ਪਾਕਿਸਤਾਨੀ ਤਾਲਿਬਾਨ ਵੱਲੋਂ ਕੀਤੇ ਗਏ ਹਮਲੇ ’ਚ 11 ਪਾਕਿਸਤਾਨੀ ਫੌਜੀਆਂ ਦੀ ਹੋਈ ਮੌਤ
ਮੁਕਾਬਲੇ ਦੌਰਾਨ ਟੀਟੀਪੀ ਦੇ 19 ਲੜਾਕਿਆਂ ਦੀ ਵੀ ਹੋਈ ਮੌਤ
ਇਸਲਾਮਬਾਦ : ਪਾਕਿਸਤਾਨੀ ਤਾਲਿਬਾਨ ਦੇ ਹਮਲੇ ’ਚ ਮੰਗਲਵਾਰ ਰਾਤ ਨੂੰ 11 ਪਾਕਿਸਤਾਨੀ ਫ਼ੌਜੀਆਂ ਦੀ ਮੌਤ ਹੋ ਗਈ। ਇਸ ’ਚ 2 ਅਧਿਕਾਰੀ ਅਤੇ 9 ਫੌਜੀ ਸ਼ਾਮਲ ਹਨ। ਮੀਡੀਆ ਰਿਪੋਰਟਾਂ ਤੋਂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਪਾਕਿਸਤਾਨ ਸਰਹੱਦ ਦੇ ਕੋਲ ਪਾਕਿਸਤਾਨੀ ਫ਼ੌਜ ਟੀਟੀਪੀ ਦੇ ਖ਼ਿਲਾਫ਼ ਅਪਰੇਸ਼ਨ ਚਲਾ ਰਹੀ ਸੀ। ਇਸ ਦੌਰਾਨ ਦੋਵਾਂ ਵਿਚਾਲੇ ਮੁਕਾਬਲਾ ਹੋ ਗਿਆ ਅਤੇ ਇਸ ਮੁਕਾਬਲੇ ਦੌਰਾਨ ਟੀਟੀਪੀ ਦੇ 19 ਲੜਾਕੇ ਵੀ ਮਾਰੇ ਗਏ।
ਪਾਕਿਸਤਾਨੀ ਫ਼ੌਜ ਦੀ ਮੀਡੀਆ ਵਿੰਗ ਇੰਟਰ ਸਰਵਿਸਿਜ਼ ਪਬਲਿਕ ਰਿਲੇਸ਼ਨ ਨੇ ਆਰੋਪ ਲਗਾਇਆ ਕਿ ਹਮਲਾਵਾਰਾਂ ਨੂੰ ਭਾਰਤ ਦਾ ਸਮਰਥਨ ਮਿਲ ਰਿਹਾ ਹੈ। ਫੌਜ ਨੇ ਦਾਅਵਾ ਕੀਤਾ ਕਿ ਉਹ ਇਨ੍ਹਾਂ ਨੂੰ ਖਤਮ ਕਰਨ ਵਿਚ ਜੁਟੀ ਹੋਈ ਹੈ। ਪਿਛਲੇ ਕੁੱਝ ਮਹੀਨਿਆਂ ਤੋਂ ਟੀਟੀਪੀ ਨੇ ਪਾਕਿਸਤਾਨ ’ਚ ਸੁਰੱਖਿਆ ਬਲਾਂ ’ਤੇ ਹਮਲੇ ਤੇਜ਼ ਕਰ ਦਿੱਤੇ ਹਨ।
ਜਿਕਰਯੋਗ ਹੈ ਕਿ ਪਾਕਿਸਤਾਨੀ ਹਵਾਈ ਫ਼ੌਜ ਨੇ ਬੀਤੀ 21 ਸਤੰਬਰ ਨੂੰ ਰਾਤ 2ਵਜੇ ਆਪਣੇ ਹੀ ਦੇਸ਼ਵਾਸੀਆਂ ’ਤੇ ਚੀਨ ਦੇ ਜੇ-17 ਜਹਾਜ਼ ਨਾਲ 8 ਲੇਜ਼ਰ ਗਾਈਡਿਡ ਬੰਬ ਸੁੱਟੇ ਸਨ। ਪਾਕਿਸਤਾਨੀ ਹਵਾਈ ਫ਼ੌਜ ਨੇ ਇਹ ਹਮਲਾ ਖੈਬਰ ਪਖਤੂਨਵਾ ਪ੍ਰਾਂਤ ਦੇ ਤਿਰਾਹ ਘਾਟੀ ਦੇ ਇਕ ਪਿੰਡ ’ਤੇ ਕੀਤਾ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਇਸ ਹਮਲੇ ’ਚ 30 ਲੋਕ ਮਾਰੇ ਗਏ ਸਨ।