UAE ਗਈ ਭਾਰਤੀ ਮੂਲ ਦੀ ਨਰਸ ਨਾਲ ਵਾਪਰਿਆ ਸੜਕ ਹਾਦਸਾ, ਗਈ ਜਾਨ 

ਏਜੰਸੀ

ਖ਼ਬਰਾਂ, ਕੌਮਾਂਤਰੀ

ਗੱਡੀ ਬੇਕਾਬੂ ਹੋਣ ਕਾਰਨ ਵਾਪਰਿਆ ਹਾਦਸਾ, ਪਰਿਵਾਰ ਦੇ ਹੋਰ ਜੀਅ ਹੋਏ ਗੰਭੀਰ ਜ਼ਖ਼ਮੀ 

Tintu Paul

ਈਦ ਦੀਆਂ ਛੁੱਟੀਆਂ ਦੌਰਾਨ ਪਰਿਵਾਰ ਨਾਲ ਗਈ ਸੀ ਘੁੰਮਣ ਟਿੰਟੂ ਪੌਲ 
ਕੇਰਲਾ ਦੇ ਕੋਚੀ ਦੀ ਰਹਿਣ ਵਾਲੀ ਸੀ ਟਿੰਟੂ ਪੌਲ 
ਦੁਬਈ :
ਸੰਯੁਕਤ ਅਰਬ ਅਮੀਰਾਤ ਦੇ ਰਾਸ ਅਲ ਖੈਮਾਹ ਵਿੱਚ ਭਾਰਤੀ ਮੂਲ ਦੀ ਇੱਕ ਨਰਸ ਨਾਲ ਭਿਆਨਕ ਸੜਕ ਹਾਦਸਾ ਵਾਪਰਿਆ ਹੈ ਜਿਸ ਵਿਚ ਉਸ ਦੀ ਮੌਤ ਹੋ ਗਈ ਹੈ। ਮ੍ਰਿਤਕ ਦੀ ਪਛਾਣ ਟਿੰਟੂ ਪੌਲ ਵਜੋਂ ਹੋਈ ਹੈ ਅਤੇ ਉਹ 36 ਸਾਲ ਦੀ  ਸੀ। ਜਾਣਕਾਰੀ ਅਨੁਸਾਰ ਟਿੰਟੂ ਪੌਲ ਈਦ ਦੀਆਂ ਛੁੱਟੀਆਂ ਦੌਰਾਨ ਆਪਣੇ ਪਰਿਵਾਰ ਨਾਲ ਜੇਬਲ ਜੈਸ ਪਹਾੜਾਂ ਵੱਲ ਘੁੰਮਣ ਗਈ ਸੀ ਜਿਥੇ ਡਰਾਈਵ ਕਰਦੇ ਸਮੇਂ ਉਸ ਨਾਲ ਇਹ ਭਿਆਨਕ ਕਾਰ ਹਾਦਸਾ ਵਾਪਰ ਗਿਆ।

ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਟਿੰਟੂ ਪੌਲ ਕੇਰਲਾ ਦੇ ਕੋਚੀ ਦੀ ਰਹਿਣ ਵਾਲੀ ਸੀ ਇਸ ਹਾਦਸੇ ਦੌਰਾਨ ਉਹ ਆਪਣੇ ਪਤੀ ਕ੍ਰਿਪਾ ਸ਼ੰਕਰ, ਬੱਚਿਆਂ- ਸਾਲਾ ਕ੍ਰਿਤਿਨ (10), ਡੇਢ ਸਾਲ ਦੇ ਆਦੀਨ ਸ਼ੰਕਰ ਅਤੇ ਪਰਿਵਾਰ ਦੇ ਹੋਰ ਮੈਂਬਰਾਂ ਨਾਲ ਜਾ ਰਹੀ ਸੀ ਅਤੇ ਰਸਤੇ ਵਿਚ ਉਨ੍ਹਾਂ ਦੀ ਕਾਰ ਬੇਕਾਬੂ ਹੋ ਕੇ ਸੜਕ ਤੋਂ ਉਤਰ ਗਈ ਅਤੇ ਪਲਟ ਕੇ ਕਰੈਸ਼ ਹੋ ਗਈ।

