ਉੱਤਰੀ ਕੋਰੀਆ ਨੇ ਆਪਣੇ ਪ੍ਰਮਾਣੂ ਗਤੀਵਿਧੀਆ ਨੂੰ ਵਧਾਉਣ ਦਾ ਕੀਤਾ ਐਲਾਨ, ਦੱਖਣੀ ਕੋਰੀਆ, ਜਾਪਾਨ ਅਤੇ ਅਮਰੀਕਾ ਨੂੰ ਦਿੱਤੀ ਧਮਕੀ
ਕਿਮ ਨੇ ਅਮਰੀਕਾ 'ਤੇ ਖੇਤਰੀ ਤਣਾਅ ਵਧਾਉਣ ਦਾ ਲਗਾਇਆ ਇਲਜ਼ਾਮ
ਗਯਾਂਗ: ਉੱਤਰੀ ਕੋਰੀਆ ਦੇ ਸ਼ਾਸਕ ਕਿਮ ਜੋਂਗ ਉਨ ਨੇ ਇੱਕ ਵਾਰ ਫਿਰ ਦੱਖਣੀ ਕੋਰੀਆ, ਜਾਪਾਨ ਅਤੇ ਅਮਰੀਕਾ 'ਤੇ ਆਪਣਾ ਗੁੱਸਾ ਕੱਢਿਆ ਹੈ। ਕਿਮ ਨੇ ਕਿਹਾ ਕਿ ਇਹ ਦੇਸ਼ ਉੱਤਰੀ ਕੋਰੀਆ ਨੂੰ ਕਮਜ਼ੋਰ ਕਰਨ ਲਈ ਆਪਣੀ ਫੌਜੀ ਭਾਈਵਾਲੀ ਵਧਾ ਰਹੇ ਹਨ। ਅਜਿਹੀ ਸਥਿਤੀ ਵਿੱਚ, ਉੱਤਰੀ ਕੋਰੀਆ ਕਿਸੇ ਵੀ ਸੰਭਾਵੀ ਖ਼ਤਰੇ ਨਾਲ ਨਜਿੱਠਣ ਲਈ ਆਪਣੇ ਪ੍ਰਮਾਣੂ ਹਥਿਆਰ ਪ੍ਰੋਗਰਾਮ ਨੂੰ ਮਜ਼ਬੂਤ ਕਰੇਗਾ। ਉੱਤਰੀ ਕੋਰੀਆ ਦਾ ਦੱਖਣੀ ਕੋਰੀਆ, ਅਮਰੀਕਾ ਅਤੇ ਜਾਪਾਨ ਨਾਲ ਤਣਾਅ ਨਵਾਂ ਨਹੀਂ ਹੈ ਪਰ ਕਿਮ ਦਾ ਮੌਜੂਦਾ ਬਿਆਨ ਮਹੱਤਵਪੂਰਨ ਹੈ। ਇਹ ਬਿਆਨ ਅਜਿਹੇ ਸਮੇਂ ਆਇਆ ਹੈ ਜਦੋਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਉੱਤਰੀ ਕੋਰੀਆ ਨਾਲ ਸਬੰਧ ਸੁਧਾਰਨ ਦੇ ਸੰਕੇਤ ਦਿੱਤੇ ਹਨ।
ਕਿਮ ਜੋਂਗ ਉਨ ਨੇ ਅਮਰੀਕਾ, ਜਾਪਾਨ ਅਤੇ ਦੱਖਣੀ ਕੋਰੀਆ ਵਿਚਕਾਰ ਫੌਜੀ ਸਹਿਯੋਗ ਦੀ ਨਿੰਦਾ ਕੀਤੀ ਹੈ, ਇਸਨੂੰ ਖੇਤਰੀ ਤਣਾਅ ਵਧਾਉਣ ਵਾਲਾ ਦੱਸਿਆ ਹੈ। ਉੱਤਰੀ ਕੋਰੀਆਈ ਮੀਡੀਆ ਦੇ ਅਨੁਸਾਰ, ਕਿਮ ਨੇ ਕਿਹਾ ਕਿ ਅਮਰੀਕਾ ਦੁਆਰਾ ਪ੍ਰਮਾਣੂ ਹਥਿਆਰਾਂ ਦੀ ਤਾਇਨਾਤੀ, ਸਾਂਝੇ ਯੁੱਧ ਅਭਿਆਸ ਅਤੇ ਜਾਪਾਨ-ਦੱਖਣੀ ਕੋਰੀਆ ਫੌਜੀ ਸਹਿਯੋਗ ਖੇਤਰ ਵਿੱਚ ਫੌਜੀ ਸੰਤੁਲਨ ਨੂੰ ਵਿਗਾੜ ਰਹੇ ਹਨ। ਇਹ ਸਾਡੀ ਸੁਰੱਖਿਆ ਲਈ ਗੰਭੀਰ ਖ਼ਤਰਾ ਪੈਦਾ ਕਰ ਸਕਦਾ ਹੈ। ਅਜਿਹੀ ਸਥਿਤੀ ਵਿੱਚ, ਅਸੀਂ ਇਸ ਦੇ ਜਵਾਬ ਵਿੱਚ ਹਰ ਸੰਭਵ ਕਦਮ ਚੁੱਕਾਂਗੇ। ਇਨ੍ਹਾਂ ਕਦਮਾਂ ਵਿੱਚ ਪ੍ਰਮਾਣੂ ਸਮਰੱਥਾ ਦਾ ਵਿਸਥਾਰ ਵੀ ਸ਼ਾਮਲ ਹੈ।
'ਅਸੀਂ ਤਣਾਅ ਨਹੀਂ ਚਾਹੁੰਦੇ ਪਰ'
ਕਿਮ ਜੋਂਗ ਉਨ ਨੇ ਕਿਹਾ ਕਿ ਉਨ੍ਹਾਂ ਦਾ ਦੇਸ਼ ਖੇਤਰੀ ਤਣਾਅ ਨਹੀਂ ਚਾਹੁੰਦਾ ਪਰ ਖੇਤਰੀ ਫੌਜੀ ਸੰਤੁਲਨ ਯਕੀਨੀ ਬਣਾਉਣ ਲਈ ਕਦਮ ਚੁੱਕਣੇ ਜ਼ਰੂਰੀ ਹਨ। ਮਾਸਕੋ ਨੂੰ ਸਮਰਥਨ ਦੇਣ ਬਾਰੇ, ਕਿਮ ਨੇ ਕਿਹਾ ਕਿ ਸਾਡੀ ਫੌਜ ਅਤੇ ਲੋਕ ਰੂਸ ਦੀ ਪ੍ਰਭੂਸੱਤਾ, ਸੁਰੱਖਿਆ ਅਤੇ ਖੇਤਰੀ ਅਖੰਡਤਾ ਦੀ ਰੱਖਿਆ ਲਈ ਰੂਸੀ ਫੌਜ ਅਤੇ ਲੋਕਾਂ ਦੇ ਜਾਇਜ਼ ਉਦੇਸ਼ ਦਾ ਸਮਰਥਨ ਕਰਨਗੇ।