ਨਿਊਯਾਰਕ : ਸ਼ਰਾਬ ਪੀ ਕੇ ਦੋ ਜਣਿਆਂ ਦਰੜਨ ਦੇ ਮਾਮਲੇ ਵਿਚ ਪੰਜਾਬੀ ਮੂਲ ਦੇ ਵਿਅਕਤੀ ਨੂੰ 25 ਸਾਲ ਦੀ ਸਜ਼ਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਹਾਦਸੇ ਵਿਚ 14 ਸਾਲ ਦੇ ਬੱਚੇ ਸਮੇਤ 2 ਦੀ ਹੋਈ ਸੀ ਮੌਤ

photo

ਨਿਊਯਾਰਕ, 8 ਫ਼ਰਵਰੀ : ਅਮਰੀਕਾ ’ਚ ਭਾਰਤੀ ਮੂਲ ਦੇ 36 ਸਾਲ ਦੇ ਨੌਜੁਆਨ ਨੂੰ ਸ਼ਰਾਬ ਪੀ ਕੇ 150 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਨਾਲ ਗੱਡੀ ਚਲਾਉਣ ਅਤੇ ਕੋਕੀਨ ਪੀਣ ਦੇ ਦੋਸ਼ ’ਚ 25 ਸਾਲ ਤਕ ਦੀ ਸਜ਼ਾ ਸੁਣਾਈ ਗਈ ਹੈ। ਇਹ ਹਾਦਸਾ 2023 ’ਚ ਨਿਊਯਾਰਕ ਦੇ ਲੌਂਗ ਆਈਲੈਂਡ ’ਤੇ ਹੋਇਆ ਸੀ।

ਨਿਊਯਾਰਕ ਪੋਸਟ ਦੀ ਖਬਰ ਮੁਤਾਬਕ ਅਮਨਦੀਪ ਸਿੰਘ ਨੂੰ ਨਾਸਾਓ ਕਾਊਂਟੀ ਵਿਚ ਸ਼ਰਾਬ ਪੀ ਕੇ ਗੱਡੀ ਚਲਾਉਣ ਦੇ ਹਾਦਸੇ ਵਿਚ 14 ਸਾਲ ਦੇ ਈਥਨ ਫਾਲਕੋਵਿਟਜ਼ ਅਤੇ ਡ੍ਰਿਊ ਹਸੇਨਬੇਨ ਦੀ ਮੌਤ ਦੇ ਮਾਮਲੇ ਵਿਚ ਸ਼ੁਕਰਵਾਰ ਨੂੰ ਸਾਢੇ ਅੱਠ ਤੋਂ 25 ਸਾਲ ਕੈਦ ਦੀ ਸਜ਼ਾ ਸੁਣਾਈ ਗਈ।

ਸ਼ੁਕਰਵਾਰ ਨੂੰ ਮਿਨੋਲਾ ’ਚ ਅਦਾਲਤ ’ਚ ਦਾਖਲ ਹੋਣ ’ਤੇ ਅਮਨਦੀਪ ਸਿੰਘ ਭਾਵਹੀਣ ਦਿਸ ਰਿਹਾ ਸੀ ਅਤੇ ਪੀੜਤ ਪਰਵਾਰਕ ਮੈਂਬਰਾਂ ਨੂੰ ਮੁਸ਼ਕਿਲ ਨਾਲ ਪਛਾਣ ਸਕਿਆ। ਰੀਪੋਰਟ ਵਿਚ ਕਿਹਾ ਗਿਆ ਹੈ ਕਿ 3 ਮਈ, 2023 ਨੂੰ ਰੋਸਲਿਨ ਮਿਡਲ ਸਕੂਲ ਦੇ ਅੱਠਵੀਂ ਜਮਾਤ ਦੇ ਵਿਦਿਆਰਥੀਆਂ ਫਾਲਕੋਵਿਟਜ਼ ਅਤੇ ਹਸੇਨਬੇਨ ਦੀ ਮੌਤ ਦੇ ਮਾਮਲੇ ਵਿਚ ਅਮਨਦੀਪ ਸਿੰਘ ਨੂੰ 25 ਸਾਲ ਤਕ ਦੀ ਸਜ਼ਾ ਸੁਣਾਏ ਜਾਣ ਤੋਂ ਬਾਅਦ ਸੈਂਕੜੇ ਦੋਸਤ ਅਤੇ ਪਿਆਰੇ ਨਾਸਾਓ ਕਾਊਂਟੀ ਕੋਰਟ ਰੂਮ ਵਿਚ ਇਕੱਠੇ ਹੋਏ।

