ਅਮਰੀਕਾ ’ਚ ਕੋਵਿਡ ਦੇ ਰੋਜ਼ਾਨਾ ਆ ਰਹੇ ਹਨ ਇਕ ਲੱਖ ਮਾਮਲੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਕੋਰੋਨਾ ਦੇ ਡੈਲਟਾ ਵੈਰੀਐਂਟ ਦੀ ਤਬਾਹੀ ਦਾ ਅਸਰ ਹੋਇਆ ਸ਼ੁਰੂ

Delta variant

ਬਾਲਟੀਮੋਰ: ਅਮਰੀਕਾ ਵਿਚ ਹਰ ਦਿਨ ਕੋਵਿਡ-19 ਦੇ ਔਸਤਨ 1 ਲੱਖ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ, ਜੋ ਸਰਦੀਆਂ ਵਿਚ ਸਿਖਰ ’ਤੇ ਪੁੱਜੇ ਮਾਮਲਿਆਂ ਤੋਂ ਜ਼ਿਆਦਾ ਹਨ। ਇਹ ਦਰਸਾਉਂਦਾ ਹੈ ਕਿ ਵਾਇਰਸ ਦਾ ਡੈਲਟਾ ਵੈਰੀਐਂਟ ਕਿੰਨੀ ਤੇਜ਼ੀ ਨਾਲ ਦੇਸ਼ ਭਰ ਵਿਚ ਫੈਲ ਰਿਹਾ ਹੈ। ਦੇਸ਼ ਵਿਚ ਜੂਨ ਦੇ ਆਖ਼ੀਰ ਤੋਂ ਹੀ ਹਰ ਦਿਨ ਔਸਤਨ 11,000 ਮਾਮਲੇ ਸਾਹਮਣੇ ਆ ਰਹੇ ਹਨ। ਹੁਣ ਇਹ ਗਿਣਤੀ 1,07,143 ਹੋ ਗਈ ਹੈ।

ਅਮਰੀਕਾ ਨੂੰ 1,00,000 ਔਸਤ ਮਾਮਲਿਆਂ ਦਾ ਅੰਕੜਾ ਪਾਰ ਕਰਨ ਵਿਚ ਕਰੀਬ 9 ਮਹੀਨੇ ਲੱਗੇ। ਜਨਵਰੀ ਦੀ ਸ਼ੁਰੂਆਤ ਤਕ ਮਾਮਲੇ ਕਰੀਬ 2,50,000 ’ਤੇ ਪਹੁੰਚ ਗਏ ਸਨ। 70 ਫ਼ੀ ਸਦੀ ਤੋਂ ਜ਼ਿਆਦਾ ਬਾਲਗ ਆਬਾਦੀ ਦੇ ਟੀਕਾਕਰਨ ਦੇ ਬਾਵਜੂਦ ਮਾਮਲੇ ਵਧੇ ਹਨ। ਇਹ ਵਾਇਰਸ ਉਨ੍ਹਾਂ ਲੋਕਾਂ ਵਿਚ ਤੇਜ਼ੀ ਨਾਲ ਫੈਲ ਰਿਹਾ ਹੈ, ਜਿਨ੍ਹਾਂ ਨੇ ਟੀਕਾ ਨਹੀਂ ਲਗਵਾਇਆ ਹੈ।

ਦਖਣੀ ਅਮਰੀਕਾ ਵਿਚ ਫਲੋਰਿਡਾ, ਲੁਸੀਆਨਾ ਅਤੇ ਮਿਸੀਸਿਪੀ ਵਿਚ ਹਸਪਤਾਲ ਮਰੀਜ਼ਾਂ ਨਾਲ ਭਰ ਗਏ ਹਨ। ਰੋਗ ਕੰਟਰੋਲ ਅਤੇ ਰੋਕਥਾਮ ਕੇਂਦਰ ਦੇ ਨਿਰਦੇਸ਼ਕ ਰੋਚੇਲੇ ਵਾਲੇਨਸਕੀ ਨੇ ਇਸ ਹਫ਼ਤੇ ਕਿਹਾ, ‘ਸਾਡੇ ਮਾਡਲ ਦੱਸਦੇ ਹਨ ਕਿ ਜੇਕਰ ਅਸੀਂ ਲੋਕਾਂ ਨੂੰ ਟੀਕਾ ਨਹੀਂ ਲਗਾਉਂਦੇ ਤਾਂ ਇਕ ਦਿਨ ਵਿਚ ਕਈ ਸੈਂਕੜੇ ਹਜ਼ਾਰ ਤਕ ਮਾਮਲੇ ਸਾਹਮਣੇ ਆ ਸਕਦੇ ਹਨ, ਜੋ ਜਨਵਰੀ ਵਿਚ ਸਿਖ਼ਰ ’ਤੇ ਪਹੁੰਚੇ ਮਾਮਲਿਆਂ ਦੇ ਬਰਾਬਰ ਹਨ।’

ਹਸਪਤਾਲ ਵਿਚ ਭਰਤੀ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਜ਼ਿਆਦਾ ਵੱਧ ਗਈ ਹੈ ਅਤੇ ਮਰੀਜ਼ਾਂ ਲਈ ਕਈ ਹਸਪਤਾਲਾਂ ਵਿਚ ਬੈੱਡ ਮਿਲਣਾ ਮੁਸ਼ਕਲ ਹੋ ਗਿਆ ਹੈ। ਹਿਊਸਟਨ ਵਿਚ ਅਧਿਕਾਰੀਆਂ ਨੇ ਦਸਿਆ ਕਿ ਕੋਵਿਡ-19 ਦੀ ਨਵੀਂ ਲਹਿਰ ਨਾਲ ਸਥਾਨਕ ਸਿਹਤ ਦੇਖ਼ਭਾਲ ਵਿਵਸਥਾ ਲੱਗਭਗ ਪ੍ਰਭਾਵਤ ਹੋ ਗਈ ਹੈ, ਜਿਸ ਨਾਲ ਕੁੱਝ ਮਰੀਜ਼ਾਂ ਨੂੰ ਸ਼ਹਿਰ ਦੇ ਬਾਹਰ ਦੇ ਹਸਪਤਾਲਾਂ ਵਿਚ ਭਰਤੀ ਕਰਾਉਣਾ ਪਿਆ ਹੈ। ਹਿਊਸਟਨ ਸਿਹਤ ਵਿਭਾਗ ਅਤੇ ਈ.ਐਮ.ਐਸ. ਮੈਡੀਕਲ ਡਾਇਰੈਕਟਰ ਡਾ. ਡੈਵਿਡ ਪਰਸੇ ਨੇ ਕਿਹਾ ਕਿ ਕੁੱਝ ਐਂਬੂਲੈਂਸ ਹਿਊਸਟਨ ਇਲਾਕੇ ਦੇ ਹਸਪਤਾਲਾਂ ਵਿਚ ਮਰੀਜ਼ਾਂ ਨੂੰ ਉਤਾਰਣ ਲਈ ਘੰਟਿਆਂ ਤਕ ਇੰਤਜ਼ਾਰ ਕਰਦੀਆਂ ਰਹੀਆਂ, ਕਿਉਂਕਿ ਕੋਈ ਬੈੱਡ ਉਪਲਬੱਧ ਨਹੀਂ ਸੀ।