ਹਮਾਸ ਅਤੇ ਇਜ਼ਰਾਈਲ ਦੀ ਲੜਾਈ ’ਚ ਹਿਜ਼ਬੁੱਲਾ ਵੀ ਸ਼ਾਮਲ, ਸੈਂਕੜਿਆਂ ਦੀ ਮੌਤ

ਏਜੰਸੀ

ਖ਼ਬਰਾਂ, ਕੌਮਾਂਤਰੀ

ਅੱਠ ਥਾਵਾਂ ’ਤੇ ਹਮਾਸ ਦੇ ਅਤਿਵਾਦੀਆਂ ਨਾਲ ਲੜ ਰਹੀ ਹੈ ਇਜ਼ਰਾਇਲੀ ਫੌਜ, ਕਈ ਰਿਹਾਇਸ਼ੀ ਇਮਾਰਤਾਂ ਨੂੰ ਤਬਾਹ, ਲੋਕ ਘਰ ਛੱਡ ਕੇ ਭੱਜੇ

War

ਤੇਲ ਅਵੀਵ: ਇਜ਼ਰਾਈਲ ’ਤੇ ਹਮਾਸ ਦੇ ਕੱਟੜਪੰਥੀਆਂ ਵਲੋਂ ਕੀਤੇ ਅਚਾਨਕ ਹਮਲੇ ਤੋਂ ਇਕ ਦਿਨ ਬਾਅਦ ਐਤਵਾਰ ਨੂੰ ਲੇਬਨਾਨ ਦੇ ਅਤਿਵਾਦੀ ਸਮੂਹ ਹਿਜ਼ਬੁੱਲਾ ਨੇ ਵੀ ਇਕ ਵਿਵਾਦਤ ਇਲਾਕੇ ’ਚ ਇਜ਼ਰਾਈਲ ਦੇ ਤਿੰਨ ਟਿਕਾਣਿਆਂ ’ਤੇ ਹਮਲਾ ਕਰ ਦਿਤਾ ਜਿਸ ਨਾਲ ਇਸ ਸੰਘਰਸ਼ ਦੇ ਵਿਆਪਕ ਪੱਧਰ ’ਤੇ ਫੈਲਣ ਦਾ ਸ਼ੱਕ ਵਧ ਗਿਆ ਹੈ। ਹਮਾਸ ਦੇ ਕੱਟੜਪੰਥੀਆਂ ਨੇ ਸਨਿਚਰਵਾਰ ਨੂੰ ਇਕ ਪ੍ਰਮੁੱਖ ਯਹੂਦੀ ਛੁੱਟੀ ਦੌਰਾਨ ਇਜ਼ਰਾਈਲ ’ਤੇ ਅਚਾਨਕ ਹਮਲਾ ਕਰ ਦਿਤਾ, ਜਿਸ ’ਚ 26 ਫ਼ੌਜੀਆਂ ਸਮੇਤ ਘੱਟ ਤੋਂ ਘੱਟ 300 ਲੋਕਾਂ ਦੀ ਮੌਤ ਹੋ ਗਈ ਅਤੇ ਕਈਆਂ ਨੂੰ ਬੰਧਕ ਬਣਾ ਲਿਆ ਗਿਆ। ਗਾਜ਼ਾ ’ਚ ਘੱਟ ਤੋਂ ਘੱਟ 250 ਲੋਕਾਂ ਦੀ ਮੌਤ ਹੋ ਗਈ।

