ਸਿੰਗਾਪੁਰ ਵਿਚ 8 ਹਜ਼ਾਰ ਭਾਰਤੀਆਂ ਦੀ ਐਂਟਰੀ ’ਤੇ ਰੋਕ, 11 ਹਜ਼ਾਰ ਲੋਕਾਂ ਦੀ ਜਾ ਸਕਦੀ ਹੈ ਨੌਕਰੀ
ਨਿਊਜ਼ੀਲੈਂਡ ਨੇ ਭਾਰਤ ਤੋਂ ਆਉਣ ਵਾਲੇ ਯਾਤਰੀਆਂ ਦੀ ਐਂਟਰੀ 'ਤੇ ਲਗਾਈ ਰੋਕ
ਨਵੀਂ ਦਿੱਲੀ: ਕੋਰੋਨਾ ਮਾਮਲਿਆਂ ਦੀ ਵਧਦੀ ਰਫ਼ਤਾਰ ਦੇ ਮੱਦੇਨਜ਼ਰ ਵੱਖ-ਵੱਖ ਦੇਸ਼ਾਂ ਵਿਚ ਪਾਬੰਧੀਆਂ ਦਾ ਦੌਰ ਜਾਰੀ ਹੈ। ਇਸ ਦੌਰਾਨ ਨਿਊਜ਼ੀਲੈਂਡ ਸਰਕਾਰ ਨੇ ਭਾਰਤ ਤੋਂ ਆਉਣ ਵਾਲੇ ਯਾਤਰੀਆਂ ’ਤੇ ਅਸਥਾਈ ਰੋਕ ਲਗਾ ਦਿੱਤੀ ਹੈ। ਇਸ ਦੇ ਨਾਲ ਹੀ ਸਿੰਗਾਪੁਰ ਨੇ ਵੀ ਭਾਰਤ ਵਿਚ ਕੋਰੋਨਾ ਦੇ ਵਧਦੇ ਮਾਮਲਿਆਂ ਨੂੰ ਦੇਖਦਿਆਂ 8 ਹਜ਼ਾਰ ਭਾਰਤੀਆਂ ਦੇ ਵੀਜ਼ੇ ਰੋਕ ਦਿੱਤੇ ਹਨ।
ਦੱਸ ਦਈਏ ਕਿ ਇਹ ਉਹ ਭਾਰਤੀ ਹਨ ਜੋ ਪਿਛਲੇ ਸਾਲ ਕੋਰੋਨਾ ਕਾਲ ਦੌਰਾਨ ਸਿੰਗਾਪੁਰ ਤੋਂ ਭਾਰਤ ਆਏ ਸਨ ਤੇ ਹੁਣ ਕੰਮ ’ਤੇ ਵਾਪਸ ਜਾਣਾ ਚਾਹੁੰਦੇ ਹਨ। ਇਸ ਤੋਂ ਇਲਾਵਾ ਸਿੰਗਾਪੁਰ ਵਿਚ ਕੰਮ ਕਰ ਰਹੇ 11 ਹਜ਼ਾਰ ਲੋਕਾਂ ਦੀ ਨੌਕਰੀ ਵੀ ਜਾ ਸਕਦੀ ਹੈ। ਇਹਨਾਂ ਵਿਚੋਂ 7 ਹਜ਼ਾਰ ਭਾਰਤੀ ਹਨ।
ਦਰਅਸਲ ਸਿੰਗਾਪੁਰ ਦੇ ਕਿਰਤ ਵਿਭਾਗ ਵੱਲੋਂ ਜਾਰੀ ਆਦੇਸ਼ ਅਨੁਸਾਰ ਉੱਥੇ ਨੌਕਰੀ ਕਰ ਰਹੇ ਦੂਜੇ ਦੇਸ਼ਾਂ ਦੇ ਲੋਕਾਂ ਨੂੰ 1 ਮਈ ਤੱਕ ਵਰਕ ਪਰਮਿਟ ਲੈਣਾ ਹੋਵੇਗਾ ਪਰ ਵਰਕ ਪਰਮਿਟ ਉਦੋਂ ਮਿਲੇਗਾ ਜਦੋਂ ਕੰਪਨੀ ਕੋਲ ਵਿਦੇਸ਼ੀ ਵਰਕਰਾਂ ਦਾ ਕੋਟਾ ਹੋਵੇਗਾ। ਦੱਸਿਆ ਜਾ ਰਿਹਾ ਹੈ ਕਿ ਸਿੰਗਾਪੁਰ ਸਰਕਾਰ ਸਥਾਨਕ ਲੋਕਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਰੁਜ਼ਗਾਰ ਮੁਹੱਈਆ ਕਰਵਾਉਣ ਲਈ ਇਹ ਆਦੇਸ਼ ਲਾਗੂ ਕਰ ਰਹੀ ਹੈ।
ਉਧਰ ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਨੇ ਐਲਾਨ ਕੀਤਾ ਹੈ ਕਿ ਭਾਰਤ ਤੋਂ ਆਉਣ ਵਾਲੇ ਲੋਕਾਂ ਦੀ ਐਂਟਰੀ 11 ਅਪ੍ਰੈਲ ਤੋਂ 28 ਅਪ੍ਰੈਲ ਤੱਕ ਰੋਕ ਦਿੱਤੀ ਗਈ ਹੈ। ਇਹ ਨਿਯਮ ਨਿਊਜ਼ੀਲੈਂਡ ਵਿਚ 11 ਅਪ੍ਰੈਲ ਨੂੰ ਸ਼ਾਮ 4 ਵਜੇ ਤੋਂ ਲਾਗੂ ਕਰ ਦਿੱਤਾ ਜਾਵੇਗਾ। ਜੇਕਰ ਕੋਈ ਨਿਊਜ਼ੀਲੈਂਡ ਦਾ ਵਿਅਕਤੀ ਭਾਰਤ ਵਿਚ ਹੈ ਅਤੇ ਉਹ ਵਾਪਸ ਜਾਣਾ ਚਾਹੁੰਦਾ ਹੈ, ਤਾਂ ਇਸ ਸਮੇਂ ਦੌਰਾਨ ਉਸ ਨੂੰ ਵੀ ਐਂਟਰੀ ਨਹੀਂ ਮਿਲੇਗੀ। ਯਾਨੀ 28 ਅਪ੍ਰੈਲ ਤੋਂ ਬਾਅਦ ਹੀ ਭਾਰਤ ਤੋਂ ਕੋਈ ਨਿਊਜ਼ੀਲੈਂਡ ਜਾ ਸਕੇਗਾ।