ਕੈਨੇਡਾ ਵਿਚ ਸਾਲ 2021 ਦੌਰਾਨ ਇਕ ਲੱਖ ਭਾਰਤੀਆਂ ਨੂੰ ਮਿਲੀ PR

ਏਜੰਸੀ

ਖ਼ਬਰਾਂ, ਕੌਮਾਂਤਰੀ

ਸਾਲ 2023-25 ਦੌਰਾਨ 5 ਲੱਖ ਪਰਵਾਸੀਆਂ ਨੂੰ PR ਦੇਣ ਦੀ ਯੋਜਨਾ ਬਣਾ ਰਿਹਾ ਕੈਨੇਡਾ

One lakh Indians got PR in Canada during the year 2021

 

ਕੈਨੇਡਾ: ਪਿਛਲੇ ਸਾਲ 2021 ਦੌਰਾਨ 1 ਲੱਖ ਭਾਰਤੀਆਂ ਨੂੰ ਕੈਨੇਡਾ ਵਿਚ ਪੀਆਰ ਮਿਲੀ ਸੀ ਜਦਕਿ ਇਸ ਸਾਲ ਚਾਰ ਲੱਖ ਤੋਂ ਵੱਧ ਲੋਕ ਕੈਨੇਡਾ ’ਚ ਦਾਖਲ ਵੀ ਹੋਏ ਹਨ। ਪਿਛਲੇ ਹਫਤੇ 2023-2025 ਲਈ ਇਮੀਗ੍ਰੇਸ਼ਨ ਪੱਧਰੀ ਯੋਜਨਾ ਦਾ ਐਲਾਨ ਕਰਦਿਆਂ ਕੈਨੇਡਾ ਨੇ ਕਿਹਾ ਕਿ ਉਹ ਰਿਕਾਰਡ 5,00,000 ਲੋਕਾਂ ਨੂੰ ਕੈਨੇਡਾ ਵਿਚ ਪੱਕਾ ਕੀਤਾ ਜਾਵੇਗਾ। ਪੱਕੇ ਵਸਨੀਕਾਂ ਦੇ ਸਵਾਗਤ ਕਰਨ ਦੀ ਸਰਕਾਰ ਵਲੋਂ ਯੋਜਨਾ ਬਣਾਈ ਜਾ ਰਹੀ ਹੈ। 

ਉੁਨ੍ਹਾਂ ਕਿਹਾ ਕਿ ਕੈਨੇਡਾ ਵਿਚ ਨੌਕਰੀਆਂ ਦੀ ਬਿਹਤਰ ਸੰਭਾਵਨਾ ਅਤੇ ਸਮੁੱਚੇ ਤੌਰ ’ਤੇ ਬਿਹਤਰ ਜ਼ਿੰਦਗੀ ਲਈ ਭਾਰਤੀ ਲੋਕ ਕੈਨੇਡਾ ਵੱਲ ਪਰਵਾਸ ਕਰ ਰਹੇ ਹਨ। 2021 ਵਿੱਚ ਲਗਭਗ 1,00,000 ਭਾਰਤੀ ਕੈਨੇਡਾ ਦੇ ਪੱਕੇ ਵਸਨੀਕ ਬਣ ਗਏ ਕਿਉਂਕਿ ਦੇਸ਼ ਨੇ ਆਪਣੇ ਇਤਿਹਾਸ ਵਿੱਚ ਰਿਕਾਰਡ 4,05,000 ਨਵੇਂ ਪਰਵਾਸੀਆਂ ਨੂੰ ਦੇਸ਼ ਅੰਦਰ ਦਾਖਲਾ ਦਿੱਤਾ ਹੈ। ਕਿਹਾ ਜਾ ਰਿਹਾ ਹੈ ਕਿ ਦੇਸ਼ ਦੀ ਪਰਵਾਸੀ ਅਬਾਦੀ 2041 ਤੱਕ 34 ਫੀਸਦ ਤੱਕ ਵੱਧ ਜਾਵੇਗੀ।