ਇਜ਼ਰਾਈਲੀ ਟੈਲੀਵਿਜ਼ਨ ਨੇ ਬੰਧਕ ਜਾਂ ਲਾਪਤਾ ਇਜ਼ਰਾਈਲੀਆਂ ਦੇ ਰਿਸ਼ਤੇਦਾਰਾਂ ਦੀ ਨਵੀਂ ਵੀਡੀਉ ਪ੍ਰਸਾਰਿਤ ਕੀਤੀ ਜੋ ਅਪਣੇ ਸਨੇਹੀਆਂ ਦੀ ਜਾਨ ਜੋਖਮ ’ਚ ਹੋਣ ਵਿਚਕਾਰ ਮਦਦ ਦੀ ਅਪੀਲ ਕਰਦੇ ਦਿਸੇ। ਗਾਜ਼ਾ ’ਚ ਸਰਹੱਦ ਨੇੜੇ ਇਜ਼ਰਾਈਲੀ ਹਮਲਿਆਂ ਤੋਂ ਬਚਣ ਲਈ ਲੋਕ ਅਪਣੇ ਘਰਾਂ ਨੂੰ ਛੱਡ ਕੇ ਭੱਜ ਗਏ। 
ਇਜ਼ਰਾਈਲ ਦੇ ਰੀਅਰ ਐਡਮਿਰਲ ਡੇਨੀਅਲ ਹੇਗਾਰੀ ਨੇ ਪੱਤਰਕਾਰਾਂ ਨੂੰ ਦਸਿਆ ਕਿ ‘ਸੈਂਕੜੇ ਅਤਿਵਾਦੀ’ ਮਾਰੇ ਗਏ ਹਨ ਅਤੇ ਕਈ ਹੋਰਾਂ ਨੂੰ ਬੰਧਕ ਬਣਾ ਲਿਆ ਗਿਆ ਹੈ। 

ਇਜ਼ਰਾਈਲ ਦੀ ਉੱਤਰੀ ਸਰਹੱਦ ’ਤੇ ਇਸ ਹਮਲੇ ’ਚ ਉਸ ਦੇ ਇਕ ਕੱਟੜ ਦੁਸ਼ਮਣ ਦੇ ਜੰਗ ’ਚ ਸ਼ਾਮਲ ਹੋਣ ਦਾ ਖ਼ਤਰਾ ਪੈਦਾ ਹੋ ਗਿਆ ਹੈ ਜਿਸ ਨੂੰ ਈਰਾਨ ਦੀ ਹਮਾਇਤ ਪ੍ਰਾਪਤ ਹੈ ਅਤੇ ਉਸ ਕੋਲ ਹਜ਼ਾਰਾਂ ਰਾਕੇਟ ਹੋਣ ਦਾ ਅੰਦਾਜ਼ਾ ਹੈ।  ਹਿਜ਼ਬੁੱਲਾ ਨੇ ਸੀਰੀਆ ’ਚ ਇਜ਼ਰਾਈਲ ਦੇ ਕਬਜ਼ੇ ਵਾਲੇ ਗੋਲਨ ਹਾਈਟਸ ਨਾਲ ਲਗਦੀ ਦੇਸ਼ ਦੀ ਸਰਹੱਦ ’ਤੇ ਇਕ ਵਿਵਾਦਤ ਇਲਾਕੇ ’ਚ ਇਜ਼ਰਾਈਲ ਦੇ ਟਿਕਾਣਿਆਂ ’ਤੇ ਐਤਵਾਰ ਨੂੰ ਕਈ ਰਾਕੇਟ ਦਾਗੇ ਅਤੇ ਗੋਲੀਬਾਰੀ ਕੀਤੀ। 

ਇਜ਼ਰਾਈਲੀ ਫ਼ੌਜ ਨੇ ਜਵਾਬੀ ਕਾਰਵਾਈ ਕਰਦਿਆਂ ਇਕ ਵਿਵਾਦਤ ਇਲਾਕੇ ’ਚ ਹਿਜ਼ਬੁੱਲਾ ਦੇ ਟਿਕਾਣਿਆਂ ’ਤੇ ਡਰੋਨ ਹਮਲੇ ਕੀਤੇ। ਇਸ ਇਲਾਕੇ ਦੀ ਸਰਹੱਦ ਇਜ਼ਰਾਈਲ, ਲੇਬਨਾਨ ਅਤੇ ਸੀਰੀਆ ਨਾਲ ਲਗਦੀ ਹੈ। ਹਮਾਸ ਕੱਟੜਪੰਥੀਆਂ ਨੇ ਗਾਜ਼ਾ ਪੱਟੀ ’ਤੇ ਇਕ ਸਰਹੱਦੀ ਵਾੜ ਨੂੰ ਤੋੜ ਦਿਤਾ ਅਤੇ ਨਜ਼ਦੀਕੀ ਇਜ਼ਰਾਈਲੀ ਭਾਈਚਾਰਿਆਂ ’ਚ ਵੜ ਕੇ ਔਰਤਾਂ, ਬੱਚਿਆਂ ਅਤੇ ਬਜ਼ੁਰਗਾਂ ਸਮੇਤ ਕਈ ਨਾਗਰਿਕਾਂ ਨੂੰ ਬੰਧਕ ਬਣਾ ਲਿਆ। ਜਦਕਿ ਇਜ਼ਰਾਈਲ ਨੇ ਜਵਾਬੀ ਕਾਰਵਾਈ ਕਰਦਿਆਂ ਗਾਜ਼ਾ ’ਚ ਕਈ ਇਮਾਰਤਾਂ ਢਾਹ ਦਿਤੀਆਂ ਅਤੇ ਪ੍ਰਧਾਨ ਮੰਤਰੀ ਬੇਂਜਾਮਿਨ ਨੇਤਨਯਾਹੂ ਨੇ ਐਲਾਨ ਕੀਤਾ ਕਿ ਦੇਸ਼ ਜੰਗ ਲੜ ਰਿਹਾ ਹੈ। 

