ਈਰਾਨ ਦੇ 100 ਸ਼ਹਿਰਾਂ ’ਚ ਮਹਿੰਗਾਈ ਵਿਰੁਧ ਪ੍ਰਦਰਸ਼ਨ, 42 ਮੌਤਾਂ
ਇੰਟਰਨੈੱਟ ਅਤੇ ਕੌਮਾਂਤਰੀ ਟੈਲੀਫ਼ੋਨ ਸੇਵਾ ਕੀਤੀ ਗਈ ਬੰਦ
ਦੁਬਈ: ਈਰਾਨ ਦੀ ਬਿਮਾਰ ਆਰਥਕਤਾ ਨੂੰ ਲੈ ਕੇ ਸ਼ੁਰੂ ਹੋਏ ਵਿਰੋਧ ਪ੍ਰਦਰਸ਼ਨ 28 ਦਸੰਬਰ ਨੂੰ ਸ਼ੁਰੂ ਹੋਣ ਤੋਂ ਬਾਅਦ ਲਗਾਤਾਰ ਤੇਜ਼ ਹੋ ਰਹੇ ਹਨ। ਪ੍ਰਦਰਸ਼ਨ ਦੀ ਅੱਗ 100 ਸ਼ਹਿਰਾਂ ਤਕ ਫੈਲ ਚੁਕੀ ਹੈ ਅਤੇ ਇਨ੍ਹਾਂ ’ਚ ਹੁਣ ਤਕ 42 ਲੋਕਾਂ ਦੇ ਮਾਰੇ ਜਾਣ ਦੇ ਖ਼ਬਰ ਹੈ। ਈਰਾਨ ਦੇ ਸਰਵਉੱਚ ਨੇਤਾ ਨੇ ਸ਼ੁਕਰਵਾਰ ਨੂੰ ਦੇਸ਼ ਦੇ ਨਾਂ ਅਪਣੇ ਸੰਬੋਧਨ ’ਚ ਸੰਕੇਤ ਦਿਤਾ ਕਿ ਸੁਰੱਖਿਆ ਬਲ ਪ੍ਰਦਰਸ਼ਨਕਾਰੀਆਂ ਉਤੇ ਸ਼ਿਕੰਜਾ ਕੱਸਣਗੇ।
ਸੁਪਰੀਮ ਲੀਡਰ ਅਯਾਤੁੱਲਾ ਅਲੀ ਖਾਮੇਨੇਈ ਨੇ ਦੋਸ਼ ਲਾਇਆ ਕਿ ਟਰੰਪ ਦੇ ਹੱਥ ‘ਈਰਾਨੀਆਂ ਦੇ ਖੂਨ ਨਾਲ ਰੰਗੇ’ ਹਨ। ਈਰਾਨ ਦੇ ਸਰਕਾਰੀ ਟੈਲੀਵਿਜ਼ਨ ਵਲੋਂ ਪ੍ਰਸਾਰਿਤ ਫੁਟੇਜ ਵਿਚ ਉਨ੍ਹਾਂ ਦੇ ਸਮਰਥਕ ‘ਅਮਰੀਕਾ ਨੂੰ ਮੌਤ!’ ਦੇ ਨਾਅਰੇ ਲਗਾ ਰਹੇ ਸਨ।
ਖਾਮੇਨੀ ਨੇ ਟਰੰਪ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਪ੍ਰਦਰਸ਼ਨਕਾਰੀ ‘‘ਕਿਸੇ ਹੋਰ ਦੇਸ਼ ਦੇ ਰਾਸ਼ਟਰਪਤੀ ਨੂੰ ਖੁਸ਼ ਕਰਨ ਲਈ ਅਪਣੀਆਂ ਸੜਕਾਂ ਬਰਬਾਦ ਕਰ ਰਹੇ ਹਨ।’’ ਵਾਸ਼ਿੰਗਟਨ ਵਲੋਂ ਤੁਰਤ ਕੋਈ ਜਵਾਬ ਨਹੀਂ ਮਿਲਿਆ, ਹਾਲਾਂਕਿ ਟਰੰਪ ਨੇ ਪ੍ਰਦਰਸ਼ਨਕਾਰੀ ਮਾਰੇ ਜਾਣ ਉਤੇ ਈਰਾਨ ਉਤੇ ਹਮਲਾ ਕਰਨ ਦੇ ਅਪਣੇ ਵਾਅਦੇ ਨੂੰ ਦੁਹਰਾਇਆ।
