World's Most Powerful Passport List: ਦੁਨੀਆਂ ਦੇ ਸਭ ਤੋਂ ਤਾਕਤਵਰ ਪਾਸਪੋਰਟ ਦੀ ਸੂਚੀ ’ਚ ਭਾਰਤ ਨੂੰ ਝਟਕਾ, ਪਾਕਿਸਤਾਨ ਦੀ ਹਾਲਤ ਵੀ ਮਾੜੀ

ਏਜੰਸੀ

ਖ਼ਬਰਾਂ, ਕੌਮਾਂਤਰੀ

World's Most Powerful Passport List: ਸਿੰਗਾਪੁਰ ਦਾ ਪਾਸਪੋਰਟ ਬਣਿਆ ਦੁਨੀਆਂ ਦਾ ਸਭ ਤੋਂ ਸ਼ਕਤੀਸ਼ਾਲੀ ਪਾਸਪੋਰਟ

World's most powerful passport ranking released

 

World's Most Powerful Passport List: ਸਾਲ 2025 ਲਈ ਦੁਨੀਆਂ ਦੇ ਸਭ ਤੋਂ ਸ਼ਕਤੀਸ਼ਾਲੀ ਪਾਸਪੋਰਟਾਂ ਦੀ ਰੈਂਕਿੰਗ ਆ ਗਈ ਹੈ। ਇਹ ਦਰਜਾਬੰਦੀ ਵੱਕਾਰੀ ਸੰਸਥਾ ਹੈਨਲੇ ਐਂਡ ਪਾਰਟਨਰਜ਼ ਵਲੋਂ ਜਾਰੀ ਕੀਤੀ ਗਈ ਹੈ। ਪਹਿਲੇ ਛੇ ਮਹੀਨਿਆਂ ਲਈ ਦੁਨੀਆਂ ਦੇ ਸਭ ਤੋਂ ਸ਼ਕਤੀਸ਼ਾਲੀ ਪਾਸਪੋਰਟਾਂ ਦੀ ਰੈਂਕਿੰਗ ਜਾਰੀ ਕੀਤੀ ਗਈ ਹੈ। ਸਿੰਗਾਪੁਰ ਦੇ ਪਾਸਪੋਰਟ ਨੂੰ ਦੁਨੀਆਂ ਦੇ ਸਭ ਤੋਂ ਸ਼ਕਤੀਸ਼ਾਲੀ ਪਾਸਪੋਰਟ ਦਾ ਦਰਜਾ ਦਿਤਾ ਗਿਆ ਹੈ। ਇਸ ਰੈਂਕਿੰਗ ਵਿਚ ਭਾਰਤ ਨੂੰ ਝਟਕਾ ਲੱਗਾ ਹੈ। ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਭਾਰਤੀ ਪਾਸਪੋਰਟ ਦੀ ਰੈਂਕਿੰਗ ਵਿਚ 6 ਸਥਾਨਾਂ ਦੀ ਗਿਰਾਵਟ ਆਈ ਹੈ।

ਇਹ ਸੂਚਕਾਂਕ ਇਸ ਆਧਾਰ ’ਤੇ ਪਾਸਪੋਰਟਾਂ ਦੀ ਰੈਂਕਿੰਗ ਤਿਆਰ ਕਰਦਾ ਹੈ ਕਿ ਉਸ ਪਾਸਪੋਰਟ ਦਾ ਧਾਰਕ ਕਿੰਨੇ ਦੇਸ਼ਾਂ ਵਿਚ ਬਿਨਾਂ ਵੀਜ਼ਾ ਦੇ ਜਾ ਸਕਦਾ ਹੈ। ਰੈਂਕਿੰਗ ਮੁਤਾਬਕ ਸਿੰਗਾਪੁਰ ਦਾ ਪਾਸਪੋਰਟ ਦੁਨੀਆਂ ਦਾ ਸਭ ਤੋਂ ਸ਼ਕਤੀਸ਼ਾਲੀ ਪਾਸਪੋਰਟ ਹੈ। ਇਸ ਨੂੰ ਰੱਖਣ ਵਾਲੇ ਲੋਕ ਦੁਨੀਆਂ ਦੇ 195 ਦੇਸ਼ਾਂ ਦੀ ਵੀਜ਼ਾ ਮੁਫ਼ਤ ਯਾਤਰਾ ਕਰ ਸਕਦੇ ਹਨ। 

