ਬ੍ਰਿਟੇਨ 'ਚ ਮੁਸਲਿਮ ਮਹਿਲਾ ਨਾਲ ਬਦਸਲੂਕੀ, ਹਿਜਾਬ ਖਿੱਚਿਆ
ਬ੍ਰਿਟੇਨ ਵਿਚ ਅਤਿਵਾਦੀ ਹਮਲੇ ਤੋਂ ਬਾਅਦ ਨਫ਼ਰਤੀ ਅਪਰਾਧ ਅਚਾਨਕ ਵਧ ਗਿਆ ਹੈ ਅਤੇ ਇਸੇ ਤਹਿਤ ਇਕ ਮੁਸਲਿਮ ਮਹਿਲਾ ਨੂੰ ਕਥਿਤ ਤੌਰ 'ਤੇ ਧੱਕਾ ਦੇ ਕੇ ਸੜਕ 'ਤੇ ਸੁੱਟਣ ਅਤੇ..
ਲੰਦਨ, 11 ਜੂਨ: ਬ੍ਰਿਟੇਨ ਵਿਚ ਅਤਿਵਾਦੀ ਹਮਲੇ ਤੋਂ ਬਾਅਦ ਨਫ਼ਰਤੀ ਅਪਰਾਧ ਅਚਾਨਕ ਵਧ ਗਿਆ ਹੈ ਅਤੇ ਇਸੇ ਤਹਿਤ ਇਕ ਮੁਸਲਿਮ ਮਹਿਲਾ ਨੂੰ ਕਥਿਤ ਤੌਰ 'ਤੇ ਧੱਕਾ ਦੇ ਕੇ ਸੜਕ 'ਤੇ ਸੁੱਟਣ ਅਤੇ ਉਸ ਦਾ ਹਿਜਾਬ ਖਿੱਚਣ ਦਾ ਮਾਮਲਾ ਸਾਹਮਣੇ ਆਇਆ ਹੈ।
ਘਟਨਾ ਪੀਟਰਬਰੋ ਦੇ ਫ਼ੇਨਗੇਟ ਦੀ ਹੈ। ਇਥੇ ਇਕ ਮਹਿਲਾ ਅਪਣੀ ਤਿੰਨ ਸਾਲਾ ਬੇਟੀ ਨਾਲ ਕਾਰ ਤੋਂ ਉਤਰੀ ਅਤੇ ਉਸ ਨੇ ਸੜਕ ਪਾਰ ਕੀਤੀ ਹੀ ਸੀ ਕਿ ਉਸ ਨੂੰ ਪਿੱਛਿਉਂ ਧੱਕਾ ਦੇ ਕੇ ਸੜਕ 'ਤੇ ਸੁੱਟ ਦਿਤਾ ਗਿਆ।
ਪੀਟਰਬਰੋ ਟੈਲੀਗ੍ਰਾਫ਼ ਦੀ ਰੀਪੋਰਟ ਅਨੁਸਾਰ ਮਹਿਲਾ ਦੇ ਹਿਜਾਬ ਨੂੰ ਖਿਚ ਕੇ ਉਸ ਦੇ ਸਾਹਮਣੇ ਸੁੱਟ ਦਿਤਾ ਗਿਆ। ਇਸ ਪੂਰੇ ਘਟਨਾਕ੍ਰਮ ਦੌਰਾਨ ਕੋਈ ਗੱਲਬਾਤ ਨਹੀਂ ਹੋਈ ਪਰ ਪੁਲਿਸ ਨੇ ਪੁਸ਼ਟੀ ਕੀਤੀ ਹੈ ਕਿ ਉਹ ਇਸ ਮਾਮਲੇ ਦੀ ਨਸਲੀ ਜਾਂ ਨਫ਼ਰਤੀ ਧਰਮ ਨਾਲ ਜੁੜੇ ਅਪਰਾਧ ਨਾਲ ਜੋੜ ਕੇ ਵੇਖ ਰਹੀ ਹੈ।
ਦਸਿਆ ਗਿਆ ਹੈ ਕਿ ਦੋਸ਼ੀ ਪੁਰਸ਼, ਲੰਬਾ ਅਤੇ ਆਮ ਕਦ ਕਾਠੀ ਵਾਲਾ ਹੈ ਅਤੇ ਉਹ ਕਾਲੇ ਹੁਡ ਵਾਲੀ ਟੀ-ਸ਼ਰਟ ਪਹਿਨੇ ਹੋਇਆ ਸੀ।
ਰੀਪੋਰਟ 'ਚ ਪੁਲਿਸ ਬੁਲਾਰੇ ਦੇ ਹਵਾਲੇ ਨਾਲ ਕਿਹਾ ਗਿਆ ਕਿ ਇਸ ਮਾਮਲੇ ਨਾਲ ਪੀੜਤਾ ਹਿਲ ਗਈ ਪਰ ਉਸ ਨੂੰ ਕੋਈ ਸੱਟ ਨਹੀਂ ਲੱਗੀ।
ਮੈਨਚੇਸਟਰ ਅਤੇ ਲੰਦਨ ਬ੍ਰਿਜ ਵਿਚ ਅਤਿਵਾਦੀ ਹਮਲਿਆਂ ਵਿਚ 30 ਲੋਕਾਂ ਦੇ ਮਾਰੇ ਜਾਣ ਤੋਂ ਬਾਅਦ ਇਥੇ ਨਫ਼ਰਤੀ ਅਪਰਾਧ ਵਧ ਗਏ ਹਨ। ਲੰਦਨ ਦੇ ਮੇਅਰ ਸਾਦਿਕ ਖ਼ਾਨ ਨੇ ਪਿਛਲੇ ਹਫ਼ਤੇ ਕਿਹਾ ਸੀ ਕਿ ਲੰਦਨ ਹਮਲੇ ਤੋਂ ਬਾਅਦ ਰਾਜਧਾਨੀ ਵਿਚ ਮੁਸਲਮਾਨਾਂ ਵਿਰੁਧ ਅਪਰਾਧ ਪੰਜ ਗੁਣਾ ਵਧ ਗਏ ਹਨ ਪਰ ਪੁਲਿਸ ਇਨ੍ਹਾਂ ਨੂੰ ਬਰਦਾਸ਼ਤ ਨਹੀਂ ਕਰੇਗੀ।
ਇਸ ਤੋਂ ਇਲਾਵਾ ਮੈਨਚੇਸਟਰ ਹਮਲੇ ਤੋਂ ਬਾਅਦ ਪੁਲਿਸ ਵਿਚ ਨਫ਼ਰਤੀ ਅਪਰਾਧ ਦੇ ਮਾਮਲੇ ਜ਼ਿਆਦਾ ਦਰਜ ਕੀਤਾ ਗਏ ਹਨ। ਇਨ੍ਹਾਂ ਵਿਚ ਇਕ ਮੁਸਲਿਮ ਸਕੂਲ ਨੂੰ ਬੰੰਬ ਹਮਲੇ ਦੀ ਧਮਕੀ ਮਿਲਣ ਅਤੇ ਨਕਾਬ ਮਹਿਲਾ ਨੂੰ ਮੁਸਲਿਮ ਪਹਿਰਾਵਾ ਨਾ ਪਹਿਨਣ ਦੀ ਹਦਾਇਤ ਦੇਣਾ ਸ਼ਾਮਲ ਹੈ। (ਪੀਟੀਆਈ)