ਈਰਾਨ ਦੀ ਧਰਮਸ਼ਾਹੀ ਨੇ ਦੇਸ਼ ਅੰਦਰ ਇੰਟਰਨੈਟ ਅਤੇ ਕੌਮਾਂਤਰੀ ਟੈਲੀਫੋਨ ਕਾਲਾਂ ਨੂੰ ਬੰਦ ਕਰ ਦਿਤਾ ਹੈ। ਹਾਲਾਂਕਿ ਇਸ ਦੇ ਬਾਵਜੂਦ, ਕਾਰਕੁਨਾਂ ਵਲੋਂ ਸਾਂਝੇ ਕੀਤੇ ਗਏ ਛੋਟੇ ਆਨਲਾਈਨ ਵੀਡੀਉਜ਼ ਵਿਚ ਸ਼ੁਕਰਵਾਰ ਸਵੇਰੇ ਰਾਜਧਾਨੀ ਤਹਿਰਾਨ ਅਤੇ ਹੋਰ ਖੇਤਰਾਂ ਦੀਆਂ ਸੜਕਾਂ ਉਤੇ ਮਲਬਾ ਫੈਲਿਆ ਹੋਇਆ ਵਿਖਾਈ ਦੇ ਰਿਹਾ ਹੈ। ਈਰਾਨ ਦੇ ਸਰਕਾਰੀ ਮੀਡੀਆ ਨੇ ਦੋਸ਼ ਲਾਇਆ ਕਿ ਅਮਰੀਕਾ ਅਤੇ ਇਜ਼ਰਾਈਲ ਦੇ ਅਤਿਵਾਦੀ ਏਜੰਟਾਂ ਨੇ ਇਹ ਹਿੰਸਾ ਭੜਕਾਈ ਹੈ। ਇਸ ਨੇ ਵੇਰਵੇ ਦਿਤੇ ਬਗੈਰ ਇਹ ਵੀ ਕਿਹਾ ਕਿ ‘ਜਾਨੀ ਨੁਕਸਾਨ’ ਹੋਇਆ ਹੈ।
ਇਹ ਵਿਰੋਧ ਪ੍ਰਦਰਸ਼ਨ ਇਸ ਗੱਲ ਦਾ ਪਹਿਲਾ ਇਮਤਿਹਾਨ ਵੀ ਹੈ ਕੀ ਈਰਾਨੀ ਜਨਤਾ ਕ੍ਰਾਊਨ ਪ੍ਰਿੰਸ ਰੇਜ਼ਾ ਪਹਿਲਵੀ ਤੋਂ ਪ੍ਰਭਾਵਤ ਹੋ ਸਕਦੀ ਹੈ, ਜਿਸ ਦੇ ਗੰਭੀਰ ਬਿਮਾਰ ਪਿਤਾ 1979 ਦੇ ਇਸਲਾਮਿਕ ਇਨਕਲਾਬ ਤੋਂ ਠੀਕ ਪਹਿਲਾਂ ਈਰਾਨ ਤੋਂ ਭੱਜ ਗਏ ਸਨ। ਵੀਰਵਾਰ ਰਾਤ ਨੂੰ ਵਿਰੋਧ ਪ੍ਰਦਰਸ਼ਨਾਂ ਦਾ ਸੱਦਾ ਦੇਣ ਵਾਲੇ ਪਹਿਲਵੀ ਨੇ ਵੀ ਇਸੇ ਤਰ੍ਹਾਂ ਸ਼ੁਕਰਵਾਰ ਰਾਤ 8 ਵਜੇ ਪ੍ਰਦਰਸ਼ਨਾਂ ਦਾ ਸੱਦਾ ਦਿਤਾ ਹੈ।
