ਦਿੱਲੀ ਹਵਾਈ ਅੱਡੇ ਉਤੇ ਡਿਪੋਰਟ ਕੀਤਾ ਜਾ ਰਿਹਾ ਬ੍ਰਿਟਿਸ਼ ਨਾਗਰਿਕ ਫ਼ਰਾਰ
ਬ੍ਰਿਟਿਸ਼ ਨਾਗਰਿਕ ਫਿਟਜ਼ ਪੈਟਰਿਕ ਨੂੰ ਥਾਈਲੈਂਡ ਦੇ ਰਸਤੇ ਯੂ.ਕੇ. ਡਿਪੋਰਟ ਕੀਤਾ ਜਾਣਾ ਸੀ
British citizen being deported at Delhi airport escapes : ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ਉਤੇ ਸੁਰੱਖਿਆ ਦੀ ਵੱਡੀ ਉਲੰਘਣਾ ’ਚ ਬੈਂਕਾਕ ਤੋਂ ਆਇਆ ਇਕ ਬਿ੍ਰਟਿਸ਼ ਨਾਗਰਿਕ ਕਥਿਤ ਤੌਰ ਉਤੇ ਇਮੀਗ੍ਰੇਸ਼ਨ ਖੇਤਰ ਤੋਂ ਭੱਜ ਕੇ ਸ਼ਹਿਰ ’ਚ ਫਰਾਰ ਹੋ ਗਿਆ, ਜਿਸ ਤੋਂ ਬਾਅਦ ਵੱਡੇ ਪੱਧਰ ਉਤੇ ਤਲਾਸ਼ੀ ਮੁਹਿੰਮ ਚਲਾਈ ਗਈ।ਅਧਿਕਾਰੀਆਂ ਨੇ ਦਸਿਆ ਕਿ ਇਹ ਘਟਨਾ 28 ਅਕਤੂਬਰ ਨੂੰ ਉਸ ਸਮੇਂ ਵਾਪਰੀ ਜਦੋਂ, ਬ੍ਰਿਟਿਸ਼ ਨਾਗਰਿਕ ਫਿਟਜ਼ ਪੈਟਰਿਕ ਨਾਂ ਦਾ ਮੁਸਾਫ਼ਰ, ਬੈਂਕਾਕ ਤੋਂ ਦਿੱਲੀ ਪਹੁੰਚਿਆ ਸੀ।
ਪੈਟਰਿਕ ਨੂੰ ਥਾਈਲੈਂਡ ਦੇ ਰਸਤੇ ਯੂ.ਕੇ. ਡਿਪੋਰਟ ਕੀਤਾ ਜਾਣਾ ਸੀ, ਪਰ ਦਿੱਲੀ ਪਹੁੰਚਣ ਤੋਂ ਬਾਅਦ ਉਹ ਅਧਿਕਾਰੀਆਂ ਤੋਂ ਬਚਣ ਵਿਚ ਕਾਮਯਾਬ ਰਿਹਾ। ਪੁਲਿਸ ਨੇ ਦਸਿਆ ਕਿ ਉਹ ਕਥਿਤ ਤੌਰ ਉਤੇ ਇਮੀਗ੍ਰੇਸ਼ਨ ਖੇਤਰ ਤੋਂ ਭੱਜ ਗਿਆ ਅਤੇ ਰਸਮੀ ਕਾਰਵਾਈ ਤੋਂ ਪਹਿਲਾਂ ਹਵਾਈ ਅੱਡੇ ਦੇ ਅਹਾਤੇ ਤੋਂ ਬਾਹਰ ਚਲਾ ਗਿਆ। ਇਕ ਸੀਨੀਅਰ ਅਫ਼ਸਰ ਨੇ ਕਿਹਾ, ‘‘ਸੁਰੱਖਿਆ ਵਿਚ ਕੁਤਾਹੀ ਦੀ ਖ਼ਬਰ ਮਿਲੀ ਹੈ।
