ਸਿੱਖਾਂ ਨੇ ਕਰਤਾਰਪੁਰ ਕੰਪਲੈਕਸ ਨੂੰ ਮੂਲ ਰੂਪ 'ਚ ਬਣਾਈ ਰੱਖਣ ਦੀ ਕੀਤੀ ਅਪੀਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਅਮਰੀਕਾ ਵਿਚ ਸਿੱਖਾਂ ਨੇ ਪਾਕਿਸਤਾਨ ਤੋਂ ਕਰਤਾਰਪੁਰ ਸਾਹਿਬ ਕੰਪਲੈਕਸ (ਕੇ.ਐਸ.ਸੀ.) ਵਿਚ ਕਿਸੇ ਤਰ੍ਹਾਂ ਦਾ ਢਾਂਚਾਗਤ ਬਦਲਾਅ ਨਾ ਕਰਨ ਦੀ ਅਪੀਲ ਕੀਤੀ ਹੈ.......

Shri Kartarpur Sahib

ਇਸਲਾਮਾਬਾਦ : ਅਮਰੀਕਾ ਵਿਚ ਸਿੱਖਾਂ ਨੇ ਪਾਕਿਸਤਾਨ ਤੋਂ ਕਰਤਾਰਪੁਰ ਸਾਹਿਬ ਕੰਪਲੈਕਸ (ਕੇ.ਐਸ.ਸੀ.) ਵਿਚ ਕਿਸੇ ਤਰ੍ਹਾਂ ਦਾ ਢਾਂਚਾਗਤ ਬਦਲਾਅ ਨਾ ਕਰਨ ਦੀ ਅਪੀਲ ਕੀਤੀ ਹੈ। ਕਰਤਾਰਪੁਰ ਲਾਂਘਾ ਖੋਲ੍ਹਣ ਲਈ ਪਾਕਿਸਤਾਨ ਅਤੇ ਭਾਰਤ ਸਰਕਾਰ ਦੋਹਾਂ ਦੇ ਰਾਜ਼ੀ ਹੋਣ ਤੋਂ ਬਾਅਦ ਅਮਰੀਕਨ ਸਿੱਖ ਕੌਂਸਲ (ਏ.ਐਸ.ਸੀ.) ਅਤੇ ਸਿੱਖ ਇਨ ਅਮਰੀਕਾ (ਐਸ.ਆਈ.ਏ.) ਨੇ ਇਹ ਅਪੀਲ ਕੀਤੀ ਹੈ। ਨਵੰਬਰ ਵਿਚ ਭਾਰਤੀ ਮੰਤਰੀ ਮੰਡਲ ਨੇ ਡੇਰਾ ਬਾਬਾ ਨਾਨਕ ਤੋਂ ਪਾਕਿਸਤਾਨ ਸਰਹੱਦ ਤਕ ਕਰਤਾਰਪੁਰ ਲਾਂਘੇ ਨੂੰ ਮੰਜ਼ੂਰੀ ਦਿਤੀ

ਅਤੇ 26 ਨਵੰਬਰ ਨੂੰ ਉਪ ਰਾਸ਼ਟਰਪਤੀ ਵੈਂਕਈਆ ਨਾਇਡੂ ਨੇ ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਦੇ ਮਾਨ ਪਿੰਡ ਵਿਚ ਇਕ ਪ੍ਰੋਗਰਾਮ 'ਚ ਡੇਰਾ ਬਾਬਾ ਨਾਨਕ-ਕਰਤਾਰਪੁਰ ਸਾਹਿਬ ਲਾਂਘੇ (ਕੌਮਾਂਤਰੀ ਸਰਹੱਦ ਤਕ) ਦਾ ਨੀਂਹ ਪੱਥਰ ਰਖਿਆ ਸੀ। ਭਾਰਤ ਵਲੋਂ ਨੀਂਹ ਪੱਥਰ ਤੋਂ ਬਾਅਦ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਲਾਂਘੇ ਲਈ 28 ਨਵੰਬਰ ਨੂੰ ਨੀਂਹ ਰੱਖੀ ਸੀ। ਡੇਰਾ ਬਾਬਾ ਨਾਨਕ ਗੁਰਦਵਾਰਾ ਤੋਂ ਚਾਰ ਕਿਲੋਮੀਟਰ ਦੂਰ ਪਾਕਿ ਵਿਚ ਰਾਵੀ ਨਦੀ ਕੰਢੇ ਕਰਤਾਰਪੁਰ ਸਾਹਿਬ ਸਥਿਤ ਹੈ। ਇਸ ਦੀ ਸਥਾਪਨਾ ਸਿੱਖ ਗੁਰੂ ਨੇ 1522 ਈ. ਵਿਚ ਕੀਤੀ ਸੀ।

