ਦੁਨੀਆਂ ਦੇ ਸੱਭ ਤੋਂ ਵੱਧ ਉਮਰ ਦੇ ਸਰੀਰੋਂ ਜੁੜੇ ਭਰਾਵਾਂ ਦੀ ਮੌਤ
ਸਰਕਸ ਵਿਚ ਨੌਕਰੀ ਕਰ ਕੇ ਘਰ ਦਾ ਗੁਜ਼ਾਰਾ ਚਲਾਉਂਦੇ ਰਹੇ
ਡੇਟਨ (ਅਮਰੀਕਾ), 7 ਜੁਲਾਈ : ਦੁਨੀਆਂ ਦੇ ਸੱਭ ਤੋਂ ਵੱਧ ਉਮਰ ਦੇ ਸਰੀਰ ਰਾਹੀਂ ਜੁੜੇ ਭਰਾਵਾਂ ਦਾ ਚਾਰ ਜੁਲਾਈ ਨੂੰ ਦਿਹਾਂਤ ਹੋ ਗਿਆ। ਉਹ 68 ਸਾਲ ਦੇ ਸਨ। ਰੋਨੀ ਅਤੇ ਡੋਨੀ ਗੇਲਯਨ ਦਾ ਜਨਮ 28 ਅਕਤੂਬਰ 1951 ਨੂੰ ਓਹੀਓ ਦੇ ਵੇਵਰਕ੍ਰਿਕ ਵਿਚ ਹੋਇਆ ਸੀ। 2014 ਵਿਚ 63 ਸਾਲ ਦੀ ਉਮਰ ਵਿਚ ਉਨ੍ਹਾਂ ਸੱਭ ਤੋਂ ਵੱਧ ਸਮੇਂ ਤਕ ਜਿਊਣ ਵਾਲੇ ਸਰੀਰ ਨਾਲ ਜੁੜੇ ਭਰਾਵਾਂ ਦਾ ਰੀਕਾਰਡ ਬਣਾ ਲਿਆ ਸੀ। ਇਹ ਦੋਵੇਂ ਢਿੱਡ ਤੋਂ ਜੁੜੇ ਹੋਏ ਸਨ।
ਡਬਲਿਊਐਚਆਈਓ ਦੀ ਰੀਪੋਰਟ ਵਿਚ ਉਨ੍ਹਾਂ ਦੇ ਭਰਾ ਜਿਮ ਨੇ ਕਿਹਾ ਕਿ ਦੋਹਾਂ ਦਾ ਡੇਟਨ ਦੇ ਸਿਹਤ ਕੇਂਦਰ ਵਿਚ ਦਿਹਾਂਤ ਹੋ ਗਿਆ। ਡਾਕਟਰਾਂ ਨੇ ਕਿਹਾ ਕਿ ਉਨ੍ਹਾਂ ਦੀ ਮੌਤ ਕੁਦਰਤੀ ਸੀ। ਦੋਹਾਂ ਭਰਾਵਾਂ ਨੇ ਕਾਰਨੀਵਲ ਅਤੇ ਸਰਕਸ ਵਿਚ ਵੀ ਹਿੱਸਾ ਲਿਆ ਸੀ ਜਿਥੇ ਉਹ ਸਾਰਿਆਂ ਲਈ ਖਿੱਚ ਦਾ ਕੇਂਦਰ ਬਣੇ। ਜਿਮ ਗੇਲਯਨ ਨੇ ਕਿਹਾ ਕਿ ਉਨ੍ਹਾਂ ਦੀ ਤਨਖ਼ਾਹ ਨਾਲ ਕਈ ਸਾਲਾਂ ਤਕ ਘਰ ਦਾ ਗੁਜ਼ਾਰਾ ਚਲਦਾ ਰਿਹਾ। ਦੋਹਾਂ ਨੇ 1991 ਵਿਚ ਕੰਮ ਕਰਨਾ ਬੰਦ ਕਰ ਦਿਤਾ ਅਤੇ 2010 ਤਕ ਇਕੱਲੇ ਰਹੇ। ਫਿਰ ਸਿਹਤ ਸਬੰਧੀ ਪ੍ਰੇਸ਼ਾਨੀਆਂ ਵਧਣ ਕਾਰਨ ਉਨ੍ਹਾਂ ਪਰਵਾਰ ਨਾਲ ਰਹਿਣਾ ਸ਼ੁਰੂ ਕਰ ਦਿਤਾ।