ਇਸੇ ਦੌਰਾਨ ਕੈਨੇਡਾ ਦੀ ਕੌਮੀ ਅੰਕੜਾ ਏਜੰਸੀ ਵੱਲੋਂ ਜਾਰੀ ਕੀਤੇ ਗਏ ਇੱਕ ਨਵੇਂ ਸਰਵੇਖਣ ਅਨੁਸਾਰ ਕੈਨੇਡਾ ’ਚ ਭਾਰਤੀਆਂ ਸਮੇਤ ਹੋਰ ਪਰਵਾਸੀ ਨੌਕਰੀਆਂ ਲੱਭਣ ਵਿੱਚ ਸਫਲ ਰਹੇ ਹਨ ਅਤੇ ਦੇਸ਼ ਦੀ ਕਿਰਤ ਸ਼ਕਤੀ ਵਿਚਲੇ ਪਾੜੇ ਨੂੰ ਭਰ ਰਹੇ ਹਨ। ਸਟੈਟਿਸਟਿਕਸ ਕੈਨੇਡਾ ਵੱਲੋਂ ਜਾਰੀ ‘ਲੇਬਰ ਫੋਰਸ ਸਰਵੇਖਣ ਡੇਟਾ 2022’ ਵਿੱਚ ਕਿਹਾ ਗਿਆ ਹੈ ਕਿ ਪਿਛਲੇ ਪੰਜ ਸਾਲਾਂ ਵਿੱਚ ਕੈਨੇਡਾ ’ਚ ਆਏ ਪਰਵਾਸੀਆਂ ਦੀ ਰੁਜ਼ਗਾਰ ਦਰ 70.7 ਫੀਸਦ ਰਹੀ ਜੋ ਅਕਤੂਬਰ 2019 ਮੁਕਾਬਲੇ ਵੱਧ ਹੈ। 
ਸਰਵੇਖਣ ਅਨੁਸਾਰ 15 ਸਾਲ ਜਾਂ ਇਸ ਤੋਂ ਵੱਧ ਉਮਰ ਦੇ 62 ਫੀਸਦ ਤੋਂ ਵੱਧ ਪਰਵਾਸੀ ਨੌਕਰੀ ਕਰਦੇ ਹਨ। ਇਮੀਗ੍ਰੇਸ਼ਨ ਬਾਰੇ 2021 ਦੀ ਮਰਦਮਸ਼ੁਮਾਰੀ ਦੇ ਅੰਕੜਿਆਂ ਅਨੁਸਾਰ ਕੈਨੇਡਾ ਦੀ 23 ਫੀਸਦੀ ਆਬਾਦੀ ਪਰਵਾਸੀ ਹੈ। ਸਰਵੇਖਣ ਅਨੁਸਾਰ ਜ਼ਿਆਦਾਤਰ ਨਵੇਂ ਰੁਜ਼ਗਾਰ ਓਂਟਾਰੀਓ, ਕਿਊਬਿਕ, ਪ੍ਰਿੰਸ ਐਡਵਰਡ ਆਈਲੈਂਡ, ਨਿਊਫਾਊਂਡਲੈਂਡ ਅਤੇ ਲੈਬਰਾਡੋਰ, ਸਸਕੈਚਵਨ ਅਤੇ ਮੈਨੀਟੋਬਾ ਵਿੱਚ ਮਿਲੇ ਹਨ। ਭਾਰਤੀਆਂ ਵੱਲੋਂ ਓਂਟਾਰੀਓ ਅਤੇ ਬ੍ਰਿਟਿਸ਼ ਕੋਲੰਬੀਆ ਰਾਜਾਂ ਨੂੰ ਤਵੱਜੋ ਦਿੱਤੀ ਜਾਂਦੀ ਹੈ।