ਬ੍ਰਿਟੇਨ 'ਚ ਅੱਜ ਪੈਣਗੀਆਂ ਵੋਟਾਂ
ਲੰਦਨ 'ਚ ਅਤਿਵਾਦੀ ਹਮਲਿਆਂ ਤੋਂ ਬਾਅਦ ਬ੍ਰਿਟੇਨ 8 ਜੂਨ ਨੂੰ ਹੋਣ ਵਾਲੀਆਂ ਆਮ ਚੋਣਾਂ ਲਈ ਤਿਆਰ ਹੈ। ਪਿਛਲੇ ਕੁੱਝ ਹਫ਼ਤੇ ਬ੍ਰਿਟੇਨ 'ਚ ਸਥਿਤੀ ਲਗਾਤਾਰ ਬਦਲੀ ਹੈ ਅਤੇ...
ਲੰਦਨ, 7 ਜੂਨ (ਹਰਜੀਤ ਸਿੰਘ ਵਿਰਕ) : ਲੰਦਨ 'ਚ ਅਤਿਵਾਦੀ ਹਮਲਿਆਂ ਤੋਂ ਬਾਅਦ ਬ੍ਰਿਟੇਨ 8 ਜੂਨ ਨੂੰ ਹੋਣ ਵਾਲੀਆਂ ਆਮ ਚੋਣਾਂ ਲਈ ਤਿਆਰ ਹੈ। ਪਿਛਲੇ ਕੁੱਝ ਹਫ਼ਤੇ ਬ੍ਰਿਟੇਨ 'ਚ ਸਥਿਤੀ ਲਗਾਤਾਰ ਬਦਲੀ ਹੈ ਅਤੇ ਅਤਿਵਾਦੀ ਹਮਲੇ ਮੁੱਖ ਮੁੱਦਾ ਬਣ ਗਏ ਹਨ।
ਬੀਤੀ 18 ਅਪ੍ਰੈਲ ਨੂੰ ਜਦੋਂ ਪ੍ਰਧਾਨ ਮੰਤਰੀ ਟੈਰੀਜ਼ਾ ਮੇਅ ਨੇ ਚੋਣਾਂ ਦਾ ਐਲਾਨ ਕੀਤਾ ਸੀ ਤਾਂ ਉਸ ਸਮੇਂ ਉਨ੍ਹਾਂ ਦੀ ਲੋਕਪ੍ਰਿਅਤਾ ਸ਼ਿਖ਼ਰ 'ਤੇ ਸੀ ਅਤੇ ਬ੍ਰੈਗਜ਼ਿਟ ਦੀ ਪ੍ਰਕਿਰਿਆ ਸ਼ੁਰੂ ਕਰਨ ਤੋਂ ਬਾਅਦ ਉਨ੍ਹਾਂ ਦੀ ਪਾਰਟੀ ਨੇ ਵਿਰੋਧੀ ਲੇਬਰ ਪਾਰਟੀ 'ਤੇ ਦੋਹਰੇ ਅੰਕਾਂ ਵਿਚ ਲੀਡ ਹਾਸਲ ਕਰ ਲਈ ਸੀ। ਹਾਲ ਦੇ ਹਫ਼ਤਿਆਂ 'ਚ ਕੰਜਰਵੇਟਿਵ ਨੇਤਾ ਟੈਰੀਜ਼ਾ ਮੇਅ ਦੀ ਲੋਕਪ੍ਰਿਅਤਾ ਦਾ ਗ੍ਰਾਫ਼ ਡਿੱਗਦਾ ਨਜ਼ਰ ਆਇਆ ਹੈ, ਕਿਉਂਕਿ ਸਿਆਸੀ ਸਲਾਹ-ਮਸ਼ਵਰਾ ਯੂਰਪੀ ਸੰਘ ਦੀ ਮੈਂਬਰੀ ਤੋਂ ਹਟ ਕੇ ਸਥਾਈ ਨੀਤੀ ਅਤੇ ਸੁਰੱਖਿਆ ਨੂੰ ਲੈ ਕੇ ਪ੍ਰਧਾਨ ਮੰਤਰੀ ਦੇ ਅਪਣੇ ਰੀਕਾਰਡ ਵਲ ਚਲਾ ਗਿਆ ਹੈ।
ਟੈਰੀਜ਼ਾ ਨੇ ਵੋਟਰਾਂ ਨੂੰ ਅਪੀਲ ਕੀਤੀ, ''ਬ੍ਰਿਟੇਨ ਦੀ ਅਗਵਾਈ ਕਰਨ ਲਈ ਮੈਨੂੰ ਸਮਰਥਨ ਦਿਉ, ਮੈਨੂੰ ਬ੍ਰਿਟੇਨ ਲਈ ਬੋਲਣ ਦਾ ਅਧਿਕਾਰ ਦਿਉ, ਮੇਰੇ ਹੱਥ ਮਜ਼ਬੂਤ ਕਰੋ।'' ਬ੍ਰੈਗਜ਼ਿਟ ਦੀ ਪ੍ਰਕਿਰਿਆ 19 ਜੂਨ ਤੋਂ ਸ਼ੁਰੂ ਹੋਣੀ ਹੈ ਅਤੇ ਅਜਿਹੇ ਵਿਚ ਟੈਰੀਜ਼ਾ ਨੂੰ ਉਮੀਦ ਹੈ ਕਿ ਯੂ.ਕੇ. ਇੰਡੀਪੈਂਡੇਂਸ ਪਾਰਟੀ ਦੇ ਸਮਰਥਕਾਂ ਦਾ ਵੱਡਾ ਹਿੱਸਾ ਉਨ੍ਹਾਂ ਨੂੰ ਸਮਰਥਨ ਦੇਵੇਗਾ ਅਤੇ ਉਹ ਲੇਬਰ ਪਾਰਟੀ ਤੋਂ ਵੀ ਕੁੱਝ ਸੀਟਾਂ ਖੋਹ ਲਵੇਗੀ।
ਇਕ ਸਰਵੇਖਣ 'ਚ ਕਿਹਾ ਗਿਆ ਕਿ ਕੰਜਰਵੇਟਿਵ ਪਾਰਟੀ ਨੂੰ 41.6 ਫ਼ੀ ਸਦੀ ਅਤੇ ਲੇਬਰ ਪਾਰਟੀ ਨੂੰ 40.4 ਫ਼ੀ ਸਦੀ ਲੋਕਾਂ ਦਾ ਸਮਰਥਨ ਮਿਲਦਾ ਨਜ਼ਰ ਆ ਰਿਹਾ ਹੈ। ਇਕ ਸਮਾਂ ਸੀ ਜਦੋਂ ਦੋਹਾਂ ਪਾਰਟੀਆਂ ਵਿਚਾਲੇ 20 ਫ਼ੀ ਸਦੀ ਦਾ ਫਾਸਲਾ ਸੀ, ਜੋ ਕਿ ਘੱਟ ਕੇ ਸਿਰਫ਼ ਇਕ ਫ਼ੀ ਸਦੀ ਤਕ ਰਹਿ ਗਿਆ ਹੈ।