ਅਮਰੀਕਾ ਸਥਿਤ ਮਨੁੱਖੀ ਅਧਿਕਾਰ ਕਾਰਕੁਨਾਂ ਦੀ ਨਿਊਜ਼ ਏਜੰਸੀ ਨੇ ਕਿਹਾ ਕਿ ਪ੍ਰਦਰਸ਼ਨਾਂ ਦੇ ਆਲੇ-ਦੁਆਲੇ ਹਿੰਸਾ ਵਿਚ ਹੁਣ ਤਕ ਘੱਟੋ-ਘੱਟ 42 ਲੋਕਾਂ ਦੀ ਮੌਤ ਹੋ ਚੁਕੀ ਹੈ ਜਦਕਿ 2,270 ਤੋਂ ਵੱਧ ਲੋਕਾਂ ਨੂੰ ਹਿਰਾਸਤ ਵਿਚ ਲਿਆ ਗਿਆ ਹੈ।
ਚਸ਼ਮਦੀਦਾਂ ਨੇ ਦਸਿਆ ਕਿ ਵੀਰਵਾਰ ਰਾਤ 8 ਵਜੇ ਤਹਿਰਾਨ ਦੇ ਗੁਆਂਢ ਵਿਚ ਲਗ ਰਹੇ ਨਾਅਰਿਆਂ ਵਿਚ ‘ਤਾਨਾਸ਼ਾਹ ਦੀ ਮੌਤ!’ ਅਤੇ ‘ਇਸਲਾਮਿਕ ਗਣਰਾਜ ਦੀ ਮੌਤ!’ ਸ਼ਾਮਲ ਸਨ! ਜਦਕਿ ਕੁੱਝ ਲੋਕਾਂ ਨੇ ਸ਼ਾਹ ਦੀ ਪ੍ਰਸ਼ੰਸਾ ਕੀਤੀ, ਅਤੇ ਕਿਹਾ, ‘‘ਇਹ ਆਖਰੀ ਲੜਾਈ ਹੈ! ਪਹਿਲਵੀ ਵਾਪਸ ਆ ਜਾਵੇਗਾ!’’ ਪ੍ਰਦਰਸ਼ਨਕਾਰੀਆਂ ਨੇ ਯੂਰਪੀਅਨ ਨੇਤਾਵਾਂ ਨੂੰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਸ਼ਾਮਲ ਹੋਣ ਦਾ ਵਾਅਦਾ ਕਰਨ ਦੀ ਅਪੀਲ ਵੀ ਕੀਤੀ।
ਈਰਾਨ ਨੂੰ ਹਾਲ ਹੀ ਦੇ ਸਾਲਾਂ ਵਿਚ ਦੇਸ਼ ਵਿਆਪੀ ਵਿਰੋਧ ਪ੍ਰਦਰਸ਼ਨਾਂ ਦਾ ਸਾਹਮਣਾ ਕਰਨਾ ਪਿਆ ਹੈ। ਜਿਵੇਂ ਕਿ ਪਾਬੰਦੀਆਂ ਸਖਤ ਹੋਈਆਂ ਅਤੇ ਈਰਾਨ 12 ਦਿਨਾਂ ਦੀ ਜੰਗ ਤੋਂ ਬਾਅਦ ਸੰਘਰਸ਼ ਕਰ ਰਿਹਾ ਸੀ, ਦਸੰਬਰ ਵਿਚ ਇਸ ਦੀ ਰਿਆਲ ਕਰੰਸੀ ਡਿੱਗ ਕੇ 1.4 ਮਿਲੀਅਨ ਪ੍ਰਤੀ 1 ਡਾਲਰ ਤਕ ਪਹੁੰਚ ਗਈ। ਇਸ ਤੋਂ ਤੁਰਤ ਬਾਅਦ ਵਿਰੋਧ ਪ੍ਰਦਰਸ਼ਨ ਸ਼ੁਰੂ ਹੋ ਗਏ, ਪ੍ਰਦਰਸ਼ਨਕਾਰੀਆਂ ਨੇ ਈਰਾਨ ਦੀ ਧਰਮਸ਼ਾਹੀ ਦੇ ਵਿਰੁਧ ਨਾਅਰੇ ਲਗਾਏ। ਇਹ ਸਪੱਸ਼ਟ ਨਹੀਂ ਹੈ ਕਿ ਈਰਾਨੀ ਅਧਿਕਾਰੀਆਂ ਨੇ ਅਜੇ ਤਕ ਪ੍ਰਦਰਸ਼ਨਕਾਰੀਆਂ ਉਤੇ ਸਖਤ ਕਾਰਵਾਈ ਕਿਉਂ ਨਹੀਂ ਕੀਤੀ ਹੈ।