ਜਦੋਂ ਕਿ ਸ਼ਕਤੀਸ਼ਾਲੀ ਪਾਸਪੋਰਟ ਦੀ ਰੈਂਕਿੰਗ ’ਚ ਜਾਪਾਨ ਦੂਜੇ ਸਥਾਨ ’ਤੇ ਹੈ। ਜਾਪਾਨੀ ਪਾਸਪੋਰਟ ਰਾਹੀਂ ਲੋਕ 193 ਦੇਸ਼ਾਂ ਦੀ ਵੀਜ਼ਾ ਮੁਫ਼ਤ ਯਾਤਰਾ ਕਰ ਸਕਦੇ ਹਨ। ਜਾਪਾਨ ਤੋਂ ਬਾਅਦ ਦਖਣੀ ਕੋਰੀਆ, ਫਰਾਂਸ, ਜਰਮਨੀ, ਇਟਲੀ, ਸਪੇਨ ਅਤੇ ਫ਼ਿਨਲੈਂਡ ਸਾਂਝੇ ਤੌਰ ’ਤੇ ਤੀਜੇ ਸਥਾਨ ’ਤੇ ਕਾਬਜ਼ ਹਨ। ਇਨ੍ਹਾਂ ਦੇਸ਼ਾਂ ਦੇ ਪਾਸਪੋਰਟ 192 ਦੇਸ਼ਾਂ ਵਿਚ ਵੀਜ਼ਾ ਮੁਕਤ ਦਾਖ਼ਲੇ ਦੀ ਆਗਿਆ ਦਿੰਦੇ ਹਨ।

85ਵੇਂ ਨੰਬਰ ’ਤੇ ਹੈ ਭਾਰਤ : ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਦੁਨੀਆਂ ਦੇ ਸਭ ਤੋਂ ਸ਼ਕਤੀਸ਼ਾਲੀ ਪਾਸਪੋਰਟਾਂ ਦੀ ਸੂਚੀ ਵਿਚ ਭਾਰਤ ਨੂੰ ਝਟਕਾ ਲੱਗਾ ਹੈ। ਭਾਰਤ ਪਿਛਲੇ ਸਾਲ ਦੇ ਮੁਕਾਬਲੇ 6 ਦਰਜੇ ਹੇਠਾਂ ਆ ਗਿਆ ਹੈ। ਦੁਨੀਆਂ ਭਰ ਦੇ ਦੇਸ਼ਾਂ ’ਚ ਸਭ ਤੋਂ ਸ਼ਕਤੀਸ਼ਾਲੀ ਪਾਸਪੋਰਟ ਰੈਂਕਿੰਗ ’ਚ ਭਾਰਤ 85ਵੇਂ ਨੰਬਰ ’ਤੇ ਹੈ। ਭਾਰਤੀ ਪਾਸਪੋਰਟ ਦੇ ਜ਼ਰੀਏ ਦੁਨੀਆ ਦੇ 57 ਦੇਸ਼ਾਂ ਦੀ ਵੀਜ਼ਾ ਮੁਫ਼ਤ ਯਾਤਰਾ ਕੀਤੀ ਜਾ ਸਕਦੀ ਹੈ।

ਪਾਕਿਸਤਾਨ ਦੀ ਹਾਲਤ ਹੋਈ ਖ਼ਰਾਬ : ਸਭ ਤੋਂ ਸ਼ਕਤੀਸ਼ਾਲੀ ਪਾਸਪੋਰਟ ਦੀ ਰੈਂਕਿੰਗ ਵਿਚ ਗੁਆਂਢੀ ਦੇਸ਼ ਪਾਕਿਸਤਾਨ ਦੀ ਸਥਿਤੀ ਬਹੁਤ ਤਰਸਯੋਗ ਹੈ। ਪਾਕਿਸਤਾਨੀ ਪਾਸਪੋਰਟ ’ਤੇ 33 ਦੇਸ਼ਾਂ ਦੀ ਮੁਫ਼ਤ ਵੀਜ਼ਾ ਐਂਟਰੀ ਕੀਤੀ ਜਾ ਸਕਦੀ ਹੈ। ਰੈਂਕਿੰਗ ’ਚ 103ਵੇਂ ਨੰਬਰ ’ਤੇ ਹੈ। ਜਦੋਂ ਕਿ ਅਫ਼ਰੀਕੀ ਦੇਸ਼ਾਂ ਸੋਮਾਲੀਆ, ਫ਼ਲਸਤੀਨ, ਨੇਪਾਲ ਅਤੇ ਬੰਗਲਾਦੇਸ਼ ਦੀ ਰੈਂਕਿੰਗ ਪਾਕਿਸਤਾਨ ਤੋਂ ਉਪਰ ਹੈ। ਸੋਮਾਲੀਆ ਦਾ ਪਾਸਪੋਰਟ 102ਵੇਂ ਨੰਬਰ ’ਤੇ ਹੈ।