ਭਾਰਤ ਨਾਲ ਵਿਵਾਦ ਤੋਂ ਬਾਅਦ ਮਾਲਦੀਵ ਦੇ ਰਾਸ਼ਟਰਪਤੀ ਨੇ ਚੀਨ ਨੂੰ ਹੋਰ ਸੈਲਾਨੀ ਭੇਜਣ ਦੀ ਅਪੀਲ ਕੀਤੀ

ਏਜੰਸੀ

ਖ਼ਬਰਾਂ, ਕੌਮਾਂਤਰੀ

ਦੋਹਾਂ ਦੇਸ਼ਾਂ ਨੇ ਮਾਲਦੀਵ ਨੂੰ ਏਕੀਕ੍ਰਿਤ ਸੈਰ-ਸਪਾਟਾ ਖੇਤਰ ਵਿਕਸਤ ਕਰਨ ਲਈ 50 ਮਿਲੀਅਨ ਡਾਲਰ ਦੇ ਪ੍ਰਾਜੈਕਟ ’ਤੇ ਦਸਤਖਤ ਕੀਤੇ

President Moizzu and President Xi Jinping

ਬੀਜਿੰਗ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਰੁਧ ਮਾਲਦੀਵ ਦੇ ਮੰਤਰੀਆਂ ਦੀਆਂ ਅਪਮਾਨਜਨਕ ਟਿਪਣੀਆਂ ’ਤੇ ਸਫ਼ਾਰਤੀ ਵਿਵਾਦ ਪੈਦਾ ਹੋਣ ਤੋਂ ਬਾਅਦ ਭਾਰਤੀ ਸੈਲਾਨੀਆਂ ਵਲੋਂ ਬੁਕਿੰਗ ਰੱਣ ਕੀਤੇ ਜਾਣ ਦੀਆਂ ਘਟਨਾਵਾਂ ਵਿਚਕਾਰ ਮਾਲਦੀਵ ਦੇ ਰਾਸ਼ਟਰਪਤੀ ਮੁਹੰਮਦ ਮੁਆਇਜ਼ੂ ਨੇ ਮੰਗਲਵਾਰ ਨੂੰ ਚੀਨ ਨੂੰ ਅਪੀਲ ਕੀਤੀ ਕਿ ਉਹ ਅਪਣੇ ਦੇਸ਼ ਵਿਚ ਵਧੇਰੇ ਸੈਲਾਨੀਆਂ ਨੂੰ ਭੇਜਣ ਦੀਆਂ ਕੋਸ਼ਿਸ਼ਾਂ ਵਿਚ ਤੇਜ਼ੀ ਲਿਆਵੇ। 

ਫੁਜੀਆਨ ਸੂਬੇ ਵਿਚ ਮਾਲਦੀਵ ਬਿਜ਼ਨਸ ਫੋਰਮ ਨੂੰ ਸੰਬੋਧਨ ਕਰਦਿਆਂ ਮੁਇਜ਼ੂ ਨੇ ਚੀਨ ਦੀ ਅਪਣੀ ਪੰਜ ਦਿਨਾਂ ਅਧਿਕਾਰਤ ਯਾਤਰਾ ਦੇ ਦੂਜੇ ਦਿਨ ਚੀਨ ਨੂੰ ਟਾਪੂ ਦੇਸ਼ ਦਾ ਸੱਭ ਤੋਂ ਨਜ਼ਦੀਕੀ ਸਹਿਯੋਗੀ ਦਸਿਆ । 