ਡ੍ਰਿਊ ਦੇ ਪਿਤਾ ਮਿਚ ਹਸੇਨਬੇਨ ਨੇ ਅਦਾਲਤ ’ਚ ਕਿਹਾ, ‘‘ਅਪਣੇ ਬੇਟੇ ਨੂੰ ਸਕੂਲ ਤੋਂ ਲੈ ਕੇ ਆਉਣ ਦੀ ਬਜਾਏ ਮੈਨੂੰ ਮੁਰਦਾਘਰ ’ਚ ਉਸ ਦੀ ਪਛਾਣ ਕਰਨੀ ਪਈ। ਸ਼ੈਤਾਨ ਬੰਦਾ। ਹੁਣ ਜਾ ਕੇ ਤੈਨੂੰ ਪਛਤਾਵਾ ਹੋ ਰਿਹਾ ਹੈ।’’ ਅਮਨਦੀਪ ਸਿੰਘ ਨੇ ਪਹਿਲੀ ਵਾਰ ਅਦਾਲਤ ’ਚ ਬੋਲਦਿਆਂ ਅਪਣੇ ਕੰਮਾਂ ਨੂੰ ਮੂਰਖਤਾ ਅਤੇ ਸੁਆਰਥ ਦਾ ਪ੍ਰਤੀਕ ਦਸਿਆ। ਉਸ ਨੇ ਕਿਹਾ, ‘‘ਇਹ ਸੱਭ ਮੇਰੀ ਗਲਤੀ ਸੀ। ਇਕ ਬੱਚੇ ਨੂੰ ਗੁਆਉਣਾ ਸੱਭ ਤੋਂ ਵੱਡਾ ਦੁੱਖ ਹੈ। ਮੈਂ ਬਹੁਤ ਵੱਡਾ ਪਾਪ ਕੀਤਾ ਹੈ। ਜੇਕਰ ਕਿਸੇ ਦੀ ਮੌਤ ਹੋਣੀ ਚਾਹੀਦੀ ਸੀ ਤਾਂ ਉਹ ਮੈਨੂੰ ਹੀ ਮਰਨਾ ਚਾਹੀਦਾ ਸੀ।’’


ਸੀ.ਬੀ.ਐਸ. ਨਿਊਜ਼ ਦੀ ਰੀਪੋਰਟ ਮੁਤਾਬਕ ਮਈ 2023 ’ਚ ਦੋਵੇਂ ਟੈਨਿਸ ਸਟਾਰ ਜੈਰੀਕੋ ਦੇ ਨਾਰਥ ਬ੍ਰੌਡਵੇਅ ’ਤੇ ਟੈਨਿਸ ਟੂਰਨਾਮੈਂਟ ਜਿੱਤਣ ਲਈ ਦਿਤੇ ਡਿਨਰ ਮਗਰੋਂ ਘਰ ਜਾ ਰਹੇ ਸਨ, ਜਦੋਂ ਪੁਲਿਸ ਦਾ ਕਹਿਣਾ ਹੈ ਕਿ ਅਮਨਦੀਪ ਸਿੰਘ ਨੇ 95 ਮੀਲ ਪ੍ਰਤੀ ਘੰਟਾ (150 ਕਿਲੋਮੀਟਰ ਪ੍ਰਤੀ ਘੰਟਾ) ਦੀ ਰਫਤਾਰ ਨਾਲ ਅਪਣਾ ਪਿਕਅਪ ਟਰੱਕ ਗਲਤ ਤਰੀਕੇ ਨਾਲ ਚਲਾਇਆ ਅਤੇ ਲੜਕਿਆਂ ਦੀ ਕਾਰ ਨੂੰ ਟੱਕਰ ਮਾਰ ਦਿਤੀ, ਜਿਸ ਨਾਲ ਦੋ ਮਿਡਲ ਸਕੂਲੀ ਵਿਦਿਆਰਥੀਆਂ ਦੀ ਮੌਤ ਹੋ ਗਈ ਅਤੇ ਦੋ ਹੋਰ ਨੌਜੁਆਨ ਜ਼ਖਮੀ ਹੋ ਗਏ। 


ਨਿਊਯਾਰਕ ਪੋਸਟ ਦੀ ਖਬਰ ਮੁਤਾਬਕ ਅਮਨਦੀਪ ਸਿੰਘ ਸ਼ਰਾਬੀ ਸੀ ਅਤੇ ਉਸ ਦੇ ਖੂਨ ’ਚ ਅਲਕੋਹਲ ਦੀ ਮਾਤਰਾ .15 ਸੀ, ਜੋ ਕਾਨੂੰਨੀ ਹੱਦ ਤੋਂ ਲਗਭਗ ਦੁੱਗਣੀ ਸੀ। ਦੋ ਬੱਚਿਆਂ ਦਾ ਪਿਤਾ ਅਮਨਦੀਪ ਸਿੰਘ ਬਾਅਦ ’ਚ ਮੌਕੇ ਤੋਂ ਭੱਜ ਗਿਆ ਅਤੇ ਨੇੜਲੇ ਸ਼ਾਪਿੰਗ ਸੈਂਟਰ ’ਚ ਇਕ ਡੰਪਸਟਰ ਦੇ ਪਿੱਛੇ ਲੁਕ ਗਿਆ ਜਿੱਥੇ ਪੁਲਿਸ ਨੇ ਉਸ ਨੂੰ ਫੜ ਲਿਆ। ਸਰਕਾਰੀ ਵਕੀਲਾਂ ਨੇ ਕਿਹਾ ਕਿ ਅਮਨਦੀਪ ਸਿੰਘ ਇੰਨਾ ਸ਼ਰਾਬੀ ਸੀ ਕਿ ਉਸ ਨੇ ਸੋਚਿਆ ਕਿ ਉਹ ਨਿਊ ਜਰਸੀ ਵਿਚ ਹੈ।     (ਪੀਟੀਆਈ)