ਹਮਾਸ ਨੇ ਸ਼ਨਿਚਰਵਾਰ ਸਵੇਰੇ ਗਾਜ਼ਾ ਪੱਟੀ ’ਚ ਸਰਹੱਦੀ ਵਾੜ ਨੂੰ ਵਿਸਫੋਟਕਾਂ ਨਾਲ ਉਡਾ ਦਿਤਾ ਅਤੇ ਇਸ ਦੇ ਬਾਹਰ 22 ਥਾਵਾਂ ’ਤੇ ਹਮਲੇ ਕੀਤੇ। ਹਮਾਸ ਨੇ ਇਜ਼ਰਾਇਲੀ ਸ਼ਹਿਰਾਂ ’ਤੇ ਹਜ਼ਾਰਾਂ ਰਾਕੇਟ ਦਾਗੇ। ਐਤਵਾਰ ਨੂੰ ਇਜ਼ਰਾਇਲੀ ਫੌਜ ਨੇ ਕਿਹਾ ਕਿ ਉਸ ਦੇ ਫ਼ੌਜੀ ਅੱਠ ਥਾਵਾਂ ’ਤੇ ਹਮਾਸ ਦੇ ਅਤਿਵਾਦੀਆਂ ਨਾਲ ਲੜ ਰਹੇ ਹਨ। ਇਜ਼ਰਾਈਲੀ ਫੌਜ ਨੇ ਕਿਹਾ ਕਿ ਉਸ ਨੇ ਗਾਜ਼ਾ ਵਿਚ 426 ਥਾਵਾਂ ’ਤੇ ਹਮਲਾ ਕੀਤਾ ਅਤੇ ਵੱਡੇ ਧਮਾਕਿਆਂ ਨਾਲ ਕਈ ਰਿਹਾਇਸ਼ੀ ਇਮਾਰਤਾਂ ਨੂੰ ਤਬਾਹ ਕਰ ਦਿਤਾ।

ਫਲਸਤੀਨੀ ਸਿਹਤ ਮੰਤਰਾਲੇ ਨੇ ਕਿਹਾ ਕਿ ਗਾਜ਼ਾ ਪੱਟੀ ’ਚ 20 ਬੱਚਿਆਂ ਸਮੇਤ ਘੱਟੋ-ਘੱਟ 256 ਲੋਕ ਮਾਰੇ ਗਏ ਅਤੇ ਕਰੀਬ 1800 ਲੋਕ ਜ਼ਖਮੀ ਹੋ ਗਏ।
ਇਜ਼ਰਾਇਲੀ ਮੀਡੀਆ ਨੇ ਬਚਾਅ ਸੇਵਾ ਦੇ ਅਧਿਕਾਰੀਆਂ ਦੇ ਹਵਾਲੇ ਨਾਲ ਕਿਹਾ ਕਿ ਹਮਾਸ ਦੇ ਹਮਲੇ ’ਚ ਘੱਟ ਤੋਂ ਘੱਟ 300 ਲੋਕ ਮਾਰੇ ਗਏ ਅਤੇ 1500 ਤੋਂ ਜ਼ਿਆਦਾ ਲੋਕ ਜ਼ਖਮੀ ਹੋ ਗਏ। ਇਹ ਹਾਲ ਹੀ ਦੇ ਦਹਾਕਿਆਂ ’ਚ ਇਜ਼ਰਾਈਲ ’ਚ ਸਭ ਤੋਂ ਭਿਆਨਕ ਹਮਲਿਆਂ ’ਚੋਂ ਇਕ ਹੈ।

