ਮਹਾਰਾਸ਼ਟਰ ਦੇ ਕਿਸਾਨਾਂ ਦਾ ਕਰਜ਼ਾ ਮੁਆਫ਼
1984 ਵਿਚ ਦਰਬਾਰ ਸਾਹਿਬ 'ਤੇ ਕੀਤੇ ਗਏ ਫ਼ੌਜੀ ਹਮਲੇ ਨੂੰ ਯਾਦ ਕਰਦਿਆਂ ਕੈਨੇਡਾ ਦੇ ਸਿੱਖਾਂ ਨੇ ਪਾਰਲੀਮੈਂਟ ਹਿਲ ਵਿਖੇ ਰੋਸ ਧਰਨੇ ਦੌਰਾਨ 'ਖ਼ਾਲਿਸਤਾਨ' ਲਈ.....
ਸਰਕਾਰ ਦੇ ਐਲਾਨ ਪਿੱਛੋਂ ਕਿਸਾਨਾਂ ਨੇ ਅੰਦੋਲਨ ਵਾਪਸ ਲਿਆ
ਮੁੰਬਈ, 11 ਜੂਨ : ਮਹਾਰਾਸ਼ਟਰ ਸਰਕਾਰ ਵਲੋਂ ਅੱਜ ਕਿਸਾਨਾਂ ਦਾ ਕਰਜ਼ਾ ਮੁਆਫ਼ ਕਰਨ ਅਤੇ ਇਸ ਬਾਰੇ ਨਿਯਮ ਤੈਅ ਕਰਨ ਲਈ ਇਕ ਕਮੇਟੀ ਗਠਤ ਕਰਨ ਦਾ ਐਲਾਨ ਕਰਨ ਪਿੱਛੋਂ ਕਿਸਾਨਾਂ ਨੇ ਅਪਣਾ ਅੰਦੋਲਨ ਵਾਪਸ ਲੈ ਲਿਆ।
ਮਾਲ ਮੰਤਰੀ ਚੰਦਰਕਾਂਤ ਪਾਟਿਲ ਨੇ ਕਿਹਾ, ''ਸਰਕਾਰ ਨੇ ਕਿਸਾਨਾਂ ਦਾ ਕਰਜ਼ਾ ਮੁਆਫ਼ ਕਰਨ ਦਾ ਐਲਾਨ ਕੀਤਾ ਹੈ। ਨਾਂਮਾਤਰ ਜ਼ਮੀਨ ਵਾਲੇ ਕਿਸਾਨਾਂ ਦਾ ਸਾਰਾ ਕਰਜ਼ਾ ਅੱਜ ਤੋਂ ਹੀ ਮੁਆਫ਼ ਕੀਤਾ ਜਾਂਦਾ ਹੈ।'' ਮੁੱਖ ਮੰਤਰੀ ਦਵਿੰਦਰ ਫੜਨਵੀਸ ਵਲੋਂ ਗਠਤ ਉਚ ਪਧਰੀ ਕਮੇਟੀ ਦੇ ਪ੍ਰਧਾਨ ਚੰਦਰਕਾਂਤ ਪਾਟਿਲ ਇਥੇ ਕਿਸਾਨ ਆਗੂਆਂ ਨਾਲ ਗੱਲਬਾਤ ਕਰਨ ਮਗਰੋਂ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦੇ ਰਹੇ ਸਨ।
ਮੀਟਿੰਗ ਵਿਚ ਸ਼ਾਮਲ ਕਿਸਾਨ ਆਗੂ ਅਤੇ ਲੋਕ ਸਭਾ ਮੈਂਬਰ ਰਾਜੂ ਸ਼ੈਟੀ ਨੇ ਕਿਹਾ ਕਿ ਮੰਗਾਂ ਮੰਨੇ ਜਾਣ ਤੋਂ ਉਹ ਖ਼ੁਸ਼ ਹਨ। ਉਨ੍ਹਾਂ ਕਿਹਾ, ''ਸਾਡੇ ਮਸਲੇ ਹੱਲ ਹੋ ਗਏ ਹਨ। ਅਸੀ ਅਪਣਾ ਅੰਦੋਲਨ ਆਰਜ਼ੀ ਤੌਰ 'ਤੇ ਵਾਪਸ ਲੈ ਲਿਆ ਹੈ ਅਤੇ ਜੇ 25 ਜੁਲਾਈ ਤਕ ਕਰਜ਼ਾ ਮੁਆਫ਼ੀ ਬਾਰੇ ਕੋਈ ਤਸੱਲੀਬਖਸ਼ ਫ਼ੈਸਲਾ ਨਹੀਂ ਲਿਆ ਜਾਂਦਾ ਤਾਂ ਅੰਦੋਲਨ ਮੁੜ ਸ਼ੁਰੂ ਕਰ ਦਿਤਾ ਜਾਵੇਗਾ।''
ਇਕ ਹੋਰ ਕਿਸਾਨ ਆਗੂ ਰਘੂਨਾਥ ਦਾਦਾ ਪਾਟਿਲ ਨੇ ਕਿਹਾ ਕਿ ਮੰਤਰੀ ਨੇ ਭਰੋਸਾ ਦਿਤਾ ਹੈ ਕਿ ਕਿਸਾਨਾਂ ਦਾ ਸਾਰਾ ਕਰਜ਼ਾ ਮੁਆਫ਼ ਕੀਤਾ ਜਾਵੇਗਾ।
ਫ਼ਿਲਹਾਲ ਦਿਵਾਲੀ ਦੇ ਤਿਉਹਾਰ ਵਰਗਾ ਮਾਹੌਲ ਹੈ ਕਿਉਂਕਿ ਸਾਡੀਆਂ ਸਾਰੀਆਂ ਮੰਗਾਂ ਪ੍ਰਵਾਨ ਹੋ ਗਈਆਂ ਹਨ। ਉਨ੍ਹਾਂ ਕਿਹਾ ਕਿ ਮੰਤਰੀਆਂ ਦੀ ਕਮੇਟੀ ਨੇ ਕਿਸਾਨਾਂ ਨੂੰ ਨਵੇਂ ਸਿਰੇ ਤੋਂ ਕਰਜ਼ਾ ਦੇਣ ਦੀ ਸ਼ੁਰੂਆਤ ਕਰਨ ਦਾ ਫ਼ੈਸਲਾ ਕੀਤਾ ਹੈ। ਆਜ਼ਾਦ ਵਿਧਾਇਕ ਬਾਚੂ ਕਾਡੁ ਦਾ ਕਹਿਣਾ ਸੀ ਕਿ 12 ਅਤੇ 13 ਜੂਨ ਨੂੰ ਸੜਕ ਅਤੇ ਰੇਲ ਆਵਾਜਾਈ ਰੋਕਣ ਦਾ ਸੱਦਾ ਵਾਪਸ ਲੈ ਲਿਆ ਗਿਆ ਹੈ ਪਰ ਜੇ ਇਹ ਫ਼ੈਸਲਾ 25 ਜੁਲਾਈ ਤਕ ਲਾਗੂ ਨਹੀਂ ਹੁੰਦਾ ਤਾਂ ਕਿਸਾਨ ਮੁੜ ਸੜਕਾਂ 'ਤੇ ਉਤਰ ਆਉਣਗੇ। (ਪੀਟੀਆਈ)