ਜਿੱਤ ਮਗਰੋਂ ਜੋ ਬਾਇਡਨ ਬੋਲੇ- ਦੇਸ਼ ਨੂੰ ਵੰਡਣ ਦੀ ਬਜਾਇ ਇਕਜੁੱਟ ਕਰਾਂਗਾ
ਮੈਂ ਜਾਣਦਾ ਹਾਂ ਜਿਹੜੇ ਲੋਕਾਂ ਨੇ ਟਰੰਪ ਨੂੰ ਵੋਟ ਦਿੱਤਾ ਹੈ ਉਹ ਅੱਜ ਨਿਰਾਸ਼ ਹੋਣਗੇ।
ਵਾਸ਼ਿੰਗਟਨ- ਇਸ ਸਾਲ 2020 ਵਿੱਚ ਅਮਰੀਕਾ ਰਾਸ਼ਟਰਪਤੀ ਚੋਣ 'ਚ ਜੋ ਬਾਇਡਨ ਜਿੱਤ ਚੁੱਕੇ ਹਨ। ਉਹ ਪ੍ਰੈਜ਼ੀਡੈਂਟ ਇਲੈਕਟ ਹਨ ਤੇ 20 ਜਨਵਰੀ ਨੂੰ ਸਹੁੰ ਚੁੱਕਣ ਮਗਰੋਂ ਉਹ ਅਮਰੀਕਾ ਦੇ 46ਵੇਂ ਰਾਸ਼ਟਰਪਤੀ ਬਣਨਗੇ। ਜਿੱਤਣ ਮਗਰੋਂ ਹੁਣ ਜੋ ਬਾਇਡਨ ਨੇ ਲੋਕਾਂ ਨੂੰ ਸੰਬੋਧਨ ਕੀਤਾ। ਇਸ ਦੌਰਾਨ ਉਨ੍ਹਾਂ ਨੇ ਆਪਸੀ ਕੜਵਾਹਟ ਖਤਮ ਕਰਨ, ਦੇਸ਼ ਨੂੰ ਇਕਜੁੱਟ ਕਰਨ ਤੇ ਸਭ ਦਾ ਰਾਸ਼ਟਰਪਤੀ ਜਿਹੀਆਂ ਗੱਲਾਂ 'ਤੇ ਜ਼ੋਰ ਦਿੱਤਾ।
ਦੱਸ ਦੇਈਏ ਕਿ ਬਾਇਡਨ 48 ਸਾਲ ਪਹਿਲਾਂ ਸੈਨੇਟਰ ਚੁਣੇ ਗਏ ਸਨ। ਦੇਸ਼ ਦੇ ਨਾਂਅ ਸੰਬੋਧਨ 'ਚ ਉਨ੍ਹਾਂ ਕਿਹਾ ਤੁਸੀਂ ਲੋਕਾਂ ਨੇ ਸਪਸ਼ਟ ਫਤਵਾ ਦਿੱਤਾ ਹੈ। ਇਸ ਵਾਰ 7.4 ਕਰੋੜ ਲੋਕਾਂ ਨੇ ਰਿਕਾਰਡ ਵੋਟ ਦਿੱਤੇ। ਅਮਰੀਕਾ ਦੀ ਇਹ ਨੈਤਿਕ ਜਿੱਤ ਹੈ। ਮਾਰਟਿਨ ਲੂਥਰ ਕਿੰਗ ਨੇ ਵੀ ਇਹੀ ਕਿਹਾ ਸੀ। ਗੌਰ ਨਾਲ ਸੁਣੋ। ਅੱਜ ਅਮਰੀਕਾ ਬੋਲ ਰਿਹਾ ਹੈ। ਮੈਂ ਰਾਸ਼ਟਰਪਤੀ ਦੇ ਤੌਰ 'ਤੇ ਇਸ ਦੇਸ਼ ਨੂੰ ਵੰਡਣ ਦੀ ਬਜਾਇ ਇਕਜੁੱਟ ਕਰਾਂਗਾ। ਪਰਿਵਾਰ ਤੇ ਪਤਨੀ ਦਾ ਇਸ ਸੰਘਰਸ਼ 'ਚ ਸਾਥ ਦੇਣ ਲਈ ਸ਼ੁਕਰੀਆ।
