‘ਮੈਂ ਭਾਰਤ ਦੇ ਨਾਲ ਹਾਂ, ਭਾਰਤ ਤੇ ਹਿੰਦੂ ਵਿਰੋਧੀ ਭਾਵਨਾਵਾਂ ਨੂੰ ਬਰਦਾਸ਼ਤ ਨਹੀਂ ਕਰਾਂਗੇ’

ਏਜੰਸੀ

ਖ਼ਬਰਾਂ, ਕੌਮਾਂਤਰੀ

ਪੀਐਮ ਜਾਨਸਨ ਨੇ ਕਿਹਾ, ‘ਅਸੀਂ ਭਾਰਤੀ ਭਾਈਚਾਰੇ ਦੀ ਹਰ ਹਾਲ ਵਿਚ ਹਿਫ਼ਾਜ਼ਤ ਕਰਾਂਗੇ।

Boris Johnson and PM Modi

ਬ੍ਰਿਟੇਨ: ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਸ਼ਨੀਵਾਰ ਨੂੰ ਲੰਡਨ ਵਿਚ ਸਵਾਮੀ ਨਾਰਾਇਣ ਮੰਦਰ ਪਹੁੰਚੇ। ਇਸ ਮੌਕੇ ‘ਤੇ ਪ੍ਰਧਾਨ ਮੰਤਰੀ ਜਾਨਸਨ ਨੇ ਕਿਹਾ, ‘ਇਸ ਦੇਸ਼ ਵਿਚ ਨਸਲਵਾਦ ਜਾਂ ਭਾਰਤ ਵਿਰੋਧੀ ਮਾਹੌਲ ਦੀ ਕੋਈ ਗੁੰਜਾਇਸ਼ ਨਹੀਂ ਹੈ’। ਪ੍ਰਧਾਨ ਮੰਤਰੀ ਜਾਨਸਨ ਨੇ ‘ਹਿੰਦੂ ਵਿਰੋਧੀ’ ਅਤੇ ‘ਭਾਰਤ ਵਿਰੋਧੀ’ ਭਾਵਨਾਵਾਂ ਦਾ ਵੀ ਜ਼ਿਕਰ ਕੀਤਾ ਅਤੇ ਇਸ ‘ਤੇ ਚਿੰਤਾ ਜ਼ਾਹਿਰ ਕੀਤੀ। ਇਕ ਅੰਗਰੇਜ਼ੀ ਅਖ਼ਬਾਰ ਨੂੰ ਦਿੱਤੇ ਇਕ ਖ਼ਾਸ ਇੰਟਰਵਿਊ ਵਿਚ ਪੀਐਮ ਜਾਨਸਨ ਨੇ ਕਿਹਾ, ‘ਅਸੀਂ ਭਾਰਤੀ ਭਾਈਚਾਰੇ ਦੀ ਹਰ ਹਾਲ ਵਿਚ ਹਿਫ਼ਾਜ਼ਤ ਕਰਾਂਗੇ।

ਦੁਨੀਆਂ ਵਿਚ ਆਪਸੀ ਵਿਵਾਦ ਨਾਲ ਜਿਸ ਤਰ੍ਹਾਂ ਦੇ ਭੇਦਭਾਵ, ਚਿੰਤਾਵਾਂ ਪੈਦਾ ਹੁੰਦੀਆਂ ਹਨ, ਅਸੀਂ ਉਸ ਨੂੰ ਇਸ ਦੇਸ਼ ਵਿਚ ਨਹੀਂ ਆਉਣ ਦੇਵਾਂਗੇ’। ਪ੍ਰਧਾਨ ਮੰਤਰੀ ਜਾਨਸਨ ਨੇ ਬ੍ਰਿਟੇਨ ਦੇ 6.5 ਫੀਸਦੀ ਜੀਡੀਪੀ ਵਿਚ ਭਾਰਤੀ ਭਾਈਚਾਰੇ ਦੀ ਹਿੱਸੇਦਾਰੀ ਦਾ ਜ਼ਿਕਰ ਕੀਤਾ ਅਤੇ ਦੱਸਿਆ ਕਿ ਇਸ ਵਿਚ 2 ਫੀਸਦੀ ਯੋਗਦਾਨ ਭਾਰਤੀਆਂ ਦਾ ਹੈ। ਬ੍ਰਿਟੇਨ ਦੇ ਜੀਡੀਪੀ ਵਿਚ ਹੋਰ ਮਜ਼ਬੂਤੀ ਲਿਆਉਣ ਲਈ ਜਾਨਸਨ ਨੇ ਕਿਹਾ ਕਿ ਉਹਨਾਂ ਦੀ ਸਰਕਾਰ ਵੀਜ਼ਾ ਨਿਯਮਾਂ ਵਿਚ ਭੇਦਭਾਵ ਖ਼ਤਮ ਕਰੇਗੀ । ਯੂਰੋਪੀਅਨ ਯੂਨੀਅਨ ਦੀ ਥਾਂ ਬ੍ਰਿਟੇਨ ਵਿਚ ਸਾਲ 2021 ਤੱਕ ਆਸਟ੍ਰੇਲੀਆ ਦੀ ਤਰ੍ਹਾਂ ਪੁਆਇੰਟ ਅਧਾਰਿਤ ਇਮੀਗ੍ਰੇਸ਼ਨ ਸਿਸਟਮ ਲਾਗੂ ਕੀਤਾ ਜਾਵੇਗਾ।

