ਕੈਨੇਡਾ ਦੇ ਸਾਬਕਾ ਰਖਿਆ ਮੰਤਰੀ ਨੇ ਟਰੂਡੋ ਦੀ ਭਾਰਤ ਫੇਰੀ ਬਾਰੇ ਕੈਨੇਡੀਆਈ ਅਖ਼ਬਾਰ ’ਚ ਛਪੀ ਰੀਪੋਰਟ ਨੂੰ ਗ਼ਲਤ ਕਰਾਰ ਦਿਤਾ
ਭਾਰਤ ਵਲੋਂ ਕੈਨੇਡਾ ਦੇ ਵਿਅਕਤੀਆਂ ਬਾਰੇ ਬਹੁਤ ਗਲਤ ਜਾਣਕਾਰੀ ਫੈਲਾਈ ਜਾ ਰਹੀ ਹੈ : ਹਰਜੀਤ ਸਿੰਘ ਸੱਜਣ
ਟੋਰਾਂਟੋ: ਕੈਨੇਡਾ ਦੇ ਸਾਬਕਾ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਨੇ ਉਨ੍ਹਾਂ ਦਾਅਵਿਆਂ ਨੂੰ ਬੇਬੁਨਿਆ ਦਸਿਆ ਹੈ ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਜਹਾਜ਼ ਨੂੰ 2018 ’ਚ ਪੰਜਾਬ ਅੰਦਰ ਉਦੋਂ ਤਕ ਉਤਰਨ ਨਹੀਂ ਦਿਤਾ ਗਿਆ ਸੀ ਜਦੋਂ ਤਕ ਉਹ ਤਤਕਾਲੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ ਕਰਨ ਲਈ ਮੰਨ ਨਹੀਂ ਗਏ ਸਨ। ਕੈਨੇਡਾ ਦੇ ਇਕ ਅਖ਼ਬਾਰ ’ਚ ਛਪੀ ਤਾਜ਼ਾ ਰੀਪੋਰਟ ਬਾਰੇ ਇਕ ਸਵਾਲ ਦੇ ਜਵਾਬ ’ਚ ਸੱਜਣ ਨੇ ਇਨ੍ਹਾਂ ਦਾਅਵਿਆਂ ਨੂੰ ‘ਸਹੀ ਨਹੀਂ’ ਕਰਾਰ ਦਿਤਾ ਹੈ।
ਉਨ੍ਹਾਂ ਕਿਹਾ, ‘‘ਮੈਂ ਤੁਹਾਨੂੰ ਇਕ ਗੱਲ ਦੱਸ ਸਕਦਾ ਹਾਂ ਕਿ ਇਹ ਰੀਪੋਰਟ ਸਹੀ ਨਹੀਂ ਹੈ।’’ ਕੈਨੇਡੀਅਨ ਸਪੈਸ਼ਲਿਟੀ ਟੈਲੀਵਿਜ਼ਨ ਚੈਨਲ ਨੂੰ ਦਿਤੇ ਇੰਟਰਵਿਊ ’ਚ ਸੱਜਣ ਨੇ ਦਾਅਵਾ ਕੀਤਾ, ‘‘ਪਰ ਮੈਨੂੰ ਲਗਦਾ ਹੈ ਕਿ ਭਾਰਤ ਵਲੋਂ ਇਸ ਦੇਸ਼ ਦੇ ਵਿਅਕਤੀਆਂ ਬਾਰੇ ਬਹੁਤ ਗਲਤ ਜਾਣਕਾਰੀ ਅਤੇ ਅਤੇ ਜਾਣਬੁਝ ਕੇ ਗਲਤ ਜਾਣਕਾਰੀ ਦਿਤੀ ਗਈ ਹੈ, ਜਿਸ ’ਚ ਮੇਰੇ ਅਤੇ ਮੇਰੇ ਪਰਵਾਰ ਬਾਰੇ ਵੀ ਜਾਣਕਾਰੀ ਵੀ ਸ਼ਾਮਲ ਹੈ।’’