ਏ.ਐਸ.ਸੀ. ਦੀ ਵੈੱਬਸਾਈਟ ਉਤੇ ਕਿਹਾ ਗਿਆ ਹੈ ਕਿ ਭਾਰਤ, ਪਾਕਿ ਜਾਂ ਪੂਰੀ ਦੁਨੀਆਂ ਤੋਂ ਆਉਣ ਵਾਲੇ ਸਿੱਖ ਸ਼ਰਧਾਲੂਆਂ ਦੇ ਰੁਕਣ ਦਾ ਇੰਤਜ਼ਾਮ ਲਈ ਮੁੱਖ ਕੇ.ਐਸ.ਸੀ. ਤੋਂ ਕੁੱਝ ਦੂਰੀ 'ਤੇ ਰੈਸਟਰੂਮ ਆਦਿ ਦਾ ਨਿਰਮਾਣ ਹੋਣਾ ਚਾਹੀਦਾ ਹੈ ਤਾਂ ਜੋ ਕਰਤਾਰਪੁਰ ਸਾਹਿਬ ਮੂਲ ਸਰੂਪ ਵਿਚ ਬਣਾ ਰਹੇ ਹਨ। ਗੁਰੂ ਸਾਹਿਬ ਨਾਲ ਸਬੰਧਤ ਕਰੀਬ 100 ਏਕੜ ਵਿਚ ਫੈਲੇ ਕੁਦਰਤੀ ਖੇਤਰ ਤੇ ਰਾਵੀ ਨਦੀ ਦੇ ਕੋਲ ਦੇ ਇਲਾਕੇ ਨੂੰ ਜਿੰਨਾ ਹੋ ਸਕੇ

ਉਸ ਦੇ ਮੂਲ ਸਰੂਪ ਵਿਚ ਰਹਿਣ ਦੇਣਾ ਚਾਹੀਦਾ ਹੈ ਤੇ ਇਸ ਥਾਂ ਦੀ ਮਰਿਆਦਾ ਨੂੰ ਬਣਾਈ ਰਖਣਾ ਚਾਹੀਦਾ ਹੈ। ਡਾਨ ਅਖ਼ਬਾਰ ਨੇ ਏ.ਐਸ.ਸੀ. ਪ੍ਰਧਾਨ ਡਾ. ਗੁਰਦਾਸ ਸਿੰਘ ਤੇ ਐਸ.ਆਈ.ਏ. ਦੇ ਪ੍ਰਧਾਨ ਗੁਰਿੰਦਰ ਪਾਲ ਸਿੰਘ ਦੇ ਹਵਾਲੇ ਨਾਲ ਕਿਹਾ ਹੈ ਕਿ ਪਾਕਿਸਤਾਨ ਸਰਕਾਰ ਮੂਲ ਸੰਸਕ੍ਰਿਤਿਕ ਢਾਂਚੇ ਤੇ ਕੰਪਲੈਕਸ ਵਿਚ ਬਦਲਾਅ ਕਰ ਸਕਦੀ ਹੈ।  (ਪੀ.ਟੀ.ਆਈ)