ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਅਹੁਦੇ ਤੋਂ ਬਰਖਾਸਤ ਕਰਨਾ ਸਿੱਖ ਇਤਿਹਾਸ ਲਈ ਦੁਖਦਾਈ ਦਿਨ : ਸੁਰਜੀਤ ਸਿੰਘ ਖੰਡੇਵਾਲਾ

ਏਜੰਸੀ

ਖ਼ਬਰਾਂ, ਕੌਮਾਂਤਰੀ

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੇਵਾ ਸੰਭਾਲ (ਦਮਦਮੀ ਟਕਸਾਲ) ਇਟਲੀ ਦੇ ਸੇਵਾਦਾਰਾਂ ਨੇ ਜਥੇਦਾਰ ਸਾਹਿਬਾਨ ਨੂੰ ਅਹੁਦੇ ਤੋਂ ਬਰਖਾਸਤ ਕਰਨਾ ਸਿੱਖ ਇਤਿਹਾਸ ਲਈ ਕਾਲਾ ਦਿਨ ਦਸਿਆ

Surjit Singh Khandewala

ਮਿਲਾਨ : ਬੀਤੇ ਦਿਨ ਸ਼੍ਰੋਮਣੀ ਕਮੇਟੀ ਦੀ ਅੰਤਿ੍ਰੰਗ ਕਮੇਟੀ ਵਲੋਂ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਅਤੇ ਗਿਆਨੀ ਸੁਲਤਾਨ ਸਿੰਘ ਨੂੰ ਤਖਤ ਸ਼੍ਰੀ ਕੇਸਗੜ ਸਾਹਿਬ ਦੇ ਜਥੇਦਾਰ ਦੇ ਅਹੁਦੇ ਤੋਂ ਬੇਵਜ੍ਹਾ ਹਟਾਇਆ ਜਾਣਾ ਸਮੁੱਚੇ ਖ਼ਾਲਸਾ ਪੰਥ ਲਈ  ਬਹੁਤ ਮੰਦਭਾਗਾ ਅਤੇ ਚਿੰਤਾਜਨਕ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਇਟਲੀ ਵਿਚਲੀ ਪੰਥਕ ਸੰਸਥਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੇਵਾ ਸੰਭਾਲ (ਦਮਦਮੀ ਟਕਸਾਲ) ਇਟਲੀ ਦੇ ਸੇਵਾਦਾਰਾਂ ਗਿਆਨੀ ਸੁਰਜੀਤ ਸਿੰਘ ਖੰਡੇਵਾਲਾ, ਰਜਿੰਦਰ ਸਿੰਘ ਰੰਮੀ, ਭਾਈ ਪ੍ਰਗਟ ਸਿੰਘ ਖਾਲਸਾ ਕਰੇਮੋਨਾ, ਪ੍ਰਤਾਪ ਸਿੰਘ ਤੇ ਬਿਕਰਮਜੀਤ ਸਿੰਘ ਨੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਕੀਤਾ। 