ਇਸ ਹਮਲੇ ਦਾ ਬਦਲਾ ਲੈਣ ਦੀ ਇਜ਼ਰਾਈਲ ਦੀ ਦ੍ਰਿੜਤਾ ਅਤੇ ਹਿਜ਼ਬੁੱਲਾ ਦੇ ਹਮਲਿਆਂ ਨੇ ਇਸ ਸੰਘਰਸ਼ ਦੇ ਡੂੰਘੇ ਹੋਣ ਦਾ ਖਤਰਾ ਵਧਾ ਦਿਤਾ ਹੈ।
ਇਜ਼ਰਾਈਲ ਅਤੇ ਹਿਜ਼ਬੁੱਲਾ ਕੱਟੜ ਦੁਸ਼ਮਣ ਹਨ ਅਤੇ ਪਹਿਲਾਂ ਕਈ ਵਾਰ ਲੜਾਈਆਂ ਲੜ ਚੁੱਕੇ ਹਨ। 2006 ’ਚ 34 ਦਿਨਾਂ ਦੇ ਸੰਘਰਸ਼ ’ਚ ਲੇਬਨਾਨ ’ਚ 1,200 ਅਤੇ ਇਜ਼ਰਾਈਲ ’ਚ 160 ਲੋਕ ਮਾਰੇ ਗਏ ਸਨ। ਇਜ਼ਰਾਈਲ ਦੀ ਉੱਤਰੀ ਸਰਹੱਦ ’ਤੇ ਮਹੀਨਿਆਂ ਤੋਂ ਤਣਾਅ ਬਣਿਆ ਹੋਇਆ ਹੈ।

ਹਿਜ਼ਬੁੱਲਾ ਨੇ ਇਕ ਬਿਆਨ ’ਚ ਕਿਹਾ ਕਿ ਇਹ ਹਮਲਾ ‘ਫਲਸਤੀਨੀ ਵਿਰੋਧ’ ਨਾਲ ਇਕਜੁਟਤਾ ’ਚ ‘ਵੱਡੀ ਗਿਣਤੀ ’ਚ ਰਾਕੇਟ ਅਤੇ ਵਿਸਫੋਟਕ’ ਦੀ ਵਰਤੋਂ ਕਰ ਕੇ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਇਜ਼ਰਾਇਲੀ ਟਿਕਾਣਿਆਂ ਨੂੰ ਸਿੱਧੇ ਤੌਰ ’ਤੇ ਨਿਸ਼ਾਨਾ ਬਣਾਇਆ ਗਿਆ ਸੀ। ਇਜ਼ਰਾਇਲੀ ਫੌਜ ਨੇ ਲੇਬਨਾਨ ਦੇ ਇਲਾਕਿਆਂ ’ਚ ਡਰੋਨ ਹਮਲੇ ਵੀ ਕੀਤੇ। ਮੁੱਖ ਭੂਮੀ ਦੀ ਬਜਾਏ ਇਜ਼ਰਾਈਲ ਦੇ ਇਕ ਵਿਵਾਦਿਤ ਖੇਤਰ ’ਚ ਟੀਚਿਆਂ ’ਤੇ ਹਮਲਾ ਕਰ ਕੇ, ਹਿਜ਼ਬੁੱਲਾ ਨੇ ਅਪਣੇ ਪੁਰਾਣੇ ਵਿਰੋਧੀ ਨਾਲ ਵੱਡੇ ਪੱਧਰ ’ਤੇ ਸੰਘਰਸ਼ ਤੋਂ ਬਚਣ ਦੀ ਕੋਸ਼ਿਸ਼ ਕੀਤੀ ਹੋ ਸਕਦੀ ਹੈ।