ਸੂਡਾਨ ’ਚ ਗ੍ਰਹਿ ਜੰਗ ਦੌਰਾਨ 20,000 ਤੋਂ ਵੱਧ ਲੋਕਾਂ ਦੀ ਮੌਤ: ਸੰਯੁਕਤ ਰਾਸ਼ਟਰ 

ਏਜੰਸੀ

ਖ਼ਬਰਾਂ, ਕੌਮਾਂਤਰੀ

ਪਿਛਲੇ ਸਾਲ ਅਪ੍ਰੈਲ ਤੋਂ ਫੌਜ ਅਤੇ ਸ਼ਕਤੀਸ਼ਾਲੀ ਨੀਮ ਫੌਜੀ ਸਮੂਹ ਰੈਪਿਡ ਸਪੋਰਟ ਫੋਰਸ ਵਿਚਾਲੇ ਜੰਗ ਜਾਰੀ ਹੈ

Sudan

ਕਾਹਿਰਾ: ਸੰਯੁਕਤ ਰਾਸ਼ਟਰ ਦੇ ਇਕ ਸੀਨੀਅਰ ਅਧਿਕਾਰੀ ਨੇ ਐਤਵਾਰ ਨੂੰ ਕਿਹਾ ਕਿ ਸੁਡਾਨ ’ਚ 16 ਮਹੀਨਿਆਂ ਤੋਂ ਵੱਧ ਸਮੇਂ ਤੋਂ ਚੱਲ ਰਹੀ ਜੰਗ ’ਚ 20,000 ਤੋਂ ਜ਼ਿਆਦਾ ਲੋਕ ਮਾਰੇ ਗਏ ਹਨ। ਉੱਤਰ-ਪੂਰਬੀ ਅਫਰੀਕੀ ਦੇਸ਼ ਵਿਚ ਵਿਨਾਸ਼ਕਾਰੀ ਸੰਘਰਸ਼ ਦੇ ਵਿਚਕਾਰ ਅੰਕੜੇ ਹੈਰਾਨ ਕਰਨ ਵਾਲੇ ਹਨ। 

ਵਿਸ਼ਵ ਸਿਹਤ ਸੰਗਠਨ (WHO) ਦੇ ਡਾਇਰੈਕਟਰ ਜਨਰਲ ਟੇਡਰੋਸ ਐਡਹਾਨੋਮ ਗੈਬਰੇਯੇਸਸ ਨੇ ਸੂਡਾਨ ਦੇ ਲਾਲ ਸਾਗਰ ਦੇ ਸ਼ਹਿਰ ਪੋਰਟ ਸੂਡਾਨ ’ਚ ਇਕ  ਪ੍ਰੈਸ ਕਾਨਫਰੰਸ ’ਚ ਇਹ ਜਾਣਕਾਰੀ ਦਿਤੀ। ਪੋਰਟ ਸੂਡਾਨ ਕੌਮਾਂਤਰੀ  ਪੱਧਰ ’ਤੇ  ਮਾਨਤਾ ਪ੍ਰਾਪਤ, ਫੌਜੀ-ਸਮਰਥਿਤ ਸਰਕਾਰ ਦੀ ਸੀਟ ਵਜੋਂ ਕੰਮ ਕਰਦਾ ਹੈ। 

ਉਨ੍ਹਾਂ ਕਿਹਾ ਕਿ ਸੂਡਾਨ ਵਿਚ ਜੰਗ ਵਿਚ ਮਰਨ ਵਾਲਿਆਂ ਦੀ ਗਿਣਤੀ ਵਧੇਰੇ ਹੋ ਸਕਦੀ ਹੈ। ਟੇਡਰੋਸ ਨੇ ਇਹ ਗੱਲ ਸੂਡਾਨ ਦੀ ਅਪਣੀ ਦੋ ਦਿਨਾਂ ਯਾਤਰਾ ਦੇ ਅੰਤ ’ਤੇ  ਕਹੀ। ਟੇਡਰੋਸ ਨੇ ਕਿਹਾ, ‘‘ਸੂਡਾਨ ਸੰਕਟ ਦੇ ਭਿਆਨਕ ਤੂਫਾਨ ਦਾ ਸਾਹਮਣਾ ਕਰ ਰਿਹਾ ਹੈ।’’

ਉਨ੍ਹਾਂ ਕਿਹਾ ਕਿ ਸੂਡਾਨ ਵਿਚ ਐਮਰਜੈਂਸੀ ਵਰਗੀ ਸਥਿਤੀ ਹੈਰਾਨ ਕਰਨ ਵਾਲੀ ਹੈ ਅਤੇ ਸੰਘਰਸ਼ ਨੂੰ ਰੋਕਣ ਲਈ ਕੀਤੀ ਜਾ ਰਹੀ ਕਾਰਵਾਈ ਵੀ ਨਾਕਾਫੀ ਹੈ। ਸੂਡਾਨ ’ਚ ਪਿਛਲੇ ਸਾਲ ਅਪ੍ਰੈਲ ’ਚ ਉਸ ਸਮੇਂ ਹਫੜਾ-ਦਫੜੀ ਮਚ ਗਈ ਸੀ, ਜਦੋਂ ਫੌਜ ਅਤੇ ਸ਼ਕਤੀਸ਼ਾਲੀ ਨੀਮ ਫੌਜੀ ਸਮੂਹ ਰੈਪਿਡ ਸਪੋਰਟ ਫੋਰਸ ਵਿਚਾਲੇ ਤਣਾਅ ਦੇਸ਼ ਭਰ ’ਚ ਜੰਗ ’ਚ ਬਦਲ ਗਿਆ ਸੀ।