ਇਨ੍ਹਾਂ ਆਗੂਆਂ ਨੇ ਕਿਹਾ ਕਿ ਇਕ ਪਰਵਾਰ ਪੰਥ ਦਾ ਮਖੌਟਾ ਪਾ ਕੇ ਸਿੱਖ ਕੌਮ ਦੀਆਂ ਸਰਵਉਚ ਸੰਸਥਾਵਾਂ ਦਾ ਰਾਜਸੀ ਹਿਤਾਂ ਦੀ ਪੂਰਤੀ ਲਈ ਘਾਣ ਕਰ ਰਿਹਾ ਹੈ ਜਿਸ ਦੇ ਫਲਸਰੂਪ ਅੱਜ ਜਥੇਦਾਰ ਨੂੰ ਇਹ ਕਹਿ ਕੇ ਅਹੁਦੇ ਤੋਂ ਲਾਂਭੇ ਕੀਤਾ ਹੈ ਕਿ ਉਹ ਇਸ ਅਹੁਦੇ ਦੇ ਯੋਗ ਨਹੀ ਹਨ ਜਦਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਸ੍ਰੀ ਹਰਿਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਵੀ ਹਨ। ਉਨ੍ਹਾਂ ਕਿਹਾ ਕਿ ਕੇਵਲ ਇਕ ਪਰਵਾਰ ਤੇ ਭਗੌੜੇ ਦਲ ਦੀ ਬੁੱਢੀ ਲੀਡਰਸ਼ਿਪ ਨੂੰ ਬਚਾਉਣ ਲਈ ਸ੍ਰੀ ਅਕਾਲ ਤਖ਼ਤ ਜੀ ਦੇ ਆਦੇਸ਼ਾਂ ਨੂੰ ਲਾਗੂ ਨਾ ਹੋਣ ਦੇਣ ਵਾਸਤੇ ਅੰਤਿ੍ਰੰਗ ਕਮੇਟੀ ਨੇ ਅਜਿਹਾ ਕੀਤਾ ਹੈ ਜਿਸ ਨਾਲ ਸਿੱਖ ਸੰਗਤ ਦੇ ਹਿਰਦੇ ਵਲੂੰਧਰੇ ਗਏੇ ਹਨ। ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਅਹੁਦੇ ਤੋਂ ਬਰਖਾਸਤ ਕਰਨਾ, ਸਿੱਖ ਇਤਿਹਾਸ ਲਈ ਦੁਖਦਾਈ ਅਤੇ ਕਾਲੇ ਦਿਨ ਵਜੋਂ ਜਾਣਿਆ ਜਾਵੇਗਾ।

ਇਨ੍ਹਾਂ ਆਗੂਆ ਨੇ ਕਿਹਾ ਕਿ ਦੇਸ਼ ਵਿਦੇਸ਼ ਦੀਆਂ ਸਿੱਖ ਸੰਗਤਾਂ, ਜਥੇਬੰਦੀਆਂ, ਸੰਪਰਦਾਵਾਂ, ਦਲ ਪੰਥ, ਉਦਾਸੀ, ਨਿਰਮਲੇ ਸਿੰਘ ਸੰਭਾਵਾਂ ਨੂੰ ਅੱਗੇ ਆ ਕੇ ਇਨ੍ਹਾਂ ਦਾ ਵਿਰੋਧ ਕੀਤਾ ਜਾਣਾ ਚਾਹੀਦਾ ਹੈ। ਹੁਣ ਸਮਾਂ ਆ ਗਿਆ ਹੈ ਜਦੋਂ ਸਮੁੱਚੀ ਸਿੱਖ ਕੌਮ ਅਪਣੀਆਂ ਧਾਰਮਕ ਪਰੰਪਰਾਵਾਂ ਤੇ ਮਾਣ-ਸਨਮਾਨ ਦੀ ਰੱਖਿਆ ਲਈ ਇਕਜੁਟ ਹੋ ਜਾਵੇ। ਇਸ ਤਰ੍ਹਾਂ ਦੇ ਘਟਨਾਕ੍ਰਮ ਦਾ ਵਿਰੋਧ ਕਰਨਾ ਹੋਵੇਗਾ। ਨਾਲ ਹੀ ਉਨ੍ਹਾਂ ਐਸਜੀਪੀਸੀ ਦੀ ਅੰਤਿ੍ਰੰਗ ਕਮੇਟੀ ਵਲੋਂ ਲਏ ਗਏ ਫੈਸਲੇ ਨੂੰ ਤੁਰੰਤ ਵਾਪਸ ਲੈਣ ਦੀ ਮੰਗ ਵੀ ਕੀਤੀ। ਉਨ੍ਹਾਂ ਕਿਹਾ ਕਿ 2 ਦਸੰਬਰ ਨੂੰ ਸ੍ਰੀ ਅਕਾਲ ਤਖਤ ਦੀ ਫਸੀਲ ਤੋਂ ਸੁਣਾਏ ਗਏ ਫੈਸਲਿਆਂ ਨੂੰ ਇੰਨ ਬਿੰਨ ਲਾਗੂ ਕੀਤਾ ਜਾਵੇ। ਜੇ ਇਹ ਫੈਸਲੇ ਲਾਗੂ ਨਹੀਂ ਹੁੰਦੇ ਜਾਂ ਬਦਲੇ ਜਾਂਦੇ ਹਨ ਤਾਂ ਪੰਥ ਕਦੇ ਵੀ ਪ੍ਰਵਾਨ ਨਹੀ ਕਰੇਗਾ।