ਅਮਰੀਕਾ ਤੋਂ ਬਾਅਦ ਹੁਣ ਇਜ਼ਰਾਈਲ 'ਚ ਭਾਰਤੀ ਮੂਲ ਦੇ ਨੌਜਵਾਨ ਦਾ ਬੇਰਹਿਮੀ ਨਾਲ ਕੀਤਾ ਕਤਲ

ਏਜੰਸੀ

ਖ਼ਬਰਾਂ, ਕੌਮਾਂਤਰੀ

ਮ੍ਰਿਤਕ ਨੌਜਵਾਨ ਕੁੱਝ ਮਹੀਨੇ ਪਹਿਲਾ ਪਰਿਵਾਰ ਸਮੇਤ ਗਿਆ ਸੀ ਇਜ਼ਰਾਈਲ

After America, now in Israel, a young man of Indian origin was brutally murdered

 

ਚੈਟਜ਼ੋਰ ਹੈਗਲਿਲਿਟ: ਵਿਦੇਸ਼ਾਂ ’ਚ ਭਾਰਤੀਆਂ ’ਤੇ ਲਗਾਤਾਰ ਹਮਲੇ ਕੀਤੇ ਜਾ ਰਹੇ ਹਨ। ਜਿੱਥੇ ਅਮਰੀਕਾ ’ਚ ਇਕ ਭਾਰਤੀ ਮੂਲ ਪਰਿਵਾਰ ਦਾ ਬੇਰਹਿਮੀ ਨਾਲ ਕਤਲ ਕੀਤਾ ਗਿਆ ਉੱਥੇ ਹੀ ਇਕ ਖ਼ਬਰ ਇਜ਼ਰਾਈਲ ਤੋਂ ਵੀ ਸਾਹਮਣੇ ਆਈ ਹੈ। ਪੁਲਿਸ ਨੇ ਉੱਤਰੀ ਸ਼ਹਿਰ ਕਿਰਿਆਤ ਸ਼ਮੋਨਾ ਵਿੱਚ ਇੱਕ ਜਨਮ ਦਿਨ ਦੀ ਪਾਰਟੀ ਵਿੱਚ ਭਾਰਤੀ ਮੂਲ ਦੇ ਇੱਕ ਨੌਜਵਾਨ ਦਾ ਚਾਕੂ ਮਾਰ ਕੇ ਕਤਲ ਕਰਨ ਦੇ ਦੋਸ਼ ਵਿੱਚ 8 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ਦੀ ਉਮਰ 13 ਤੋਂ 15 ਸਾਲ ਦਰਮਿਆਨ ਹੈ। 18 ਸਾਲਾ ਯੋਏਲ ਲੇਹਿੰਗਹੇਲ ਭਾਰਤ ਤੋਂ ਕੁੱਝ ਮਹੀਨੇ ਪਹਿਲਾਂ ਆਪਣੇ ਪਰਿਵਾਰ ਨਾਲ ਇਜ਼ਰਾਈਲ ਆਇਆ ਸੀ। ਇਹ ਭਾਰਤੀ ਪਰਿਵਾਰ ਇਜ਼ਰਾਈਲ ਦੇ ਉੱਤਰੀ ਜ਼ਿਲ੍ਹੇ ਦੇ ਇੱਕ ਸ਼ਹਿਰ ਨੋਫ ਹਾਗਲਿਲ ਵਿੱਚ ਰਹਿੰਦਾ ਸੀ। 

ਇੱਕ ਰਿਪੋਰਟ ਅਨੁਸਾਰ ਪੁਲਿਸ ਨੇ ਨੇੜਲੇ ਚੈਟਜ਼ੋਰ ਹੈਗਲਿਲਿਟ ਸ਼ਹਿਰ ਦੇ ਰਹਿਣ ਵਾਲੇ 15 ਸਾਲਾ ਨਿਵਾਸੀ ਦੇ ਨਾਲ 7 ਹੋਰ ਨੌਜਵਾਨਾਂ ਨੂੰ ਹਿਰਾਸਤ ਵਿੱਚ ਲਿਆ ਹੈ, ਜਿਨ੍ਹਾਂ ਦੀ ਉਮਰ 13 ਤੋਂ 15 ਸਾਲ ਦੇ ਵਿਚਕਾਰ ਹੈ। ਨਿਊਜ਼ ਪੋਰਟਲ ਯਨੈਟ ਨੇ ਰਿਪੋਰਟ ਦਿੱਤੀ ਕਿ ਜਨਮਦਿਨ ਦੀ ਪਾਰਟੀ ਵਿੱਚ 20 ਤੋਂ ਵੱਧ ਕਿਸ਼ੋਰਾਂ ਦੀ ਲੜਾਈ ਹੋ ਗਈ ਸੀ। ਦਰਅਸਲ ਲੇਹਿੰਗਹੇਲ ਪਾਰਟੀ ਵਿਚ ਆਪਣੇ ਇਕ ਹੋਰ ਦੋਸਤ ਨੂੰ ਮਿਲਣ ਲਈ ਨੋਫ ਹਾਗਲਿਲ ਗਿਆ ਸੀ ਜੋ ਭਾਰਤ ਤੋਂ ਇਜ਼ਰਾਈਲ ਆਇਆ ਸੀ। 

ਮੀਡੀਆ ਰਿਪੋਰਟਾਂ ਹਨ ਕਿ ਲੇਹਿੰਗਹੇਲ ਨੇ ਸ਼ੁੱਕਰਵਾਰ ਤੱਕ ਘਰ ਪਰਤਣਾ ਸੀ ਪਰ ਉਸ ਦਾ ਕੋਈ ਸੁਰਾਗ ਨਾ ਮਿਲਣ ਕਾਰਨ ਪਰਿਵਾਰਕ ਮੈਂਬਰ ਬੇਚੈਨ ਹੋ ਗਏ। ਇਸ ਦੌਰਾਨ ਉਸ ਦੇ ਇਕ ਦੋਸਤ ਨੇ ਪਰਿਵਾਰਕ ਮੈਂਬਰਾਂ ਨੂੰ ਫੋਨ 'ਤੇ ਜਾਣਕਾਰੀ ਦਿੱਤੀ ਕਿ ਪਾਰਟੀ ਦੌਰਾਨ ਹੋਈ ਲੜਾਈ ਵਿਚ ਲੇਹਿੰਗਹੇਲ ਜ਼ਖ਼ਮੀ ਹੋ ਗਿਆ ਸੀ ਅਤੇ ਉਸ ਨੂੰ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। ਪਰਿਵਾਰ ਦੇ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਉਨ੍ਹਾਂ ਨੂੰ ਪੁੱਤਰ ਦੀ ਮੌਤ ਦੀ ਸੂਚਨਾ ਮਿਲ ਗਈ।