ਈਰਾਨ 'ਚ ਵਾਪਰਿਆ ਦਰਦਨਾਕ ਹਾਦਸਾ, ਪਟੜੀ ਤੋਂ ਉਤਰੀ ਟ੍ਰੇਨ, 10 ਲੋਕਾਂ ਦੀ ਗਈ ਜਾਨ
50 ਤੋਂ ਵੱਧ ਲੋਕ ਗੰਭੀਰ ਜ਼ਖਮੀ
ਤਹਿਰਾਨ: ਪੂਰਬੀ ਈਰਾਨ ਵਿੱਚ ਇੱਕ ਯਾਤਰੀ ਰੇਲਗੱਡੀ ਦੇ ਪਟੜੀ ਤੋਂ ਉਤਰਨ ਦੀ ਖ਼ਬਰ ਸਾਹਮਣੇ ਆਈ ਹੈ। ਖਬਰਾਂ ਮੁਤਾਬਕ ਬੁੱਧਵਾਰ ਨੂੰ ਯਾਤਰੀ ਟਰੇਨ ਦੇ 4 ਡੱਬੇ ਪਟੜੀ ਤੋਂ ਉਤਰ ਗਏ। ਇਸ ਹਾਦਸੇ 'ਚ ਘੱਟੋ-ਘੱਟ 10 ਯਾਤਰੀਆਂ ਦੇ ਮਾਰੇ ਜਾਣ ਦੀ ਖਬਰ ਹੈ। 50 ਤੋਂ ਵੱਧ ਲੋਕ ਜ਼ਖਮੀ ਹੋਏ ਹਨ। ਇਨ੍ਹਾਂ ਵਿੱਚੋਂ ਕੁਝ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਅਧਿਕਾਰੀਆਂ ਨੇ ਹਾਦਸੇ ਵਿੱਚ ਮਰਨ ਵਾਲਿਆਂ ਦੀ ਗਿਣਤੀ ਵਧਣ ਦਾ ਖਦਸ਼ਾ ਪ੍ਰਗਟਾਇਆ ਹੈ।
ਰਿਪੋਰਟ ਮੁਤਾਬਕ ਈਰਾਨ ਦੇ ਮਾਰੂਥਲ ਸ਼ਹਿਰ ਤਾਬਾਸ ਨੇੜੇ ਸਵੇਰ ਦੇ ਹਨੇਰੇ ਵਿੱਚ ਰੇਲਗੱਡੀ ਦੀਆਂ ਸੱਤ ਵਿੱਚੋਂ ਚਾਰ ਬੋਗੀਆਂ ਪਟੜੀ ਤੋਂ ਉਤਰ ਗਈਆਂ। ਫਿਲਹਾਲ ਮੌਕੇ 'ਤੇ ਬਚਾਅ ਕਾਰਜ ਜਾਰੀ ਹੈ। ਜ਼ਖਮੀਆਂ ਨੂੰ ਨਜ਼ਦੀਕੀ ਹਸਪਤਾਲ 'ਚ ਭੇਜ ਦਿੱਤਾ ਗਿਆ ਹੈ।
ਰੇਲ ਹਾਦਸਾ ਰਾਜਧਾਨੀ ਤਹਿਰਾਨ ਤੋਂ ਲਗਭਗ 550 ਕਿਲੋਮੀਟਰ (340 ਮੀਲ) ਦੂਰ ਤਾਬਾਸ ਸ਼ਹਿਰ ਤੋਂ ਘੱਟੋ-ਘੱਟ 30 ਮੀਲ ਦੱਖਣ-ਪੂਰਬ ਵਿੱਚ ਵਾਪਰਿਆ। ਇਹ ਸਥਾਨ ਤਾਬਾਸ ਸ਼ਹਿਰ ਨੂੰ ਯਜ਼ਦ ਸ਼ਹਿਰ ਨਾਲ ਜੋੜਦਾ ਹੈ। ਰਿਪੋਰਟ 'ਚ ਕਿਹਾ ਗਿਆ ਹੈ ਕਿ ਹਾਦਸੇ ਦੀ ਜਾਂਚ ਕੀਤੀ ਜਾ ਰਹੀ ਹੈ। ਹਾਲਾਂਕਿ ਕੁਝ ਮੀਡੀਆ ਰਿਪੋਰਟਾਂ 'ਚ ਇਹ ਵੀ ਕਿਹਾ ਜਾ ਰਿਹਾ ਹੈ ਕਿ ਟਰੇਨ ਖੁਦਾਈ ਕਰਨ ਵਾਲੀ ਮਸ਼ੀਨ ਨਾਲ ਟਕਰਾ ਗਈ।