ਕਾਰ 'ਚ ਬਰਗਰ ਖਾ ਰਹੇ ਨੌਜਵਾਨ 'ਤੇ ਪੁਲਿਸ ਨੇ ਚਲਾਈਆਂ ਗੋਲੀਆਂ, ਵੀਡੀਓ ਵਾਇਰਲ
ਰਿਪੋਰਟਾਂ ਮੁਤਾਬਕ ਗੋਲੀਬਾਰੀ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲਿਸ ਮੁਲਾਜ਼ਮ ਨੂੰ ਬਰਖ਼ਾਸਤ ਕਰ ਦਿੱਤਾ ਗਿਆ ਹੈ
ਵਸ਼ਿੰਗਟਨ - ਇਸ ਮਹੀਨੇ ਦੇ ਸ਼ੁਰੂ ਵਿਚ ਅਮਰੀਕਾ ਵਿਚ ਇੱਕ ਬਾਲਗ ਨੂੰ ਗੋਲੀ ਮਾਰਨ ਦੇ ਦੋਸ਼ੀ ਇੱਕ ਪੁਲਿਸ ਕਰਮਚਾਰੀ ਦੇ ਖਿਲਾਫ਼ ਕਾਰਵਾਈ ਕੀਤੀ ਗਈ ਹੈ। ਅਮਰੀਕੀ ਮੀਡੀਆ ਰਿਪੋਰਟਾਂ ਮੁਤਾਬਕ ਗੋਲੀਬਾਰੀ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲਿਸ ਮੁਲਾਜ਼ਮ ਨੂੰ ਬਰਖ਼ਾਸਤ ਕਰ ਦਿੱਤਾ ਗਿਆ ਹੈ। ਇਹ ਕਾਰਵਾਈ ਸ਼ੁੱਕਰਵਾਰ ਨੂੰ ਕੀਤੀ ਗਈ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਐਤਵਾਰ ਨੂੰ ਸੈਨ ਐਂਟੋਨੀਓ ਦੇ ਪੁਲਿਸ ਅਧਿਕਾਰੀ ਜੇਮਸ ਬ੍ਰੇਨੈਂਡ ਨੇ 17 ਸਾਲਾ ਐਰਿਕ ਕੈਂਟੂ 'ਤੇ ਉਸ ਸਮੇਂ ਗੋਲੀਆਂ ਚਲਾਈਆਂ ਜਦੋਂ ਉਹ ਮੈਕਡੋਨਲਡਜ਼ ਕਾਰ ਪਾਰਕਿੰਗ ਖੇਤਰ ਵਿਚ ਆਪਣੀ ਕਾਰ ਦੇ ਅੰਦਰ ਬੈਠਾ ਉਹ ਬਰਗਰ ਖਾ ਰਿਹਾ ਸੀ। ਗੋਲੀਬਾਰੀ ਦੀ ਘਟਨਾ ਤੋਂ ਬਾਅਦ ਪੁਲਿਸ ਅਧਿਕਾਰੀ ਨੇ ਉਸ 'ਤੇ ਕਾਰ ਭਜਾਉਣ ਤੇ ਹਮਾਲ ਕਰਨ ਦਾ ਦੋਸ਼ ਲਗਾਇਆ। ਫਿਲਹਾਲ ਪੀੜਤ ਨਾਬਾਲਗ ਦਾ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ। ਅਮਰੀਕੀ ਮੀਡੀਆ ਰਿਪੋਰਟਾਂ ਮੁਤਾਬਕ ਪੁਲਿਸ ਦੇ ਬਾਡੀ ਕੈਮਰੇ ਦੀ ਫੁਟੇਜ ਜਾਰੀ ਹੋਣ ਤੋਂ ਬਾਅਦ ਨੌਜਵਾਨ ਨੂੰ ਆਰੋਪਾਂ ਤੋਂ ਮੁਕਤ ਕਰ ਦਿੱਤਾ ਗਿਆ।
