ਨੇਪਾਲ ’ਚ 16 ਪ੍ਰਦਰਸ਼ਨਕਾਰੀਆਂ ਦੀ ਮੌਤ, 100 ਤੋਂ ਵੱਧ ਹੋਏ ਜ਼ਖਮੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਸ਼ੋਸ਼ਲ ਮੀਡੀਆ ਐਪਸ ਨੂੰ ਬੈਨ ਕਰਨ ਦੇ ਵਿਰੋਧ 'ਚ ਕੀਤਾ ਜਾ ਰਿਹਾ ਹੈ ਪ੍ਰਦਰਸ਼ਨ

Protesters enter Nepal's parliament building

ਕਾਠਮੰਡੂ : ਨੇਪਾਲ ’ਚ ਵਟਸਐਪ ਸਮੇਤ 26 ਸੋਸ਼ਲ ਮੀਡੀਆ ਐਪਸ ਨੂੰ ਬੈਨ ਕਰਨ ਦੇ ਖਿਲਾਫ਼ ਪ੍ਰਦਰਸ਼ਨ ਕਰ ਰਹੇ ਨੌਜਵਾਨ ਸੰਸਦ ਭਵਨ ’ਚ ਦਾਖਲ ਹੋ ਗਏ। ਨੇਪਾਲ ਪੁਲਿਸ ਅਨੁਸਾਰ 12 ਹਜ਼ਾਰ ਤੋਂ ਜ਼ਿਆਦਾ ਪ੍ਰਦਰਸ਼ਨਕਾਰੀਆਂ ਨੇ ਸੰਸਦ ਭਵਨ ਦੇ ਗੇਟ ਨੰਬਰ 1 ਅਤੇ 2 ’ਤੇ ਕਬਜ਼ਾ ਕਰ ਲਿਆ ਹੈ। ਜਿਸ ਤੋਂ ਬਾਅਦ ਸੰਸਦ ਭਵਨ, ਰਾਸ਼ਟਰਪਤੀ, ਉਪਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਦੀ ਰਿਹਾਇਸ਼ ਵਾਲੇ ਇਲਾਕਿਆਂ ਵਿੱਚ ਕਰਫਿਊ ਲਗਾ ਦਿੱਤਾ ਗਿਆ ਹੈ ਅਤੇ ਸਥਿਤੀ ਨੂੰ ਕਾਬੂ ਕਰਨ ਲਈ ਫੌਜ ਨੂੰ ਤਾਇਨਾਤ ਕਰ ਦਿੱਤਾ ਗਿਆ ਹੈ।

ਪੁਲਿਸ ਨੇ ਪ੍ਰਦਰਸ਼ਨਕਾਰੀਆਂ ਨੂੰ ਰੋਕਣ ਲਈ ਅੱਥਰੂ ਗੈਸ ਦੇ ਗੋਲੇ ਦਾਗੇ ਅਤੇ ਉਨ੍ਹਾਂ ’ਤੇ ਪਾਣੀ ਦੀ ਬੁਛਾਰ ਕੀਤੀ ਗਈ। ਇਸੇ ਦੌਰਾਨ ਕਈ ਰਾਉਂਡ ਫਾਇਰਿੰਗ ਵੀ ਕੀਤੀ ਗਈ, ਜਿਸ ਕਾਰਨ 16 ਪ੍ਰਦਰਸ਼ਨਕਾਰੀਆਂ ਦੀ ਮੌਤ ਹੋ ਗਈ ਜਦਕਿ 100 ਤੋਂ ਵੱਧ ਪ੍ਰਦਰਸ਼ਨਕਾਰੀਆਂ ਦੇ ਜ਼ਖਮੀ ਹੋਣ ਦੀ ਖ਼ਬਰ ਹੈ। ਪ੍ਰਧਾਨ ਮੰਤਰੀ ਕੇ.ਪੀ.ਸ਼ਰਮਾ ਓਲੀ ਦੀ ਸਰਕਾਰ ਦੇ ਖਿਲਾਫ਼ ਕਾਠਮੰਡੂ ਦੇ ਕਈ ਸ਼ਹਿਰਾਂ ’ਚ ਇਹ ਪ੍ਰਦਰਸ਼ਨ ਹੋ ਰਹੇ ਸਨ। ਜਿਸ ਦੇ ਚਲਦਿਆਂ ਕਾਠਮੰਡੂ ’ਚ ਪਹਿਲਾਂ ਹੀ ਕਰਫਿਊ ਲਗਾ ਦਿੱਤਾ ਗਿਆ ਸੀ ਅਤੇ ਸੁਰੱਖਿਆ ਪ੍ਰਬੰਧ ਮਜ਼ਬੂਤ ਕਰ ਦਿੱਤੇ ਗਏ ਸਨ। ਜਿਸ ਤੋਂ ਬਾਅਦ ਪ੍ਰਦਰਸ਼ਨਕਾਰੀ ਭੜਕ ਉਠੇ। ਜ਼ਿਕਰਯੋਗ ਹੈ ਕਿ ਨੇਪਾਲ ਦੇ ਇਤਿਹਾਸ ’ਚ ਸੰਸਦ ’ਚ ਘੁਸਪੈਠ ਦਾ ਇਹ ਪਹਿਲਾ ਮਾਮਲਾ ਹੈ।