ਉਨ੍ਹਾਂ ਕਿਹਾ, ‘‘ਚੀਨ ਸਾਡੇ ਸੱਭ ਤੋਂ ਨਜ਼ਦੀਕੀ ਸਹਿਯੋਗੀਆਂ ਅਤੇ ਵਿਕਾਸ ਭਾਈਵਾਲਾਂ ਵਿਚੋਂ ਇਕ ਹੈ।’’ ਅਪਣੇ ਸੰਬੋਧਨ ਦੌਰਾਨ ਉਨ੍ਹਾਂ ਨੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਵਲੋਂ 2014 ’ਚ ਸ਼ੁਰੂ ਕੀਤੀ ਗਈ ਬੈਲਟ ਐਂਡ ਰੋਡ ਇਨੀਸ਼ੀਏਟਿਵ (ਬੀ.ਆਰ.ਆਈ.) ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਉਨ੍ਹਾਂ (ਜਿਨਪਿੰਗ) ਨੇ ਮਾਲਦੀਵ ਦੇ ਇਤਿਹਾਸ ’ਚ ਸੱਭ ਤੋਂ ਮਹੱਤਵਪੂਰਨ ਬੁਨਿਆਦੀ ਢਾਂਚਾ ਪ੍ਰਾਜੈਕਟ ਦਿਤੇ ਹਨ। ਮੁਇਜ਼ੂ ਨੇ ਚੀਨ ਨੂੰ ਅਪੀਲ ਕੀਤੀ ਕਿ ਉਹ ਮਾਲਦੀਵ ’ਚ ਵੱਧ ਤੋਂ ਵੱਧ ਸੈਲਾਨੀਆਂ ਨੂੰ ਭੇਜੇ। 

ਮੁਇਜ਼ੂ ਦੀ ਅਧਿਕਾਰਤ ਵੈੱਬਸਾਈਟ ’ਤੇ ਸਾਂਝੇ ਕੀਤੇ ਗਏ ਇਕ ਬਿਆਨ ’ਚ ਮੁਇਜ਼ੂ ਨੇ ਕਿਹਾ, ‘‘ਕੋਵਿਡ ਤੋਂ ਪਹਿਲਾਂ ਚੀਨੀ ਸੈਲਾਨੀ ਸੱਭ ਤੋਂ ਵੱਡੀ ਗਿਣਤੀ ’ਚ ਸਾਡੇ ਦੇਸ਼ ਆਏ ਸਨ ਅਤੇ ਮੈਂ ਬੇਨਤੀ ਕਰਦਾ ਹਾਂ ਕਿ ਚੀਨ ਇਸ ਸਥਿਤੀ ਨੂੰ ਮੁੜ ਹਾਸਲ ਕਰਨ ਲਈ ਕੋਸ਼ਿਸ਼ਾਂ ਤੇਜ਼ ਕਰੇ।’’

ਮਾਲਦੀਵ ਦੀਆਂ ਮੀਡੀਆ ਰੀਪੋਰਟਾਂ ਵਿਚ ਕਿਹਾ ਗਿਆ ਹੈ ਕਿ ਦੋਹਾਂ ਦੇਸ਼ਾਂ ਨੇ ਹਿੰਦ ਮਹਾਂਸਾਗਰ ਟਾਪੂ ਵਿਚ ਇਕ ਏਕੀਕ੍ਰਿਤ ਸੈਰ-ਸਪਾਟਾ ਖੇਤਰ ਵਿਕਸਤ ਕਰਨ ਲਈ 50 ਮਿਲੀਅਨ ਡਾਲਰ ਦੇ ਪ੍ਰਾਜੈਕਟ ’ਤੇ ਦਸਤਖਤ ਕੀਤੇ ਹਨ। 

ਚੀਨੀ ਸੈਲਾਨੀਆਂ ਲਈ ਮੁਇਜ਼ੂ ਦੀ ਅਪੀਲ ਕੂਟਨੀਤਕ ਵਿਵਾਦ ਦੇ ਵਿਚਕਾਰ ਆਈ ਹੈ ਜਦੋਂ ਮਾਲਦੀਵ ਦੇ ਕੁੱਝ ਮੰਤਰੀਆਂ ਨੇ ਪ੍ਰਧਾਨ ਮੰਤਰੀ ਮੋਦੀ ਵਿਰੁਧ ਅਪਮਾਨਜਨਕ ਟਿਪਣੀਆਂ ਕੀਤੀਆਂ ਸਨ ਜਦੋਂ ਮੋਦੀ ਨੇ ਅਪਣੀ ਹਾਲੀਆ ਲਕਸ਼ਦੀਪ ਯਾਤਰਾ ਦੌਰਾਨ ਇਕ ਪ੍ਰਾਚੀਨ ਸਮੁੰਦਰੀ ਕੰਢੇ ’ਤੇ ਅਪਣੀ ਇਕ ਵੀਡੀਉ ਸਾਂਝੀ ਕੀਤੀ ਸੀ। 

