ਪਾਕਿ ਰੇਲ ਮੰਤਰੀ ਦੀ ਕਰੋਨਾ ਰਿਪੋਰਟ ਆਈ ਪਾਜ਼ੇਟਿਵ

ਏਜੰਸੀ

ਖ਼ਬਰਾਂ, ਕੌਮਾਂਤਰੀ

ਖੁਦ ਨੂੰ ਕੀਤਾ 14 ਦਿਨਾਂ ਲਈ ਇਕਾਂਤਵਾਸ

Sheikh Rashid

ਇਸਲਾਮਾਬਾਦ : ਕਰੋਨਾ ਵਾਇਰਸ ਨੇ ਗੁਆਢੀ ਮੁਲਕ ਪਾਕਿਸਤਾਨ ਅੰਦਰ ਵੀ ਥਰਥੱਲੀ ਮਚਾਈ ਹੋਈ ਹੈ। ਪਾਕਿਸਤਾਨ ਅੰਦਰ ਵਧ ਰਹੇ ਕਰੋਨਾ ਮੀਟਰ ਦਾ ਅੰਦਾਜ਼ਾ ਇਸੇ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਹੁਣ ਇਸ ਦੇ ਮੰਤਰੀ ਵੀ ਇਸ ਬਿਮਾਰੀ ਤੋਂ ਸੁਰੱਖਿਅਤ ਨਹੀਂ ਰਹੇ। ਹੁਣ ਅਪਣੇ ਵਿਵਾਦਿਤ ਬਿਆਨਾਂ ਅਤੇ ਭਾਰਤ ਨੂੰ ਜੰਗ ਦੀਆਂ ਧਮਕੀਆਂ ਦੇਣ ਕਾਰਨ ਸੁਰਖੀਆਂ 'ਚ ਰਹਿਣ ਵਾਲੇ ਪਾਕਿ ਰੇਲ ਮੰਤਰੀ ਸ਼ੇਖ਼ ਰਾਸ਼ਿਦ ਦੀ ਕਰੋਨਾ ਰਿਪੋਰਟ ਵੀ ਪਾਜ਼ੇਟਿਵ ਆ ਗਈ ਹੈ।

ਭਾਰਤ 'ਤੇ ਪਾਅ ਪਾਅ ਦੇ ਪ੍ਰਮਾਣੂ ਬੰਬਾਂ ਨਾਲ ਹਮਲੇ ਦੀ ਧਮਕੀ ਦੇਣ ਵਾਲੇ ਉਕਤ ਮੰਤਰੀ ਨੂੰ ਕਰੋਨਾ ਹੋਣ ਸਬੰਧੀ ਜਾਣਕਾਰੀ ਪਾਕਿਸਤਾਨ ਦੇ ਰੇਲ ਮੰਤਰਾਲੇ ਨੇ ਜਾਰੀ ਬਿਆਨ 'ਚ ਦਿਤੀ ਹੈ। ਬਿਆਨ ਮੁਤਾਬਕ ਮੰਤਰੀ ਹੁਣ ਆਈਸੋਲੇਸ਼ਨ ਵਿਚ ਚਲੇ ਗਏ ਹਨ।

ਉੱਥੇ ਹੀ ਦੂਜੇ ਪਾਸੇ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਸ਼ਾਹਿਦ ਖ਼ਾਨ ਅੱਬਾਸੀ ਵੀ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਅੱਬਾਸੀ ਦੇ ਪਰਵਾਰਕ ਸੂਤਰਾਂ ਮੁਤਾਬਕ ਉਨ੍ਹਾਂ ਨੂੰ ਕਰੋਨਾ ਹੋਣ ਦੀ ਪੁਸ਼ਟੀ ਬੀਤੇ ਕੱਲ ਹੋਈ ਹੈ। ਦੋਵੇਂ ਆਗੂ ਹੁਣ ਇਕਾਂਤਵਾਸ 'ਚ ਚਲੇ ਗਏ ਹਨ।

ਕਾਬਲੇਗੌਰ ਹੈ ਕਿ ਪਾਕਿਸਤਾਨ ਵਿਚ ਪਿਛਲੇ 24 ਘੰਟਿਆਂ ਦੌਰਾਨ ਕਰੋਨਾ ਪੀੜਤਾਂ ਦੇ 4728 ਨਵੇਂ ਮਾਮਲੇ ਸਾਹਮਣੇ ਆਏ ਹਨ। ਪਾਕਿਸਤਾਨ ਅੰਦਰ ਕਰੋਨਾ ਪੀੜਤਾਂ ਦਾ ਅੰਕੜਾ ਹੁਣ ਇਕ ਲੱਖ ਤੋਂ ਪਾਰ ਪਹੁੰਚ ਚੁੱਕਾ ਹੈ। ਇਸ ਤੋਂ ਇਲਾਵਾ 65 ਨਵੀਆਂ ਮੌਤਾਂ ਤੋਂ ਬਾਅਦ ਮ੍ਰਿਤਕਾਂ ਦੀ ਗਿਣਤੀ ਵੀ 2067 ਤਕ ਪਹੁੰਚ ਚੁੱਕੀ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।