ਹਾਦਸੇ ਦੌਰਾਨ ਜ਼ਖ਼ਮੀ ਹਾਲਤ ਵਿਚ ਪੌਲ, ਉਸ ਦੇ ਪਤੀ, ਬੱਚਿਆਂ ਅਤੇ ਹੋਰ ਪਰਿਵਾਰਕ ਮੈਂਬਰਾਂ ਨੂੰ ਪੁਲਿਸ ਨੇ ਰਾਸ ਅਲ ਖੈਮਾਹ (ਆਰਏਕੇ) ਦੇ ਇੱਕ ਹਸਪਤਾਲ ਵਿੱਚ ਪਹੁੰਚਾਇਆ। ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਨਰਸ ਨੇ ਅਗਲੇ ਦਿਨ ਦਮ ਤੋੜ ਦਿੱਤਾ ਜਦਕਿ ਉਸ ਦਾ ਪਤੀ ਅਤੇ ਪੁੱਤਰ ਆਈਸੀਯੂ ਵਿੱਚ ਹਨ। ਮਿਲੀ ਜਾਣਕਾਰੀ ਅਨੁਸਾਰ ਪੌਲ ਪਿਛਲੇ ਡੇਢ ਸਾਲ ਤੋਂ ਆਰ.ਏ.ਕੇ. ਅਲ ਹਮਰਾ ਕਲੀਨਿਕ ਵਿੱਚ ਕੰਮ ਕਰ ਰਹੀ ਸੀ। ਰਿਸ਼ਤੇਦਾਰੀ ਵਿਚ ਪੌਲ ਦੀ ਭੈਣ ਬੇਸਿਲ ਨੇ ਦੱਸਿਆ ਕਿ ਉਸ ਦਾ ਪਤੀ ਅਤੇ ਪੁੱਤਰ ਦੀ ਹਾਲਾਤ ਨਾਜ਼ੁਕ ਬਣੀ ਹੋਈ ਹੈ।

ਮ੍ਰਿਤਕ ਪੌਲ ਦੀ ਭੈਣ ਬੇਸਿਲ ਨੇ ਦੱਸਿਆ ਕਿ ਇਹ ਉਨ੍ਹਾਂ ਦੇ ਪਰਿਵਾਰ ਵਿਚ ਪਹਿਲਾ ਐਕਸੀਡੈਂਟ ਹੋਇਆ ਹੈ ਜਿਸ ਦਾ ਉਨ੍ਹਾਂ ਨੂੰ ਵਿਸ਼ਵਾਸ ਨਹੀਂ ਹੋ ਰਿਹਾ।  ਇਸ ਹਾਦਸੇ ਤੋਂ ਬਾਅਦ ਮ੍ਰਿਤਕ ਦੀ ਮਾਂ ਅਜੇ ਵੀ ਇਹ ਮੰਨਣ ਨੂੰ ਤਿਆਰ ਨਹੀਂ ਹੈ ਕਿ ਪੌਲ ਹੁਣ ਇਸ ਦੁਨੀਆ ਵਿਚ ਨਹੀਂ ਰਹੀ ਸਗੋਂ ਉਹ ਅਜੇ ਵੀ ਇਹ ਹੀ ਕਹਿ ਰਹੀ ਹੈ ਕਿ ਉਸ ਦੀ ਧੀ ਜ਼ਰੂਰ ਆਵੇਗੀ। ਇਸ ਹਾਦਸੇ ਤੋਂ ਬਾਅਦ ਪਰਿਵਾਰ ਨੂੰ ਡੂੰਘੀ ਸੱਟ ਵੱਜੀ ਹੈ ਅਤੇ ਉਹ ਸਾਰੇ ਸਦਮੇ ਵਿਚ ਹਨ।