ਮੁਇਜ਼ੂ ਦੀ ਸਰਕਾਰ ਨੇ ਸੋਸ਼ਲ ਮੀਡੀਆ ’ਤੇ ਮੋਦੀ ਵਿਰੁਧ ਅਪਮਾਨਜਨਕ ਪੋਸਟ ਕਰਨ ਲਈ ਤਿੰਨ ਉਪ ਮੰਤਰੀਆਂ ਨੂੰ ਮੁਅੱਤਲ ਕਰ ਦਿਤਾ ਹੈ। ਮਾਲਦੀਵ ਦੇ ਸੈਰ-ਸਪਾਟਾ ਮੰਤਰਾਲੇ ਵਲੋਂ ਪਹਿਲਾਂ ਜਾਰੀ ਅੰਕੜਿਆਂ ਮੁਤਾਬਕ ਭਾਰਤ 2023 ’ਚ ਦੇਸ਼ ਦਾ ਸੱਭ ਤੋਂ ਵੱਡਾ ਸੈਰ-ਸਪਾਟਾ ਬਾਜ਼ਾਰ ਬਣਿਆ ਰਹੇਗਾ। ਪਿਛਲੇ ਸਾਲ ਸੱਭ ਤੋਂ ਵੱਧ 2,09,198 ਭਾਰਤੀ ਸੈਲਾਨੀ ਮਾਲਦੀਵ ਪਹੁੰਚੇ, ਇਸ ਤੋਂ ਬਾਅਦ 2,09,146 ਰੂਸੀ ਸੈਲਾਨੀ ਅਤੇ 1,87,118 ਚੀਨੀ ਸੈਲਾਨੀ ਆਏ।

ਮਾਲਦੀਵ ਨੇ ਰਾਸ਼ਟਰਪਤੀ ਮੁਇਜੂ ਦੀ ਭਾਰਤ ਯਾਤਰਾ ਦਾ ਪ੍ਰਸਤਾਵ ਰਖਿਆ ਸੀ

ਨਵੀਂ ਦਿੱਲੀ: ਭਾਰਤ ਅਤੇ ਮਾਲਦੀਵ ਵਿਚਾਲੇ ਵਧਦੇ ਵਿਵਾਦ ਦੇ ਵਿਚਕਾਰ, ਹੁਣ ਇਹ ਸਾਹਮਣੇ ਆਇਆ ਹੈ ਕਿ ਮਾਲਦੀਵ ਸਰਕਾਰ ਨੇ ਨਵੰਬਰ ’ਚ ਰਾਸ਼ਟਰਪਤੀ ਮੁਹੰਮਦ ਮੁਇਜ਼ੂ ਦੀ ਨਵੀਂ ਦਿੱਲੀ ਯਾਤਰਾ ਦਾ ਪ੍ਰਸਤਾਵ ਦਿਤਾ ਸੀ। ਹਾਲਾਂਕਿ, ਮੁਇਜ਼ੂ ਮਾਲਦੀਵ ਤੋਂ ਭਾਰਤੀ ਫ਼ੌਜੀਆਂ ਦੀ ਵਾਪਸੀ ’ਤੇ ਅਪਣੇ ਸਟੈਂਡ ’ਤੇ ਕਾਇਮ ਰਹੇ। 