ਪ੍ਰਦਰਸ਼ਨਕਾਰੀਆਂ ਦੀ ਮੌਤ ਨੂੰ ਲੈ ਕੇ ਟਰੰਪ ਨੇ ਦਿਤੀ ਧਮਕੀ
ਟਰੰਪ ਨੇ ਪਿਛਲੇ ਹਫਤੇ ਚੇਤਾਵਨੀ ਦਿਤੀ ਸੀ ਕਿ ਜੇ ਤਹਿਰਾਨ ‘ਸ਼ਾਂਤਮਈ ਪ੍ਰਦਰਸ਼ਨਕਾਰੀਆਂ ਨੂੰ ਹਿੰਸਕ ਢੰਗ ਨਾਲ ਮਾਰਦਾ ਹੈ’ ਤਾਂ ਅਮਰੀਕਾ ‘ਉਨ੍ਹਾਂ ਦੇ ਬਚਾਅ ਲਈ ਅੱਗੇ ਆਵੇਗਾ।’ ਵੀਰਵਾਰ ਨੂੰ ਪ੍ਰਸਾਰਿਤ ਟਾਕ ਸ਼ੋਅ ਦੇ ਮੇਜ਼ਬਾਨ ਹਿਊਗ ਹੇਵਿਟ ਨਾਲ ਇਕ ਇੰਟਰਵਿਊ ’ਚ, ਟਰੰਪ ਨੇ ਅਪਣੇ ਵਾਅਦੇ ਨੂੰ ਦੁਹਰਾਇਆ। ਟਰੰਪ ਨੇ ਕਿਹਾ, ‘‘ਈਰਾਨ ਨੂੰ ਜ਼ੋਰਦਾਰ ਢੰਗ ਨਾਲ ਕਿਹਾ ਗਿਆ ਹੈ ਕਿ ਜੇਕਰ ਉਹ ਪ੍ਰਦਰਸ਼ਨਕਾਰੀਆਂ ਉਤੇ ਸ਼ਖਤ ਕਾਰਵਾਈ ਕਰਦੇ ਹਨ ਤਾਂ ਉਨ੍ਹਾਂ ਨੂੰ ਇਸ ਦਾ ਵੱਡਾ ਮੁੱਲ ਤਾਰਨਾ ਪਵੇਗਾ।’’
ਈਰਾਨ ਦੀ ਨਿਆਂਪਾਲਿਕਾ ਮੁਖੀ ਨੇ ਪ੍ਰਦਰਸ਼ਨਕਾਰੀਆਂ ਨੂੰ ‘ਫੈਸਲਾਕੁੰਨ’ ਸਜ਼ਾ ਦੇਣ ਦੀ ਸਹੁੰ ਖਾਧੀ
ਦੁਬਈ : ਈਰਾਨ ਦੀ ਨਿਆਂਪਾਲਿਕਾ ਮੁਖੀ ਨੇ ਸ਼ੁਕਰਵਾਰ ਨੂੰ ਸਹੁੰ ਖਾਧੀ ਕਿ ਪ੍ਰਦਰਸ਼ਨਕਾਰੀਆਂ ਲਈ ਸਜ਼ਾ ਫੈਸਲਾਕੁੰਨ, ਵੱਧ ਤੋਂ ਵੱਧ ਅਤੇ ਬਿਨਾਂ ਕਿਸੇ ਕਾਨੂੰਨੀ ਢਿੱਲ ਦੇ ਹੋਵੇਗੀ। ਈਰਾਨ ਦੇ ਸਰਕਾਰੀ ਟੈਲੀਵਿਜ਼ਨ ਵਲੋਂ ਰੀਪੋਰਟ ਕੀਤੀ ਗਈ ਇਹ ਟਿਪਣੀ ਗੁਲਾਮਹੁਸੈਨ ਮੋਹਸੇਨੀ-ਏਜੇਈ ਦੀ ਹੈ। ਇਸ ਨੇ ਪ੍ਰਦਰਸ਼ਨਕਾਰੀਆਂ ਵਿਰੁਧ ਆਉਣ ਵਾਲੀ ਕਾਰਵਾਈ ਦਾ ਸੰਕੇਤ ਦਿਤਾ।