ਦਿੱਲੀ ਦੇ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ਉਤੇ ਇਕ ਬਿ੍ਰਟਿਸ਼ ਨਾਗਰਿਕ ਜਿਸ ਨੂੰ ਥਾਈਲੈਂਡ ਦੇ ਰਸਤੇ ਬਰਤਾਨੀਆਂ ਡਿਪੋਰਟ ਕੀਤਾ ਜਾਣਾ ਸੀ, ਇਮੀਗ੍ਰੇਸ਼ਨ ਖੇਤਰ ਤੋਂ ਭੱਜ ਕੇ ਸ਼ਹਿਰ ਵਿਚ ਫਰਾਰ ਹੋ ਗਿਆ। ਦਿੱਲੀ ਪੁਲਿਸ ਅਤੇ ਸੁਰੱਖਿਆ ਏਜੰਸੀਆਂ ਨੇ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਹੈ ਅਤੇ ਏਅਰਲਾਈਨ ਦੇ ਕਰਮਚਾਰੀਆਂ ਤੋਂ ਪੁੱਛ-ਪੜਤਾਲ ਕਰਦੇ ਹੋਏ ਐਫ. ਆਈ. ਆਰ. ਦਰਜ ਕੀਤੀ ਗਈ ਹੈ।’’
ਹਵਾਈ ਅੱਡੇ ਦੀ ਸੁਰੱਖਿਆ ਲਈ ਜ਼ਿੰਮੇਵਾਰ ਕੇਂਦਰੀ ਉਦਯੋਗਿਕ ਸੁਰੱਖਿਆ ਬਲ (ਸੀ. ਆਈ. ਐਸ. ਐਫ.) ਨੇ ਇਮੀਗ੍ਰੇਸ਼ਨ ਬਿਊਰੋ ਅਤੇ ਦਿੱਲੀ ਪੁਲਿਸ ਨਾਲ ਮਿਲ ਕੇ ਭਗੌੜੇ ਦਾ ਪਤਾ ਲਗਾਉਣ ਲਈ ਤਾਲਮੇਲ ਨਾਲ ਕੋਸ਼ਿਸ਼ ਸ਼ੁਰੂ ਕੀਤੀ ਹੈ। ਅਧਿਕਾਰੀਆਂ ਨੇ ਦਸਿਆ ਕਿ ਹਵਾਈ ਅੱਡੇ ਦੀ ਸੀ.ਸੀ.ਟੀ.ਵੀ. ਫੁਟੇਜ ਨੂੰ ਸਕੈਨ ਕੀਤਾ ਜਾ ਰਿਹਾ ਹੈ ਤਾਂ ਜੋ ਘਟਨਾਵਾਂ ਦੇ ਕ੍ਰਮ ਦਾ ਪਤਾ ਲਗਾਇਆ ਜਾ ਸਕੇ ਅਤੇ ਸੰਭਾਵਤ ਖਾਮੀਆਂ ਦੀ ਪਛਾਣ ਕੀਤੀ ਜਾ ਸਕੇ ਜਿਸ ਕਾਰਨ ਭੱਜਣ ਦਾ ਕਾਰਨ ਬਣਿਆ।
ਅਧਿਕਾਰੀਆਂ ਨੇ ਦਸਿਆ ਕਿ ਸਥਾਨਕ ਥਾਣੇ ’ਚ ਸਬੰਧਤ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਅਤੇ ਕੌਮੀ ਰਾਜਧਾਨੀ ਖੇਤਰ (ਐਨ.ਸੀ.ਆਰ.) ’ਚ ਸੰਭਾਵੀ ਟਿਕਾਣਿਆਂ ਅਤੇ ਨਿਕਾਸ ਸਥਾਨਾਂ ਦੀ ਭਾਲ ਲਈ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ। ਅਧਿਕਾਰੀ ਨੇ ਕਿਹਾ ਕਿ ਮੁਸਾਫ਼ਰ ਦੇ ਮਨੋਰਥ, ਪਿਛੋਕੜ ਅਤੇ ਮੌਜੂਦਾ ਟਿਕਾਣੇ ਬਾਰੇ ਹੋਰ ਵੇਰਵਿਆਂ ਦੀ ਪੁਸ਼ਟੀ ਕੀਤੀ ਜਾ ਰਹੀ ਹੈ। (ਪੀਟੀਆਈ)