ਉਹਨਾਂ ਕਿਹਾ, ਅਸੀਂ ਸਾਰਿਆਂ ਲਈ ਬਰਾਬਰ ਇਮੀਗ੍ਰੇਸ਼ਨ ਨਿਯਮ ਲਾਗੂ ਕਰਾਂਗੇ। ਭਾਰਤ ਦੇ ਡਾਕਟਰ, ਨਰਸ ਅਤੇ ਸਿਹਤ ਮਾਹਿਰਾਂ ਲਈ ‘ਸਪੈਸ਼ਲ ਫਾਸਟ ਟਰੈਕ ਵੀਜ਼ਾ’ ਸ਼ੁਰੂ ਕਰਨ ਦੀ ਯੋਜਨਾ ਹੈ ਤਾਂ ਜੋ ਲੋਕਾਂ ਨੂੰ ਦੋ ਹਫ਼ਤਿਆਂ ਅੰਦਰ ਵੀਜ਼ਾ ਮਿਲ ਜਾਵੇ’। ਪੀਐਮ ਮੋਦੀ ਨਾਲ ਅਪਣੇ ਚੰਗੇ ਸਬੰਧਾਂ ਦਾ ਜ਼ਿਕਰ ਕਰਦੇ ਹੋਏ ਉਹਨਾਂ ਕਿਹਾ, ‘ਅਸੀਂ ਜਾਣਦੇ ਹਾਂ ਕਿ ਪੀਐਮ ਮੋਦੀ ਇਕ ਨਵਾਂ ਭਾਰਤ ਬਣਾ ਰਹੇ ਹਨ ਅਤੇ ਬ੍ਰਿਟੇਨ ਵਿਚ ਇਸ ਲਈ ਜਿਸ ਤਰ੍ਹਾਂ ਦੀ ਲੋੜ ਪਵੇਗੀ, ਅਸੀਂ ਉਸ ਵਿਚ ਮਦਦ ਕਰਾਂਗੇ’।

ਉਹਨਾਂ ਕਿਹਾ ਕਿ ਜੇਕਰ ਉਹ ਬਹੁਮਤ ਨਾਲ ਜਿੱਤਦੇ ਹਨ ਤਾਂ ਉਹ ਜਲਦ ਤੋਂ ਜਲਦ ਭਾਰਤ ਦਾ ਦੌਰਾ ਕਰਨਗੇ ਤਾਂ ਜੋ ਭਾਰਤ ਨਾਲ ਸਬੰਧਾਂ ਨੂੰ ਜ਼ਿਆਦਾ ਮਜ਼ਬੂਤੀ ਦਿੱਤੀ ਜਾ ਸਕੇ। ਜ਼ਿਕਰਯੋਗ ਹੈ ਕਿ ਬ੍ਰਿਟੇਨ ਵਿਚ 12 ਦਸੰਬਰ ਨੂੰ ਆਮ ਚੋਣਾਂ ਹੋ ਰਹੀਆਂ ਹਨ, ਜੋ ਕਿ ਬ੍ਰੈਕਜ਼ਿਟ ਦੇ ਮੁੱਦੇ 'ਤੇ ਹੋ ਰਹੀਆਂ ਹਨ। ਪ੍ਰਧਾਨ ਮੰਤਰੀ ਜਾਨਸਨ ਦਾ ਏਜੰਡਾ ਇਹ ਹੈ ਕਿ ਜੇਕਰ ਉਹ ਚੋਣ ਜਿੱਤ ਜਾਂਦੇ ਹਨ ਤਾਂ ਉਹ ਯੂਕੇ ਨੂੰ ਪੂਰੀ ਤਰ੍ਹਾਂ ‘ਘਬਰਾਹਟ, ਦੇਰੀ ਅਤੇ ਰੁਕਾਵਟ’ ਦੇ ਮਾਹੌਲ ਤੋਂ ਨਿਜਾਤ ਦਿਵਾਉਣਗੇ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।