ਫੁਟੇਜ 'ਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਪੁਲਿਸ ਇਕ ਪਾਰਕ ਕੀਤੀ ਗੱਡੀ ਦੇ ਨੇੜੇ ਆਉਂਦੀ ਹੈ ਅਤੇ ਅਚਾਨਕ ਉਸ ਦਾ ਦਰਵਾਜ਼ਾ ਖੋਲ੍ਹਦੀ ਹੈ। ਫਿਰ ਉਹ ਅੰਦਰੋਂ ਬਰਗਰ ਖਾਂਦੇ ਲੜਕੇ ਨੂੰ ਬਾਹਰ ਆਉਣ ਲਈ ਕਹਿੰਦੇ ਹਨ। ਇਸ ’ਤੇ ਜਦੋਂ ਐਰਿਕ ਕੈਂਟੂ ਨੇ ਪੁਲਿਸ ਮੁਲਾਜ਼ਮ ਨੂੰ ਸਵਾਲ ਕੀਤਾ ਕਿ ਉਸ ਨੂੰ ਬਾਹਰ ਆਉਣ ਲਈ ਕਿਉਂ ਕਿਹਾ ਜਾ ਰਿਹਾ ਹੈ ਤਾਂ ਪੁਲਿਸ ਮੁਲਾਜ਼ਮ ਨੇ ਉਸ ਨੂੰ ਫੜਨ ਦੀ ਕੋਸ਼ਿਸ਼ ਕੀਤੀ। ਇੰਨਾ ਹੀ ਨਹੀਂ ਉਸ ਨੂੰ ਜ਼ਬਰਦਸਤੀ ਕਾਰ 'ਚੋਂ ਬਾਹਰ ਕੱਢਣ ਦੀ ਕੋਸ਼ਿਸ਼ ਵੀ ਕੀਤੀ। ਇਸ ਦੌਰਾਨ ਨੌਜਵਾਨ ਨੇ ਦਰਵਾਜ਼ਾ ਬੰਦ ਕਰਕੇ ਮੌਕੇ ਤੋਂ ਭੱਜਣ ਦੀ ਕੋਸ਼ਿਸ਼ ਕੀਤੀ।
ਇਸ 'ਤੇ ਪੁਲਿਸ ਨੇ ਕਾਰ 'ਤੇ ਕਈ ਗੋਲੀਆਂ ਚਲਾਈਆਂ। ਰਿਪੋਰਟਾਂ ਦੇ ਅਨੁਸਾਰ, ਕਾਰ ਕਥਿਤ ਤੌਰ 'ਤੇ ਇੱਕ ਬਲਾਕ ਤੋਂ ਦੂਰ ਪਾਈ ਗਈ ਸੀ। ਲੜਕੇ ਨੂੰ ਕਈ ਗੋਲੀਆਂ ਲੱਗੀਆਂ। ਇਸ ਦੇ ਨਾਲ ਹੀ ਕਾਰ 'ਚ ਯਾਤਰੀ ਸੀਟ 'ਤੇ 17 ਸਾਲਾ ਲੜਕੀ ਵੀ ਸਵਾਰ ਸੀ, ਹਾਲਾਂਕਿ ਉਸ ਨੂੰ ਕੋਈ ਸੱਟ ਨਹੀਂ ਲੱਗੀ। ਸੈਨ ਐਂਟੋਨੀਓ ਦੇ ਮੁੱਖ ਪੁਲਿਸ ਅਧਿਕਾਰੀ ਵਿਲੀਅਮ ਮੈਕਮੈਨਸ ਨੇ ਘਟਨਾ ਦੀ ਵੀਡੀਓ ਜਾਰੀ ਹੋਣ ਤੋਂ ਬਾਅਦ ਪ੍ਰਤੀਕਿਰਿਆ ਦਿੱਤੀ ਹੈ। ਉਹਨਾਂ ਕਿਹਾ ਕਿ ਜੇਮਜ਼ ਬ੍ਰੇਨੈਂਡ ਨੇ ਉਸ ਰਾਤ ਜੋ ਕੀਤਾ ਉਸ ਦੇ ਸਮਰਥਨ ਵਿਚ ਉਸ ਦਾ ਬਚਾਅ ਕਰਨ ਲਈ ਕੋਈ ਵੀ ਨਹੀਂ ਸੀ। ਉਨ੍ਹਾਂ ਕਿਹਾ ਕਿ ਅਧਿਕਾਰੀਆਂ ਨੂੰ ਚਲਦੇ ਵਾਹਨਾਂ 'ਤੇ ਗੋਲੀ ਚਲਾਉਣ ਦੀ ਮਨਾਹੀ ਹੈ ਜਦੋਂ ਤੱਕ ਕਿ ਆਪਣੀ ਜਾਨ ਬਚਾਉਣ ਲਈ ਗੋਲੀ ਚਲਾਉਣੀ ਜ਼ਰੂਰੀ ਨਾ ਹੋਵੇ।