ਭਾਰਤ ਤੋਂ ਸਿੱਖ ਸ਼ਰਧਾਲੂ ਜੋੜ ਮੇਲ ਲਈ ਪਾਕਿਸਤਾਨ ਪਹੁੰਚੇ 

ਏਜੰਸੀ

ਖ਼ਬਰਾਂ, ਕੌਮਾਂਤਰੀ

ਪੰਜਾਬ ਦੇ ਘੱਟ ਗਿਣਤੀ ਮਾਮਲਿਆਂ ਦੇ ਮੰਤਰੀ ਰਮੇਸ਼ ਸਿੰਘ ਅਰੋੜਾ ਅਤੇ ETPB ਦੇ ਸੀਨੀਅਰ ਅਧਿਕਾਰੀਆਂ ਨੇ ਵਾਹਗਾ ਸਰਹੱਦ ’ਤੇ  846 ਸਿੱਖ ਸ਼ਰਧਾਲੂਆਂ ਦਾ ਸਵਾਗਤ ਕੀਤਾ

Sikh pilgrims from India arrived in Pakistan

ਲਾਹੌਰ: ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਕਰਵਾਏ ਜਾ ਰਹੇ ਤਿੰਨ ਰੋਜ਼ਾ ਜੋੜ ਮੇਲ ’ਚ ਹਿੱਸਾ ਲੈਣ ਲਈ ਭਾਰਤ ਤੋਂ 800 ਤੋਂ ਵੱਧ ਸਿੱਖ ਸ਼ਰਧਾਲੂ ਸਨਿਚਰਵਾਰ  ਨੂੰ ਲਾਹੌਰ ਪਹੁੰਚੇ। ਜੋੜ ਮੇਲ 15 ਜੂਨ ਤੋਂ ਗੁਰਦੁਆਰਾ ਡੇਰਾ ਸਾਹਿਬ ਵਿਖੇ ਹੋਵੇਗਾ। 

ਇਵੈਕੁਈ ਟਰੱਸਟ ਪ੍ਰਾਪਰਟੀ ਬੋਰਡ (ETPB) ਦੇ ਅਧਿਕਾਰੀ ਗੁਲਾਮ ਮੋਹੀਉਦੀਨ ਨੇ ਦਸਿਆ ਕਿ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਅਤੇ ਪੰਜਾਬ ਦੇ ਘੱਟ ਗਿਣਤੀ ਮਾਮਲਿਆਂ ਦੇ ਮੰਤਰੀ ਰਮੇਸ਼ ਸਿੰਘ ਅਰੋੜਾ ਅਤੇ ETPB ਦੇ ਸੀਨੀਅਰ ਅਧਿਕਾਰੀਆਂ ਨੇ ਵਾਹਗਾ ਸਰਹੱਦ ’ਤੇ  846 ਸਿੱਖ ਸ਼ਰਧਾਲੂਆਂ ਦਾ ਸਵਾਗਤ ਕੀਤਾ। 

ਸਿੱਖ ਸ਼ਰਧਾਲੂਆਂ ਨੇ ਪਾਕਿਸਤਾਨ ਪਹੁੰਚਣ ’ਤੇ  ਖੁਸ਼ੀ ਜ਼ਾਹਰ ਕੀਤੀ। ਸ਼ਰਧਾਲੂਆਂ ਦੇ ਵਫ਼ਦ ਦੀ ਅਗਵਾਈ ਕਰਨ ਵਾਲੇ ਗੁਰਬਚਨ ਸਿੰਘ ਨੇ ਕਿਹਾ, ‘‘ਸਾਨੂੰ ਅਪਣੇ ਗੁਰੂ ਦੀ ਧਰਤੀ ’ਤੇ  ਜਾਣ ਦਾ ਮੌਕਾ ਮਿਲੇਗਾ। ਮੈਂ ਬਹੁਤ ਖੁਸ਼ ਹਾਂ।’’ ਪਾਕਿਸਤਾਨ ਦੇ ਪੰਜਾਬ ਸੂਬੇ ਦੇ ਪਹਿਲੇ ਸਿੱਖ ਮੰਤਰੀ ਅਰੋੜਾ ਨੇ ਕਿਹਾ ਕਿ ਸ਼ਰਧਾਲੂਆਂ ਲਈ ਸਾਰੇ ਪ੍ਰਬੰਧ ETPB ਨੇ ਕੀਤੇ ਹਨ, ਜੋ ਦੇਸ਼ ਵਿਚ ਘੱਟ ਗਿਣਤੀਆਂ ਦੇ ਮਾਮਲਿਆਂ ਦੀ ਦੇਖਭਾਲ ਕਰਦਾ ਹੈ। 

ਉਨ੍ਹਾਂ ਕਿਹਾ ਕਿ ਸ਼ਰਧਾਲੂਆਂ ਦੀ ਸੁਰੱਖਿਆ, ਆਵਾਜਾਈ ਅਤੇ ਮੈਡੀਕਲ ਸਹੂਲਤਾਂ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ। ਲਾਹੌਰ ਪਹੁੰਚਣ ਤੋਂ ਤੁਰਤ  ਬਾਅਦ ਭਾਰਤੀ ਸਿੱਖ ਸ਼ਰਧਾਲੂ ਲਾਹੌਰ ਤੋਂ ਕਰੀਬ 400 ਕਿਲੋਮੀਟਰ ਉੱਤਰ-ਪੱਛਮ ’ਚ ਹਸਨਅਬਦਾਲ ਸਥਿਤ ਗੁਰਦੁਆਰਾ ਪੰਜਾ ਸਾਹਿਬ ਲਈ ਰਵਾਨਾ ਹੋ ਗਏ। 

ਅਪਣੀ 10 ਦਿਨਾਂ ਯਾਤਰਾ ਦੌਰਾਨ ਭਾਰਤੀ ਸਿੱਖ ਸ਼ਰਧਾਲੂਆਂ ਨੇ ਗੁਰਦੁਆਰਾ ਜਨਮ ਅਸਥਾਨ, ਨਨਕਾਣਾ ਸਾਹਿਬ, ਗੁਰਦੁਆਰਾ ਸੱਚਾ ਸੌਦਾ, ਫਰੂਕਾਬਾਦ; ਗੁਰਦੁਆਰਾ ਕਰਤਾਰਪੁਰ ਸਾਹਿਬ, ਨਾਰੋਵਾਲ ਅਤੇ ਗੁਰਦੁਆਰਾ ਰੋਹਰੀ ਸਾਹਿਬ, ਅਮੀਨਾਬਾਦ ਦੇ ਦਰਸ਼ਨ ਲਈ ਜਾਣਗੇ। ਉਹ 17 ਜੂਨ ਨੂੰ ਵਾਪਸ ਆਉਣਗੇ।