ਕਰਤਾਰਪੁਰ ਲਾਂਘੇ ਨੂੰ ਲੈ ਕੇ ਪਾਕਿਸਤਾਨ ਦਾ ਯੂ-ਟਰਨ, ਸ਼ਰਧਾਲੂਆਂ ਨੂੰ ਦੇਣੀ ਪਵੇਗੀ ਐਂਟਰੀ ਫੀਸ

ਏਜੰਸੀ

ਖ਼ਬਰਾਂ, ਕੌਮਾਂਤਰੀ

ਪਾਕਿਸਤਾਨੀ ਪ੍ਰਧਾਨ ਮੰਤਰੀ ਨੇ ਪਹਿਲਾਂ ਫੀਸ ਨਾ ਲੈਣ ਦੀ ਕਹੀ ਸੀ ਗੱਲ

kartarpur Corridor

ਨਵੀਂ ਦਿੱਲੀ : ਕਰਤਾਰਪੁਰ ਲਾਂਘੇ ਦੇ ਉਦਘਾਟਨ ਵਾਲੇ ਦਿਨ 20 ਡਾਲਰ ਫੀਸ ਨੂੰ ਲੈ ਕੇ ਪਾਕਿਸਤਾਨ ਫਿਰ ਆਪਣੇ ਵਾਅਦੇ ਤੋਂ ਮੁੱਕਰ ਗਿਆ ਹੈ। ਰਿਪੋਰਟਾਂ ਅਨੁਸਾਰ ਕੱਲ੍ਹ 9 ਨਵੰਬਰ ਨੂੰ ਵੀ ਪਾਕਿਸਤਾਨ ਸ਼ਰਧਾਲੂਆਂ ਤੋਂ 20 ਡਾਲਰ ਫੀਸ ਲਵੇਗਾ। ਇਸ ਤੋਂ ਪਹਿਲਾਂ ਪਾਕਿਸਤਾਨ ਨੇ ਕਿਹਾ ਸੀ ਕਿ ਉਹ 9 ਤੋਂ 12 ਨਵੰਬਰ ਤੱਕ ਸ਼ਰਧਾਲੂਆਂ ਤੋਂ ਫੀਸ ਵਸੂਲ ਨਹੀਂ ਕਰੇਗਾ।

ਕਰਤਾਰਪੁਰ ਲਾਂਘੇ  ਦੇ ਉਦਘਾਟਨ ਨੂੰ ਹੁਣ ਕੁੱਝ ਘੰਟੇ ਹੀ ਬਾਕੀ ਰਹਿ ਗਏ ਹਨ ਪਰ ਹਾਲੇ ਵੀ ਪਾਕਿਸਤਾਨ ਦੀ ਸ਼ਰਤਾਂ ਦਾ ਪਤਾ ਨਹੀਂ ਲੱਗ ਰਿਹਾ। ਪਹਿਲਾਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੇ ਕਿਹਾ ਸੀ ਕਿ ਉਹ 9 ਨਵੰਬਰ ਨੂੰ ਕਰਤਾਰਪੁਰ ਲਾਂਘੇ ਰਾਹੀਂ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਆਉਣ ਵਾਲੇ ਸ਼ਰਧਾਲੂਆਂ ਤੋਂ ਫੀਸ ਨਹੀਂ ਲਵੇਗਾ ਪਰ ਹੁਣ ਮੀਡੀਆ ਰਿਪੋਰਟਾਂ ਮੁਤਾਬਕ ਪਾਕਿਸਤਾਨੀ ਸੈਨਾ ਨੇ ਕਿਹਾ ਹੈ ਕਿ ਉਹ ਕੱਲ੍ਹ ਨੂੰ ਵੀ ਆਉਣ ਵਾਲੇ ਸ਼ਰਧਾਲੂਆਂ ਤੋਂ ਫੀਸ ਵਸੂਲੇਗਾ।

ਇਸ ਤੋਂ ਪਹਿਲਾਂ ਵੀ ਪਾਕਿਸਤਾਨੀ ਸੈਨਾ ਨੇ ਆਪਣੇ ਹੀ ਪ੍ਰਧਾਨਮੰਤਰੀ ਦੇ ਫੈਸਲੇ ਨੂੰ ਪਲਟ ਦਿੱਤਾ ਸੀ। ਜਿਸ ਵਿਚ ਇਮਰਾਨ ਖਾਨ ਨੇ ਕਿਹਾ ਸੀ ਕਿ ਭਾਰਤੀ ਸ਼ਰਧਾਲੂਆਂ ਨੂੰ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਪਾਸਪੋਰਟ ਦੀ ਲੋੜ ਨਹੀਂ ਹੋਵੇਗੀ, ਸਗੋਂ ਉਹ ਆਪਣਾ ਇੱਕ ਮਾਨਤਾ ਪ੍ਰਾਪਤ ਪਛਾਣ ਪੱਤਰ ਦਿਖਾ ਕੇ ਲਾਘੇ ਰਾਹੀਂ ਆ ਸਕਦੇ ਹਨ ਪਰ ਪਾਕਿ ਸੈਨਾ ਦੇ ਬੁਲਾਰੇ ਮੇਜਰ ਜਨਰਲ ਆਸਿਫ ਗਫੂਰ ਨੇ ਕਿਹਾ ਕਿ ਸਿੱਖ ਸ਼ਰਧਾਲੂਆਂ ਨੂੰ ਲਾਂਘੇ ਰਾਹੀਂ ਆਉਣ ਲਈ ਭਾਰਤੀ ਪਾਸਪੋਰਟ ਦੀ ਲੋੜ ਪਵੇਗੀ।

ਦੱਸ ਦਈਏ ਕਿ ਭਲਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤ ਵਾਲੇ ਪਾਸੇ ਵੱਲ ਕਰਤਾਰਪੁਰ ਲਾਂਘੇ ਦਾ ਉਦਘਾਟਨ ਕਰਨਾ ਹੈ ਅਤੇ ਭਲਕੇ  ਹੀ ਭਾਰਤੀ ਸ਼ਰਧਾਲੂਆਂ ਦਾ ਜੱਥਾ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਕਰਤਾਰਪੁਰ ਦੇ ਦਰਸ਼ਨਾਂ ਲਈ ਰਵਾਨਾ ਹੋਵੇਗਾ।