ਪਹਿਲੀ ਮਹਿਲਾ ਸਿੱਖ ਐਮ.ਪੀ. ਬਣੀ ਪ੍ਰੀਤ ਕੌਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਬਰਤਾਨੀਆ ਦੀਆਂ ਆਮ ਚੋਣਾਂ ਦੇ ਨਤੀਜੇ ਸਿੱਖਾਂ ਦਾ ਹੌਸਲਾ ਵਧਾਉਣ ਵਾਲੇ ਰਹੇ ਜਿਥੇ ਪਹਿਲੀ ਵਾਰ ਇਕ ਮਹਿਲਾ ਸਿੱਖ ਐਮ.ਪੀ. ਚੁਣੀ ਗਈ ਅਤੇ ਇਕ ਦਸਤਾਰਧਾਰੀ ਸਿੱਖ ਨੂੰ ਸੰਸਦ ਵਿਚ

Preet Kaur

ਲੰਡਨ, 9 ਜੂਨ (ਸਰਬਜੀਤ ਸਿੰਘ ਬਨੂੜ / ਹਰਜੀਤ ਸਿੰਘ ਵਿਰਕ): ਬਰਤਾਨੀਆ ਦੀਆਂ ਆਮ ਚੋਣਾਂ ਦੇ ਨਤੀਜੇ ਸਿੱਖਾਂ ਦਾ ਹੌਸਲਾ ਵਧਾਉਣ ਵਾਲੇ ਰਹੇ ਜਿਥੇ ਪਹਿਲੀ ਵਾਰ ਇਕ ਮਹਿਲਾ ਸਿੱਖ ਐਮ.ਪੀ. ਚੁਣੀ ਗਈ ਅਤੇ ਇਕ ਦਸਤਾਰਧਾਰੀ ਸਿੱਖ ਨੂੰ ਸੰਸਦ ਵਿਚ ਜਾਣ ਦਾ ਮੌਕਾ ਮਿਲਿਆ।
ਪ੍ਰੀਤ ਕੌਰ ਗਿੱਲ ਨੇ ਬਰਮਿੰਘਮ ਐਜਬੈਸਟਨ ਸੀਟ 'ਤੇ ਕੰਜ਼ਰਵੇਟਿਵ ਪਾਰਟੀ ਦੀ ਕੈਰੋਲਿਨ ਨੂੰ 6917 ਵੋਟਾਂ ਦੇ ਫ਼ਰਕ ਨਾਲ ਹਰਾਇਆ। ਤਨਮਨਜੀਤ ਸਿੰਘ ਢੇਸੀ ਨੇ 34,170 ਵੋਟਾਂ ਹਾਸਲ ਕਰਦਿਆਂ ਸਲੋਹ ਸੀਟ ਤੋਂ ਜਿੱਤ ਦਰਜ ਕੀਤੀ। ਲੇਬਰ ਪਾਰਟੀ ਵਲੋਂ ਭਾਰਤੀ ਮੂਲ, ਖ਼ਾਸ ਤੌਰ 'ਤੇ ਪੰਜਾਬੀਆਂ ਦੀ ਸੰਘਣੀ ਆਬਾਦੀ ਵਾਲੇ ਸਾਊਥਾਲ ਤੇ ਫੈਲਥਮ ਵਿਖੇ ਕ੍ਰਮਵਾਰ ਵਰਿੰਦਰ ਸ਼ਰਮਾ ਨੇ 22000 ਵੋਟਾਂ ਅਤੇ ਸੀਮਾ ਮਲੋਹਤਰਾ ਨੇ 15000 ਵੋਟਾਂ ਨਾਲ ਜਿੱਤ ਦਰਜ ਕਰ ਕੇ ਮੁੜ ਤੋਂ ਸੰਸਦ ਮੈਂਬਰੀ ਹਾਸਲ ਕੀਤੀ।
ਗੁਰਦਵਾਰਾ ਸ੍ਰੀ ਗੁਰੂ ਸਿੰਘ ਸਭਾ ਸਲੋਹ ਵਿਖੇ ਅਪਣੇ ਸਮਰਥਕਾਂ ਨਾਲ ਮੱਥਾ ਟੇਕਣ ਪੁੱਜੇ ਤਨਮਨਜੀਤ ਸਿੰਘ ਢੇਸੀ ਨੇ ਗੱਲਬਾਤ ਕਰਦਿਆਂ ਭਾਰਤੀ ਮੂਲ ਦੇ ਲੋਕਾਂ ਦਾ ਧਨਵਾਦ ਕੀਤਾ। ਤਨ ਢੇਸੀ ਨੇ ਕਿਹਾ ਕਿ ਉਹ ਸਲੋਹ ਸ਼ਹਿਰ ਵਿਚ ਸਾਂਝ ਨੂੰ ਕਾਇਮ ਰੱਖਣ ਤੇ ਸਲੋਹ ਦੀ ਤਰੱਕੀ  ਵਿਚ ਵਧ ਚੜ੍ਹਕੇ ਹਿੱਸਾ ਪਾਉਣਗੇ। ਗੁਰਦਵਾਰਾ ਸ੍ਰੀ ਗੁਰੂ ਸਿੰਘ ਸਭਾ ਸਲੋਹ ਦੇ ਮੁਖੀ ਜੋਗਿੰਦਰ ਸਿੰਘ ਬੱਲ, ਗੁਰਦਵਾਰਾ ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਦੇ ਮੁਖੀ  ਗੁਰਮੇਲ ਸਿੰਘ ਮੱਲ੍ਹੀ, ਜਸਪਾਲ ਸਿੰਘ, ਬ੍ਰਿਟਿਸ਼ ਸਿੱਖ ਕੌਂਸਲ ਯੂਕੇ ਦੇ ਜਨਰਲ ਸਕੱਤਰ ਭਾਈ ਤਰਸੇਮ ਸਿੰਘ ਦਿਉਲ, ਸਿੱਖ ਫੈਡਰੇਸ਼ਨ ਯੂਕੇ ਦੇ ਚੈਅਰਮੈਨ ਭਾਈ ਅਮਰੀਕ ਸਿੰਘ ਗਿੱਲ, ਸਲੋਹ ਦੇ ਲੇਬਰ ਪਾਰਟੀ ਲੀਡਰ ਅਤੇ ਕੌਂਸਲਰ ਸੁਹੇਲ ਮੁਨੱਵਰ, ਬੀਬੀ ਕਮਲਜੀਤ ਕੌਰ ਸਲੋਹ, ਡਿਪਟੀ ਲੀਡਰ ਸਾਬੀਆ ਹੁਸੈਨ ਅਤੇ ਕੌਂਸਲਰ ਸ਼ਬਨਮ ਨੇ ਲੇਬਰ ਪਾਰਟੀ ਆਗੂ ਜੈਰੇਮੀ ਕੌਰਬਿਨ ਦਾ ਧਨਵਾਦ ਕਰਦਿਆਂ ਸਿੱਖਾਂ ਨੂੰ ਇਤਿਹਾਸਕ ਜਿੱਤ 'ਤੇ ਵਧਾਈ ਦਿਤੀ ਹੈ।