ਇਸ ਮਾਮਲੇ ਦੀ ਜਾਣਕਾਰੀ ਰੱਖਣ ਵਾਲੇ ਲੋਕਾਂ ਨੇ ਦਸਿਆ ਕਿ ਮਾਲਦੀਵ ਦੀ ਨਵੀਂ ਸਰਕਾਰ ਨੇ ਮਾਲੇ ’ਚ ਭਾਰਤੀ ਹਾਈ ਕਮਿਸ਼ਨ ਨੂੰ ਦਸਿਆ ਸੀ ਕਿ ਮੁਇਜ਼ੂ ਭਾਰਤ ਆਉਣਾ ਚਾਹੁੰਦੇ ਹਨ, ਹਾਲਾਂਕਿ ਇਸ ਮਾਮਲੇ ’ਤੇ ਕੋਈ ਵਿਕਾਸ ਨਾ ਹੋਇਆ। 

ਇਕ ਵਿਅਕਤੀ ਨੇ ਇਸ ਮਾਮਲੇ ’ਤੇ ਵਿਸਥਾਰ ਨਾਲ ਦੱਸਣ ਤੋਂ ਇਨਕਾਰ ਕਰਦੇ ਹੋਏ ਕਿਹਾ ਕਿ ਕਿਸੇ ਵੀ ਯਾਤਰਾ ਨੂੰ ਅੰਤਿਮ ਰੂਪ ਦੇਣਾ ਆਪਸੀ ਤੌਰ ’ਤੇ ਸੁਵਿਧਾਜਨਕ ਤਰੀਕਾਂ ’ਤੇ ਨਿਰਭਰ ਕਰਦਾ ਹੈ।

ਇਹ ਪਤਾ ਲੱਗਿਆ ਹੈ ਕਿ ਮਾਲਦੀਵ ਨੇ 17 ਨਵੰਬਰ ਨੂੰ ਮਾਲਦੀਵ ਦੇ ਰਾਸ਼ਟਰਪਤੀ ਵਜੋਂ ਅਹੁਦਾ ਸੰਭਾਲਣ ਤੋਂ ਕੁੱਝ ਦਿਨ ਬਾਅਦ ਮੁਇਜ਼ੂ ਦੀ ਯਾਤਰਾ ਦਾ ਪ੍ਰਸਤਾਵ ਦਿਤਾ ਸੀ। ਇਹ ਪ੍ਰਸਤਾਵ ਉਦੋਂ ਪੇਸ਼ ਕੀਤਾ ਗਿਆ ਸੀ ਜਦੋਂ ਮੁਇਜ਼ੂ ਨੇ ਮਾਲਦੀਵ ਤੋਂ ਭਾਰਤੀ ਫ਼ੌਜੀਆਂ ਨੂੰ ਵਾਪਸ ਬੁਲਾਉਣ ਦੀ ਮੰਗ ਕੀਤੀ ਸੀ। ਇਸ ਮਾਮਲੇ ਤੋਂ ਜਾਣੂ ਇਕ ਹੋਰ ਵਿਅਕਤੀ ਨੇ ਕਿਹਾ ਕਿ ਮੁਇਜ਼ੂ ਦੀ ਮੁਲਾਕਾਤ ਦੀ ਪੇਸ਼ਕਸ਼ ਜ਼ੁਬਾਨੀ ਸੀ। 

ਚੀਨ ਪੱਖੀ ਮੰਨੇ ਜਾਣ ਵਾਲੇ ਮੁਇਜ਼ੂ ਨੇ ਰਾਸ਼ਟਰਪਤੀ ਦਾ ਅਹੁਦਾ ਸੰਭਾਲਣ ਤੋਂ ਬਾਅਦ ਕਿਹਾ ਸੀ ਕਿ ਉਹ ਭਾਰਤੀ ਫੌਜੀਆਂ ਨੂੰ ਅਪਣੇ ਦੇਸ਼ ਤੋਂ ਬਾਹਰ ਕੱਢਣ ਦੇ ਅਪਣੇ ਚੋਣ ਵਾਅਦੇ ਨੂੰ ਪੂਰਾ ਕਰਨਗੇ। ਮੁਇਜ਼ੂ ਦੇ ਬਿਆਨ ਨੇ ਭਾਰਤ-ਮਾਲਦੀਵ ਸਬੰਧਾਂ ਨੂੰ ਤਣਾਅਪੂਰਨ ਬਣਾ ਦਿਤਾ ਸੀ।