ਫੇਸਬੁੱਕ ਨੇ ਇਕ ਹੋਰ ਫ਼ੀਚਰ ਕੀਤਾ ਬੰਦ, ਹੁਣ ਦੋਸਤਾਂ ਨੂੰ ਸਰਚ ਕਰਨਾ ਹੋਵੇਗਾ ਮੁਸ਼ਕਲ
ਡੈਟਾ ਲੀਕ ਮਾਮਲੇ ਵਿਚ ਘਿਰਨ ਤੋਂ ਬਾਅਦ ਫੇਸਬੁੱਕ ਨੇ ਯੂਜ਼ਰਸ ਦੀ ਨਿੱਜਤਾ ਨੂੰ ਲੈ ਕੇ ਕਈ ਅਹਿਮ ਕਦਮ ਉਠਾਏ ਹਨ ਤਾਂ ਜੋ ਯੂਜ਼ਰਸ ਦੇ ਨਿੱਜੀ ...
ਨਵੀਂ ਦਿੱਲੀ : ਡੈਟਾ ਲੀਕ ਮਾਮਲੇ ਵਿਚ ਘਿਰਨ ਤੋਂ ਬਾਅਦ ਫੇਸਬੁੱਕ ਨੇ ਯੂਜ਼ਰਸ ਦੀ ਨਿੱਜਤਾ ਨੂੰ ਲੈ ਕੇ ਕਈ ਅਹਿਮ ਕਦਮ ਉਠਾਏ ਹਨ ਤਾਂ ਜੋ ਯੂਜ਼ਰਸ ਦੇ ਨਿੱਜੀ ਡੈਟਾ ਦੀ ਸੁਰੱਖਿਆ ਕੀਤੀ ਜਾ ਸਕੇ। ਡੈਟਾ ਲੀਕ ਨਾਲ ਨਿਪਟਣ ਲਈ ਫੇਸਬੁੱਕ ਵਲੋਂ ਅਪਣੀਆਂ ਨੀਤੀਆਂ ਅਤੇ ਫ਼ੀਚਰਜ਼ ਵਿਚ ਲਗਾਤਾਰ ਬਦਲਾਅ ਕੀਤੇ ਜਾ ਰਹੇ ਹਨ। ਫੇਸਬੁੱਕ ਨੇ ਹੁਣ ਯੂਜ਼ਰਸ ਦੀ ਪ੍ਰਾਈਵੇਸੀ ਨੂੰ ਧਿਆਨ ਰੱਖਦੇ ਹੋਏ ਸਰਚ ਦੇ ਫ਼ੀਚਰ ਵਿਚ ਬਦਲਾਅ ਕੀਤਾ ਹੈ।
ਹੁਣ ਫੇਸਬੁੱਕ 'ਤੇ ਕਿਸੇ ਨੂੰ ਮੋਬਾਈਲ ਨੰਬਰ ਨਾਲ ਸਰਚ ਨਹੀਂ ਕੀਤਾ ਜਾ ਸਕੇਗਾ। ਇਸ ਫ਼ੀਚਰ ਨੂੰ ਬੰਦ ਕਰਨ ਤੋਂ ਪਹਿਲਾਂ ਫੇਸਬੁੱਕ ਦੇ ਕਿਸੇ ਵੀ ਯੂਜ਼ਰ ਨੂੰ ਮੋਬਾਈਲ ਨੰਬਰ ਨਾਲ ਸਰਚ ਕੀਤਾ ਜਾ ਸਕਦਾ ਸੀ ਪਰ ਹੁਣ ਅਜਿਹਾ ਨਹੀਂ ਹੋ ਸਕੇਗਾ। ਕਈ ਵਾਰ ਅਜਿਹੇ ਮਾਮਲੇ ਸਾਹਮਣੇ ਆਏ ਹਨ ਜਦੋਂ ਅਪਰਾਧੀਆਂ ਨੇ ਫੇਸਬੁੱਕ ਨੰਬਰ ਨਾਲ ਸਰਚ ਕਰ ਕੇ ਲੋਕਾਂ ਦੇ ਪ੍ਰੋਫਾਈਲ ਤੋਂ ਉਨ੍ਹਾਂ ਨਾਲ ਜੁੜੀਆਂ ਜਾਣਕਾਰੀਆਂ ਇਕੱਠੀਆਂ ਕੀਤੀਆਂ।
ਇਸ ਤੋਂ ਇਲਾਵਾ ਫੇਸਬੁੱਕ ਨੇ ਥਰਡ ਪਾਰਟੀ ਐਪਸ ਲਈ ਅਪਣੀਆਂ ਨੀਤੀਆਂ ਹੋਰ ਸਖ਼ਤ ਕੀਤੀਆਂ ਹਨ। ਇਨ੍ਹਾਂ ਨਵੀਆਂ ਨੀਤੀਆਂ ਤਹਿਤ ਕੋਈ ਵੀ ਥਰਡ ਪਾਰਟੀ ਐਪ ਹੁਣ ਫੇਸਬੁੱਕ ਦੇ ਕਿਸੇ ਵੀ ਯੂਜ਼ਰਸ ਦਾ ਧਰਮ, ਜਾਤ, ਦਫ਼ਤਰ ਜਾਂ ਫਿਰ ਉਹ ਵਿਆਹੁਤਾ ਹੈ ਕਿ ਨਹੀਂ, ਇਸ ਤਰ੍ਹਾਂ ਦੀ ਜਾਣਕਾਰੀ ਨਹੀਂ ਇਕੱਠੀ ਕਰ ਸਕੇਗਾ। ਫੇਸਬੁੱਕ ਨੇ ਇਸ ਦੀ ਜਾਣਕਾਰੀ ਅਪਣੇ ਬਲਾਗ 'ਤੇ ਸਾਂਝੀ ਕੀਤੀ।
ਉਥੇ ਇਕ ਹੋਰ ਬਲਾਗ ਵਿਚ ਫੇਸਬੁੱਕ ਵਲੋਂ ਲਿਖਿਆ ਗਿਆ ਕਿ ਹੁਣ ਯੂਜ਼ਰ ਖ਼ੁਦ ਹੀ ਤੈਅ ਕਰ ਸਕਣਗੇ ਕਿ ਉਹ ਕਿਸ ਤਰ੍ਹਾਂ ਦੇ ਇਸ਼ਤਿਹਾਰ ਦੇਖਣਗੇ। ਬਲਾਗ ਵਿਚ ਕਿਹਾ ਗਿਆ ਹੈ ਕਿ ਫੇਸਬੁੱਕ ਇਸ਼ਤਿਹਾਰ ਕੰਪਨੀਆਂ ਨੂੰ ਯੂਜ਼ਰ ਦੀ ਕੋਈ ਵੀ ਜਾਣਕਾਰੀ ਸ਼ੇਅਰ ਨਹੀਂ ਕਰੇਗਾ।