ਬਾਇਡਨ ਨੇ ਕਿਹਾ, "ਮੈਂ ਜਾਣਦਾ ਹਾਂ ਜਿਹੜੇ ਲੋਕਾਂ ਨੇ ਟਰੰਪ ਨੂੰ ਵੋਟ ਦਿੱਤਾ ਹੈ ਉਹ ਅੱਜ ਨਿਰਾਸ਼ ਹੋਣਗੇ। ਮੈਂ ਵੀ ਕਈ ਵਾਰ ਹਾਰਿਆ ਹਾਂ। ਇਹੀ ਲੋਕਤੰਤਰ ਦੀ ਖੂਬਸੂਰਤੀ ਹੈ ਕਿ ਇਸ 'ਚ ਮੌਕਾ ਮਿਲਦਾ ਹੈ। ਚਲੋ ਨਫਰਤ ਖਤਮ ਕਰੋ।
ਇਕ ਦੂਜੇ ਦੀ ਗੱਲ ਸੁਣੀਏ ਤੇ ਅੱਗੇ ਵਧੀਏ। ਵਿਰੋਧੀਆਂ ਨੂੰ ਦੁਸ਼ਮਨ ਸਮਝਣਾ ਬੰਦ ਕਰੋ, ਕਿਉਂਕਿ ਅਸੀਂ ਸਾਰੇ ਅਮਰੀਕੀ ਹਾਂ। ਬਾਇਬਲ ਸਾਨੂੰ ਸਿਖਾਉਂਦੀ ਹੈ ਹਰ ਚੀਜ਼ ਦਾ ਇਕ ਸਮਾਂ ਹੁੰਦਾ ਹੈ। ਹੁਣ ਜ਼ਖਮਾਂ ਨੂੰ ਭਰਨ ਦਾ ਸਮਾਂ ਹੈ। ਸਭ ਤੋਂ ਪਹਿਲਾਂ ਕੋਵਿਡ 19 ਨੂੰ ਕੰਟਰੋਲ ਕਰਨਾ ਹੋਵੇਗਾ। ਫਿਰ ਇਕੋਨੌਮੀ ਤੇ ਦੇਸ਼ ਨੂੰ ਰਾਹ 'ਤੇ ਲਿਆਉਣਾ ਹੋਵੇਗਾ।"
ਇਸ ਤੋਂ ਪਹਿਲਾਂ ਆਪਣੇ ਭਾਸ਼ਣ ਵਿੱਚ ਉਪ-ਰਾਸ਼ਟਰਪਤੀ ਕਮਲਾ ਹੈਰਿਸ ਨੇ ਆਪਣੀ ਮਾਂ ਦਾ ਧੰਨਵਾਦ ਕੀਤਾ। ਕਮਲਾ ਨੇ ਕਿਹਾ, ‘ਮੈਂ ਆਪਣੀ ਮਾਂ ਸ਼ਿਆਮਲਾ ਗੋਪਾਲਨ ਹੈਰਿਸ ਦੀ ਧੰਨਵਾਦੀ ਹਾਂ ਜੋ ਅੱਜ ਮੇਰੀ ਸਫਲਤਾ ਲਈ ਸਭ ਤੋਂ ਵੱਧ ਜ਼ਿੰਮੇਵਾਰ ਹੈ। ਜਦੋਂ ਉਹ 19 ਸਾਲ ਦੀ ਉਮਰ ਵਿੱਚ ਭਾਰਤ ਤੋਂ ਅਮਰੀਕਾ ਆਈ ਸੀ, ਉਸਨੇ ਨਹੀਂ ਸੋਚਿਆ ਸੀ ਕਿ ਅਜਿਹਾ ਦਿਨ ਕਦੇ ਆਵੇਗਾ, ਪਰ ਉਨ੍ਹਾਂ ਦ ਅਮਰੀਕਾ ਤੇ ਵਿਸ਼ਵਾਸ ਸੀ ਇਹ ਇਥੇ ਸੰਭਵ ਹੈ। "