ ਵੱਡਾ ਹੁੰਗਾਰਾ ਮਿਲਣਾ ਸ਼ੁਰੂ ਹੋ ਗਿਆ ਹੈ।

ਦੱਸ ਦੇਈਏ ਕਿ ਹੁਣ ਯੂਕਰੇਨ ਦੀ ਫ਼ੌਜ ਨੂੰ ਭਾਰਤੀਆਂ ਦੇ ਨਾਲ-ਨਾਲ ਕਈ ਹੋਰ ਦੇਸ਼ਾਂ ਦੇ ਲੋਕਾਂ ਦਾ ਵੀ ਸਮਰਥਨ ਕੀਤਾ ਜਾ ਰਿਹਾ ਹੈ। ਕੀਵ ਇੰਡੀਪੈਂਡੈਂਟ ਨੇ ਯੂਕਰੇਨੀ ਫ਼ੌਜ ਦੇ ਹਵਾਲੇ ਨਾਲ ਕਿਹਾ ਕਿ ਅਮਰੀਕਾ, ਬ੍ਰਿਟੇਨ, ਸਵੀਡਨ, ਲਿਥੁਆਨੀਆ, ਮੈਕਸੀਕੋ ਅਤੇ ਭਾਰਤ ਦੇ ਲੋਕ ਲੜ ਰਹੇ ਹਨ।

ਦੱਸ ਦੇਈਏ ਕਿ ਤਾਮਿਲਨਾਡੂ ਦੇ ਕੋਇੰਬਟੂਰ ਜ਼ਿਲ੍ਹੇ ਦਾ 21 ਸਾਲਾ ਵਿਦਿਆਰਥੀ ਸੈਨਿਕੇਸ਼ ਰਵੀਚੰਦਰਨ ਰੂਸ ਖ਼ਿਲਾਫ਼ ਲੜਨ ਲਈ ਯੂਕਰੇਨ ਵਿੱਚ ਅਰਧ ਸੈਨਿਕ ਬਲਾਂ ਵਿੱਚ ਸ਼ਾਮਲ ਹੋ ਗਿਆ ਹੈ। ਅਧਿਕਾਰੀਆਂ ਨੇ ਉਸ ਦੀ ਰਿਹਾਇਸ਼ 'ਤੇ ਜਾ ਕੇ ਉਸ ਦੇ ਮਾਪਿਆਂ ਤੋਂ ਪੁੱਛਗਿੱਛ ਕੀਤੀ। ਉਨ੍ਹਾਂ ਨੂੰ ਪਤਾ ਲੱਗਾ ਕਿ ਉਸ ਨੇ ਭਾਰਤੀ ਫ਼ੌਜ ਵਿਚ ਭਰਤੀ ਹੋਣ ਲਈ ਅਰਜ਼ੀ ਦਿੱਤੀ ਸੀ ਪਰ ਉਸ ਨੂੰ ਰੱਦ ਕਰ ਦਿੱਤਾ ਗਿਆ ਸੀ। ਮਿਲੀ ਜਾਣਕਾਰੀ ਅਨੁਸਾਰ ਯੂਕਰੇਨ ਵਿੱਚ ਚੱਲ ਰਹੇ ਯੁੱਧ ਦੇ ਦੌਰਾਨ, ਉਸਦੇ ਪਰਿਵਾਰ ਦਾ ਸੈਨਿਕੇਸ਼ ਨਾਲ ਸੰਪਰਕ ਟੁੱਟ ਗਿਆ ਸੀ। ਦੂਤਾਵਾਸ ਦੀ ਮਦਦ ਲੈਣ ਤੋਂ ਬਾਅਦ ਹੀ ਉਹ ਆਪਣੇ ਪੁੱਤਰ ਸੈਨਿਕੇਸ਼ ਨਾਲ ਸੰਪਰਕ ਕਰ ਸਕੇ ਹਨ। 

ਸੈਨਿਕੇਸ਼ ਨੇ ਆਪਣੇ ਪਰਿਵਾਰ ਨੂੰ ਦੱਸਿਆ ਕਿ ਉਹ ਰੂਸ ਖ਼ਿਲਾਫ਼ ਲੜਨ ਲਈ ਯੂਕਰੇਨ ਦੇ ਨੀਮ ਫ਼ੌਜੀ ਬਲਾਂ ਵਿੱਚ ਸ਼ਾਮਲ ਹੋ ਗਿਆ ਸੀ। ਕੀਵ ਇੰਡੀਪੈਂਡੈਂਟ ਨੇ ਯੂਕਰੇਨ ਦੀਆਂ ਜ਼ਮੀਨੀ ਫ਼ੌਜਾਂ ਦੇ ਹਵਾਲੇ ਨਾਲ ਖ਼ਬਰ ਦਿੱਤੀ ਹੈ ਕਿ ਭਾਰਤੀ ਲੜਾਕੇ ਹਮਲਾਵਰ ਰੂਸੀ ਫ਼ੌਜਾਂ ਨਾਲ ਲੜਨ ਲਈ ਯੂਕਰੇਨ ਦੇ ਅੰਤਰਰਾਸ਼ਟਰੀ ਫ਼ੌਜ ਵਿੱਚ ਸ਼ਾਮਲ ਹੋ ਗਏ ਹਨ। ਦੱਸ ਦੇਈਏ ਕਿ ਕੀਵ ਇੰਡੀਪੈਂਡੈਂਟ ਇੱਕ ਅੰਗਰੇਜ਼ੀ ਭਾਸ਼ਾ ਦਾ ਯੂਕਰੇਨੀ ਅਖ਼ਬਾਰ ਹੈ ਜੋ ਰੂਸ-ਯੂਕਰੇਨ ਯੁੱਧ ਦੀਆਂ ਜ਼ਮੀਨੀ ਪੱਧਰ ਤੋਂ ਖ਼ਬਰਾਂ ਲਿਆ ਰਿਹਾ ਹੈ। 

 

 

ਜ਼ਿਕਰਯੋਗ ਹੈ ਕਿ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮਿਰ ਜ਼ੇਲੇਂਨਸਕੀ ਨੇ 1 ਮਾਰਚ ਨੂੰ ਇੱਕ ਫ਼ਰਮਾਨ 'ਤੇ ਹਸਤਾਖਰ ਕੀਤੇ ਸਨ ਜਿਸ ਤਹਿਤ ਅੰਤਰਰਾਸ਼ਟਰੀ ਲੀਜਨ ਆਫ਼ ਡਿਫੈਂਸ ਵਿੱਚ ਸ਼ਾਮਲ ਹੋਣ ਦੇ ਚਾਹਵਾਨਾਂ (ਰੂਸੀਆਂ ਨੂੰ ਛੱਡ ਕੇ) ਲਈ ਅਸਥਾਈ ਵੀਜ਼ਾ-ਮੁਕਤ ਪ੍ਰਵੇਸ਼ ਦੀ ਇਜਾਜ਼ਤ ਦਿੱਤੀ ਗਈ ਸੀ।