ਕੈਨੇਡੀਅਨ ਅਖਬਾਰ ‘ਦਿ ਗਲੋਬ ਐਂਡ ਮੇਲ’ ’ਚ ਛਪੀ ਇਕ ਰੀਪੋਰਟ ’ਚ ਦਾਅਵਾ ਕੀਤਾ ਗਿਆ ਹੈ ਕਿ ਭਾਰਤ ਨੇ 2018 ’ਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਜਹਾਜ਼ ਨੂੰ ਪੰਜਾਬ ’ਚ ਉਤਰਨ ਤੋਂ ਉਦੋਂ ਤਕ ਇਨਕਾਰ ਕਰ ਦਿਤਾ ਸੀ, ਜਦੋਂ ਤਕ ਉਹ ਅਤੇ ਉਨ੍ਹਾਂ ਦੇ ਰੱਖਿਆ ਮੰਤਰੀ ਮਰਹੂਮ ਹਰਦੀਪ ਸਿੰਘ ਨਿੱਝਰ ਸਮੇਤ ਕੈਨੇਡਾ ’ਚ ਸਿੱਖ ਵੱਖਵਾਦੀਆਂ ਬਾਰੇ ਸ਼ਿਕਾਇਤਾਂ ਦੱਸਣ ਲਈ ਕਿਸੇ ਸਰਕਾਰੀ ਅਧਿਕਾਰੀ ਨਾਲ ਮੁਲਾਕਾਤ ਕਰਨ ਲਈ ਸਹਿਮਤ ਨਹੀਂ ਹੁੰਦੇ। ਅਖ਼ਬਾਰ ਦੇ ਸੂਤਰ ਨੇ ਦਸਿਆ ਸੀ ਕਿ ਮੀਟਿੰਗ ਦੌਰਾਨ ਪੰਜਾਬ ਦੇ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਟਰੂਡੋ ਅਤੇ ਉਸ ਸਮੇਂ ਦੇ ਰੱਖਿਆ ਮੰਤਰੀ ਹਰਜੀਤ ਸੱਜਣ ਨੂੰ ਇਕ ਡੋਜ਼ੀਅਰ ਸੌਂਪਿਆ, ਜਿਸ ਵਿਚ ਲਗਭਗ 10 ਸਿੱਖ ਕਾਰਕੁਨਾਂ ਦੇ ਨਾਮ ਸਨ, ਜਿਨ੍ਹਾਂ ਦੀਆਂ ਗਤੀਵਿਧੀਆਂ ਨੂੰ ਭਾਰਤ ਸਰਕਾਰ ਰੋਕਣਾ ਚਾਹੁੰਦੀ ਸੀ।
ਇਸ ਮੁੱਦੇ ’ਤੇ ਬੋਲਦਿਆਂ ਮੰਤਰੀ ਸੱਜਣ ਨੇ ਲੋਕਤੰਤਰੀ ਸਿਧਾਂਤਾਂ ਨੂੰ ਕਾਇਮ ਰੱਖਣ ਦੀ ਮਹੱਤਤਾ ਨੂੰ ਦੁਹਰਾਇਆ ਅਤੇ ਜ਼ੋਰ ਦੇ ਕੇ ਕਿਹਾ ਕਿ ਸਾਰੇ ਪਿਛੋਕੜਾਂ ਦੇ ਕੈਨੇਡੀਅਨਾਂ ਨੂੰ ਸ਼ਾਂਤੀਪੂਰਵਕ ਅਪਣੇ ਵਿਚਾਰ ਪ੍ਰਗਟ ਕਰਨ ਦਾ ਅਧਿਕਾਰ ਹੈ। ਉਨ੍ਹਾਂ ਕਿਹਾ, ‘‘ਮੈਂ ਤੁਹਾਨੂੰ ਇਕ ਗੱਲ ਦਾ ਭਰੋਸਾ ਦੇ ਸਕਦਾ ਹਾਂ ਕਿ ਸਾਡੇ ਪੁਲਿਸ ਬਲ ਸੁਤੰਤਰ ਹਨ। ਅਤੇ ਇਕ ਸਾਬਕਾ ਪੁਲਿਸ ਅਧਿਕਾਰੀ ਹੋਣ ਦੇ ਨਾਤੇ, ਮੈਂ ਨਿਸ਼ਚਤ ਤੌਰ ’ਤੇ ਇਸ ਦੀ ਪੁਸ਼ਟੀ ਕਰ ਸਕਦਾ ਹਾਂ।’’
ਇਸ ਦੌਰਾਨ, ਕੈਨੇਡੀਅਨ ਉਪ ਪ੍ਰਧਾਨ ਮੰਤਰੀ ਕ੍ਰਿਸਟੀਆ ਫਰੀਲੈਂਡ ਨੇ ਉਸੇ ਸੀ.ਪੀ.ਏ.ਸੀ. ਇੰਟਰਵਿਊ ’ਚ ਸਾਰੇ ਕੈਨੇਡੀਅਨਾਂ, ਖਾਸ ਕਰ ਕੇ ਸਿੱਖ ਭਾਈਚਾਰੇ ਦੇ ਮੈਂਬਰਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਸਰਕਾਰ ਦੀ ਵਚਨਬੱਧਤਾ ਨੂੰ ਰੇਖਾਂਕਿਤ ਕੀਤਾ।