ਰਮਜ਼ਾਨ ਦੇ ਮੌਕੇ ਲਾਹੌਰ ਦੀ ਸੂਫੀ ਦਰਗਾਹ ਕੋਲ ਵੱਡਾ ਧਮਾਕਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਪਾਕਿਸਤਾਨ ਦੇ ਲਾਹੌਰ ਵਿਚ ਇਕ ਵੱਡਾ ਧਮਾਕਾ ਹੋਇਆ ਹੈ।

Blast Near Sufi Shrine In Lahore

ਲਾਹੌਰ: ਪਾਕਿਸਤਾਨ ਦੇ ਲਾਹੌਰ ਵਿਚ ਇਕ ਵੱਡਾ ਧਮਾਕਾ ਹੋਇਆ ਹੈ। ਪਾਕਿਸਤਾਨ ਦੇ ਲਾਹੌਰ ਸ਼ਹਿਰ ਵਿਚ ਰਮਜ਼ਾਨ ਦੇ ਪਵਿੱਤਰ ਮਹੀਨੇ ਦੌਰਾਨ ਇਕ ਪ੍ਰਸਿੱਧ ਧਾਰਮਿਕ ਸਥਾਨ ਦੇ ਬਾਹਰ ਬੁੱਧਵਾਰ ਨੂੰ ਇਹ ਭਿਆਨਕ ਧਮਾਕਾ ਹੋਇਆ ਹੈ ਜਿਸ ਵਿਚ 9 ਲੋਕਾਂ ਦੀ ਮੌਤ ਹੋ ਗਈ ਅਤੇ 24 ਹੋਰ ਲੋਕ ਜ਼ਖਮੀ ਹੋ ਗਏ। ਇਹ ਜਾਣਕਾਰੀ ਮੀਡੀਆ ਰਿਪੋਰਟਾਂ ਵਿਚ ਸਾਹਮਣੇ ਆਈ ਹੈ। ਸ਼ੁਰੂਆਤੀ ਖਬਰਾਂ ਵਿਚ ਮੰਨਿਆ ਜਾ ਰਿਹਾ ਹੈ ਕਿ ਪੁਲਿਸ ਦੇ ਇਕ ਵਾਹਨ ਨੂੰ ਨਿਸ਼ਾਨਾ ਬਣਾਇਆ ਗਿਆ ਸੀ। ਮ੍ਰਿਤਕ ਲੋਕਾਂ ਵਿਚ ਇਕ ਸੁਰੱਖਿਆ ਕਰਮਚਾਰੀ ਵੀ ਸ਼ਾਮਿਲ ਹੈ।

ਪੁਲਿਸ ਦੇ ਹਵਾਲੇ ਤੋਂ ਦੱਸਿਆ ਜਾ ਰਿਹਾ ਹੈ ਕਿ ਬੁੱਧਵਾਰ ਨੂੰ ਲਾਹੌਰ ਵਿਚ ਪ੍ਰਸਿੱਧ ਦਾਤਾ ਦਰਬਾਰ ਧਾਰਮਿਕ ਸਥਾਨ ਦੇ ਬਾਹਰ ਹੋਏ ਹਮਲੇ ਵਿਚ ਘੱਟੋ ਘੱਟ 9 ਲੋਕ ਮਾਰੇ ਗਏ ਅਤੇ 24 ਹੋਰ ਲੋਕ ਜ਼ਖਮੀ ਹੋ ਗਏ। ਰਿਪੋਟਾਂ ਵਿਚ ਦੱਸਿਆ ਜਾ ਰਿਹਾ ਹੈ ਕਿ ਘਟਨਾ ਸਥਾਨ ‘ਤੇ ਬਚਾਅ ਕਾਰਜ ਸ਼ੁਰੂ ਕੀਤੇ ਗਏ ਹਨ। ਜ਼ਖਮੀ ਲੋਕਾਂ ਨੂੰ ਹਸਪਤਾਲ ਵਿਚ ਇਲਾਜ ਲਈ ਭਰਤੀ ਕਰਵਾਇਆ ਗਿਆ ਹੈ। ਪੁਲਿਸ ਨੇ ਇਸ ਧਮਾਕੇ ਦੀ ਪੁਸ਼ਟੀ ਕੀਤੀ ਹੈ। ਟੀਵੀ ਚੈਨਲਾਂ ਅਤੇ ਪੁਲਿਸ ਦਾ ਕਹਿਣਾ ਹੈ ਕਿ ਇਹ ਧਮਾਕਾ ਸ਼ਹਿਰ ਦੇ ਭੀੜ ਭੜੱਕੇ ਵਾਲੇ ਇਲਾਕੇ ਵਿਚ ਦੱਖਣੀ ਏਸ਼ੀਆ ਦੇ ਸਭ ਤੋਂ ਵੱਡੇ ਸੂਫੀ ਦਰਗਾਹ ‘ਚ ਔਰਤ ਯਾਤਰੀਆਂ ਦੇ ਦਾਖਲ ਹੋਣ ਦੇ ਦਰਵਾਜ਼ੇ ਕੋਲ ਹੋਇਆ ਹੈ।

ਦੱਸ ਦਈਏ ਕਿ ਇਸ ਦਰਗਾਹ ਨੂੰ 2010 ਵਿਚ ਵੀ ਨਿਸ਼ਾਨਾ ਬਣਾਇਆ ਗਿਆ ਸੀ ਜਦੋਂ ਸੁਸਾਇਡ ਅਟੈਕ ਵਿਚ 40 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਗਈ ਸੀ। ਇਸ ਦਰਗਾਹ ‘ਤੇ ਸੁਰੱਖਿਆ ਦਾ ਪੂਰਾ ਪ੍ਰਬੰਧ ਹੁੰਦਾ ਹੈ। ਸਥਾਨਕ ਪੁਲਿਸ ਅਧਿਕਾਰੀ ਮੁਹੰਮਦ ਕਾਸ਼ਿਫ ਨੇ ਕਿਹਾ ਕਿ ਅਤਿਵਾਦੀ ਹਮਲਾ ਸੁਰੱਖਿਆ ਅਧਿਕਾਰੀਆਂ ਦੇ ਵਾਹਨਾਂ ਨੂੰ ਨਿਸ਼ਾਨਾ ਬਣਾ ਕੇ ਕੀਤਾ ਗਿਆ ਹੋਵੇਗਾ।