Nepal-China Flood : ਨੇਪਾਲ-ਚੀਨ ਸਰਹੱਦ 'ਤੇ ਹੜ੍ਹ ਦੀ ਲਪੇਟ ’ਚ ਆਇਆ ‘ਮੈਤਰੀ ਪੁਲ’
Nepal-China Flood : 12 ਨੇਪਾਲੀ ਅਤੇ 6 ਚੀਨੀ ਨਾਗਰਿਕ ਲਾਪਤਾ
'Maitri Bridge' on Nepal-China Border Hit by Flood Latest News in Punjabi ਕਾਠਮੰਡੂ : ਮਾਨਸੂਨ ਦੇ ਦਾਖਲੇ ਤੋਂ ਬਾਅਦ, ਨਾ ਸਿਰਫ਼ ਭਾਰਤ ਸਗੋਂ ਨੇਪਾਲ ਦੇ ਕਈ ਇਲਾਕਿਆਂ ਵਿੱਚ ਮੀਂਹ ਨੇ ਤਬਾਹੀ ਮਚਾ ਦਿਤੀ ਹੈ। ਨਦੀਆਂ ਨੇ ਭਿਆਨਕ ਰੂਪ ਧਾਰਨ ਕਰ ਲਿਆ ਹੈ, ਜਿਸ ਕਾਰਨ ਕੁਝ ਥਾਵਾਂ 'ਤੇ ਹੜ੍ਹ ਦੇ ਹਾਲਾਤ ਪੈਦਾ ਹੋ ਗਏ ਹਨ। ਇਸ ਦਾ ਪ੍ਰਭਾਵ ਨੇਪਾਲ ਅਤੇ ਚੀਨ ਦੀ ਸਰਹੱਦ 'ਤੇ ਵੀ ਦੇਖਣ ਨੂੰ ਮਿਲ ਰਿਹਾ ਹੈ।
ਦਰਅਸਲ, ਨੇਪਾਲ ਅਤੇ ਚੀਨ ਵਿਚਕਾਰ ਬਣਿਆ ਮੈਤਰੀ ਪੁਲ ਵੀ ਹੜ੍ਹ ਦੀ ਲਪੇਟ ਵਿਚ ਆ ਗਿਆ ਹੈ। ਪਾਣੀ ਦੇ ਤੇਜ਼ ਵਹਾਅ ਵਿਚ ਨਾ ਸਿਰਫ਼ ਪੁਲ ਢਹਿ ਗਿਆ, ਸਗੋਂ 18 ਲੋਕ ਵੀ ਇਸ ਵਿਚ ਵਹਿ ਗਏ ਹਨ।
ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਮੈਤਰੀ ਪੁਲ ਨੇਪਾਲ ਅਤੇ ਚੀਨ ਨੂੰ ਜੋੜਨ ਵਾਲਾ ਮੁੱਖ ਪੁਲ ਸੀ। ਭੋਟੇਕੋਸ਼ੀ ਨਦੀ 'ਤੇ ਬਣਿਆ ਇਹ ਪੁਲ ਨੇਪਾਲ ਦੇ ਰਸੁਵਾ ਜ਼ਿਲ੍ਹੇ ਨੂੰ ਚੀਨ ਨਾਲ ਜੋੜਦਾ ਸੀ। ਹਾਲਾਂਕਿ, ਭਾਰੀ ਬਾਰਿਸ਼ ਕਾਰਨ ਭੋਟੇਕੋਸ਼ੀ ਨਦੀ ਵਿਚ ਹੜ੍ਹ ਦੇ ਹਾਲਾਤ ਪੈਦਾ ਹੋ ਗਏ। ਬੀਤੀ ਰਾਤ ਲਗਭਗ 3:15 ਵਜੇ ਹੜ੍ਹ ਵਿਚ ਪੁਲ ਵੀ ਵਹਿ ਗਿਆ।
ਦੱਸ ਦਈਏ ਕਿ ਨੇਪਾਲ ਦੀ ਰਾਜਧਾਨੀ ਕਾਠਮੰਡੂ ਤੋਂ ਸਿਰਫ਼ 120 ਕਿਲੋਮੀਟਰ ਦੂਰ ਸਥਿਤ ਇਹ ਪੁਲ ਤੇਜ਼ ਵਹਾਅ ਵਿਚ 18 ਲੋਕਾਂ ਸਮੇਤ ਵਹਿ ਗਿਆ। ਇਨ੍ਹਾਂ ਵਿਚ 12 ਨੇਪਾਲੀ ਅਤੇ 6 ਚੀਨੀ ਨਾਗਰਿਕ ਸ਼ਾਮਲ ਹਨ। ਅਧਿਕਾਰੀਆਂ ਅਨੁਸਾਰ, ਸਾਰੇ 18 ਲੋਕ ਅਜੇ ਵੀ ਲਾਪਤਾ ਹਨ ਅਤੇ ਉਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ।
ਰਾਸੁਵਾ ਦੇ ਮੁੱਖ ਜ਼ਿਲ੍ਹਾ ਅਧਿਕਾਰੀ ਅਰੁਣ ਪੌਡੇਲ ਦੇ ਅਨੁਸਾਰ, ਨਦੀ ਵਿਚ ਹੜ੍ਹ ਕਾਰਨ ਨੇਪਾਲ ਨੂੰ ਬਹੁਤ ਨੁਕਸਾਨ ਹੋਇਆ ਹੈ। ਪ੍ਰਸ਼ਾਸਨ ਨੇ ਨੇੜੇ ਰਹਿਣ ਵਾਲੇ ਲੋਕਾਂ ਨੂੰ ਸੁਰੱਖਿਅਤ ਥਾਂ 'ਤੇ ਜਾਣ ਦੇ ਨਿਰਦੇਸ਼ ਦਿਤੇ ਹਨ। ਨੇਪਾਲੀ ਫ਼ੌਜ ਅਤੇ ਪੁਲਿਸ ਸਾਂਝੇ ਤੌਰ 'ਤੇ 18 ਲਾਪਤਾ ਲੋਕਾਂ ਦੀ ਭਾਲ ਕਰ ਰਹੀ ਹੈ।
ਦੱਸਣਯੋਗ ਹੈ ਕਿ ਭੋਟੇਕੋਸ਼ੀ ਨਦੀ ਚੀਨ ਰਾਹੀਂ ਨੇਪਾਲ ਆਉਂਦੀ ਹੈ। ਨੇਪਾਲ ਅਤੇ ਚੀਨ ਨੂੰ ਜੋੜਨ ਲਈ ਇਸ ਨਦੀ 'ਤੇ ਇਕ ਪੁਲ ਬਣਾਇਆ ਗਿਆ ਸੀ। ਹਾਲਾਂਕਿ, ਚੀਨ ਦੇ ਹਿਮਾਲੀਅਨ ਖੇਤਰ ਵਿਚ ਭਾਰੀ ਬਾਰਿਸ਼ ਕਾਰਨ, ਭੋਟੇਕੋਸ਼ੀ ਨਦੀ ਅਚਾਨਕ ਖ਼ਤਰੇ ਦੇ ਨਿਸ਼ਾਨ ਤੋਂ ਉੱਪਰ ਵਹਿਣ ਲੱਗੀ। ਬੀਤੀ ਰਾਤ ਆਏ ਇਸ ਨਦੀ ਨੇ ਮੈਤਰੀ ਪੁਲ ਨੂੰ ਵੀ ਵਹਾ ਦਿਤਾ।
(For more news apart from 'Maitri Bridge' on Nepal-China Border Hit by Flood Latest News in Punjabi stay tuned to Rozana Spokesman.)